ਰਾਸ਼ਟਰਪਤੀ ਦੇ ਭਾਸ਼ਣ ‘ਚ ਪੰਜਾਬ ਦਾ ਜਿਕਰ ਨਾ ਹੋਣ ਦਾ ਜ਼ੋਰਦਾਰ ਢੰਗ ਨਾਲ ਉਠਾਇਆ ਮੁੱਦਾ….
ਹਰਿੰਦਰ ਨਿੱਕਾ, ਨਵੀਂ ਦਿੱਲੀ, 2 ਜੁਲਾਈ 2024
ਲੋਕ ਸਭਾ ਦੇ ਪਹਿਲੇ ਹੀ ਸ਼ੈਸ਼ਨ ਵਿੱਚ ਸੰਗਰੂਰ ਸੰਸਦੀ ਹਲਕੇ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਤਿੱਖੇ ਤੇਵਰਾਂ ਨਾਲ ਪੰਜਾਬ ਹਿਤੈਸ਼ੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮੀਤ ਹੇਅਰ ਨੇ ਰਾਸ਼ਟਰਪਤੀ ਦੇ ਭਾਸ਼ਣ ਤੇ ਬੋਲਦਿਆਂ , ਪਹਿਲਾਂ ਤਾਂ ਲੋਕ ਸਭਾ ਹਲਕੇ ਦੇ