ਐਨ ਐਮ ਐਮ ਐਸ: ਕੰਨਿਆ ਸਕੂਲ ਬਰਨਾਲਾ ਦੀ ਹੁਸਨਪ੍ਰੀਤ ਕੌਰ ਪੰਜਾਬ ਭਰ ‘ਚੋਂ ਮੋਹਰੀ
ਤੀਸਰੀ ਅਤੇ ਚੌਥੀ ਪੁਜੀਸ਼ਨ ‘ਤੇ ਵੀ ਕੰਨਿਆ ਸਕੂਲ ਦਾ ਕਬਜ਼ਾ
ਰਘਵੀਰ ਹੈਪੀ, ਬਰਨਾਲਾ, 2 ਜੁਲਾਈ 2024
ਐਨ ਐਮ ਐਮ ਐਸ ਪ੍ਰੀਖਿਆ ਦੇ ਅੱਜ ਐਲਾਨੇ ਨਤੀਜਿਆਂ ‘ਚ ਕੰਨਿਆ ਸਕੂਲ ਬਰਨਾਲਾ ਦੀ ਵਿਦਿਆਰਥਣ ਹੁਸਨਪ੍ਰੀਤ ਕੌਰ ਨੇ ਪੂਰੇ ਪੰਜਾਬ ‘ਚੋਂ ਪਹਿਲਾ ਸਥਾਨ ਮੱਲਿਆ ਹੈ। ਹੁਸਨਪ੍ਰੀਤ ਕੌਰ ਦੇ ਪਿਤਾ ਭੁਪਿੰਦਰ ਸਿੰਘ ਭਿੰਦੀ ਨਗਰ ਕੌਂਸਲ ਬਰਨਾਲਾ ਦੇ ਕੌਂਸਲਰ ਹਨ।
ਨਤੀਜਿਆਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕੰਨਿਆ ਸਕੂਲ ਬਰਨਾਲਾ ਦੀ ਪ੍ਰਿੰਸੀਪਲ ਸ਼੍ਰੀਮਤੀ ਵਿਨਸੀ ਜਿੰਦਲ ਨੇ ਦੱਸਿਆ ਕਿ ਸਕੂਲ ਦੀਆਂ 17 ਲੜਕੀਆਂ ਨੇ ਇਸ ਮੈਰਿਟ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਹੁਸਨਪ੍ਰੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਬਰਨਾਲਾ ਨੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਤੀਸਰੀ ਅਤੇ ਚੌਥੀ ਪੁਜੀਸ਼ਨ ‘ਤੇ ਵੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਹੀ ਕਬਜ਼ਾ ਕੀਤਾ ਹੈ।
ਜ਼ਿਲ੍ਹਾ ਬਰਨਾਲਾ ਦੀਆਂ ਪਹਿਲੀਆਂ 12 ਪੁਜੀਸ਼ਨਾਂ ਵੀ ਕੰਨਿਆ ਸਕੂਲ ਬਰਨਾਲਾ ਦੀਆਂ ਵਿਦਿਆਰਥਣਾਂ ਨੇ ਹੀ ਹਾਸਲ ਕੀਤੀਆਂ ਹਨ। ਪ੍ਰਿੰਸੀਪਲ ਮੈਡਮ ਵਲੋਂ ਇਸ ਸਫਲਤਾ ਲਈ ਬੱਚਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ। ਓਹਨਾਂ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿੱਚ ਇਸ ਪ੍ਰੀਖਿਆ ਦੀ ਤਿਆਰੀ ਲਈ ਵਿਸ਼ੇਸ਼ ਕੋਚਿੰਗ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਪੰਕਜ ਗੋਇਲ ਸ ਸ ਮਾਸਟਰ ਬੱਚਿਆਂ ਨੂੰ ਸਰਦੀ ਦੀਆਂ ਛੁੱਟੀਆਂ ਵਿੱਚ ਵੀ ਇਸ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਰਹੇ ਹਨ। ਜਿਸ ਦੀ ਬਦੌਲਤ ਪਿਛਲੇ ਸਾਲ ਵੀ ਇਸੇ ਸਕੂਲ ਦੀ ਜਸਲੀਨ ਕੌਰ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਮੱਲਿਆ ਸੀ। ਉਨ੍ਹਾਂ ਦੱਸਿਆ ਕਿ ਮਾਧਵੀ ਤ੍ਰਿਪਾਠੀ, ਨੀਰਜ ਰਾਣੀ ਸਾਇੰਸ ਅਧਿਆਪਕਾ, ਕਮਲਦੀਪ ਮੈਥ ਮਿਸਟ੍ਰੈਸ ਨੇ ਵੀ ਬੱਚਿਆਂ ਦੀਆਂ ਵਿਸ਼ੇਸ਼ ਕਲਾਸਾਂ ਲਗਾਈਆਂ। ਕੌਸਲਰ ਭੁਪਿੰਦਰ ਸਿੰਘ ਭਿੰਦੀ ਅਤੇ ਉਨਾਂ ਦੀ ਪਤਨੀ ਜਸਦੇਵ ਕੌਰ ਨੇ ਆਪਣੀ ਧੀ ਹੁਸਨਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੀ ਪ੍ਰਾਪਤੀ ਤੇ ਫਖਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਟੀ ਨੇ ਸਖਤ ਮਿਹਨਤ ਅਤੇ ਆਪਣੇ ਸਕੂਲ ਅਧਿਆਪਕਾਂ ਦੀ ਬਦੌਲਤ ਹੀ ਇਹ ਮਾਣ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਵੀ, ਹਮੇਸ਼ਾ ਉਸ ਨੂੰ ਸਖਤ ਮਿਹਨਤ ਅਤੇ ਲਗਨ ਨਾਲ ਹੀ ਅੱਗੇ ਵਧਣ ਲਈ ਹੀ ਪ੍ਰੇਰਿਆ ਹੈ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਾਡੀ ਧੀ ਸਾਡਾ ਮਾਣ ਹੈ।
ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦਿੱਤੀ ਵਧਾਈ
ਸਰਕਾਰੀ ਕੰਨਿਆ ਸਕੂਲ ਦੀ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਵਿਦਿਆਰਥਣ ਹੁਸਨਪ੍ਰੀਤ ਕੌਰ ਅਤੇ ਬਾਕੀ ਪੁਜੀਸ਼ਨਾਂ ‘ਤੇ ਆਈਆਂ ਵਿਦਿਆਰਥਣਾਂ, ਮਾਪਿਆਂ ਅਤੇ ਅਧਿਆਪਕਾਂ ਨੂੰ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਇੰਦੂ ਸਿਮਕ ਨੇ ਵਧਾਈ ਦਿੱਤੀ।
ਕਿਹੜੀ ਪ੍ਰੀਖਿਆ ਹੈ NMMS ,,,
NMMS ਦਾ ਅਰਥ ਹੈ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ। ਇਹ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਵਿੱਚ ਸਹਾਇਤਾ ਕਰਨ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਲਾਗੂ ਕੀਤੀ ਗਈ ਕੇਂਦਰੀ ਸਪਾਂਸਰਡ ਸਕਾਲਰਸ਼ਿਪ ਸਕੀਮ ਹੈ।
ਕੇਂਦਰੀ ਸਪਾਂਸਰ ਸਕੀਮ “ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ (NMMSS)” ਮਈ, 2008 ਵਿੱਚ ਸ਼ੁਰੂ ਕੀਤੀ ਗਈ ਸੀ।
NMMS ਹਰ ਸਾਲ ਚੁਣੇ ਗਏ ਵਿਦਿਆਰਥੀਆਂ ਨੂੰ 12000 ਰੁਪਏ ਪ੍ਰਤੀ ਸਾਲ ਭਾਵ 1000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਕੁੱਲ 100,000 ਵਜ਼ੀਫੇ ਵੰਡਦਾ ਹੈ।
ਕੇਂਦਰੀ ਸਪਾਂਸਰ ਸਕੀਮ “ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਸਕੀਮ (NMMSS)” ਮਈ, 2008 ਵਿੱਚ ਸ਼ੁਰੂ ਕੀਤੀ ਗਈ ਸੀ।
NMMS ਹਰ ਸਾਲ ਚੁਣੇ ਗਏ ਵਿਦਿਆਰਥੀਆਂ ਨੂੰ 12000 ਰੁਪਏ ਪ੍ਰਤੀ ਸਾਲ ਭਾਵ 1000 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਕੁੱਲ 100,000 ਵਜ਼ੀਫੇ ਵੰਡਦਾ ਹੈ।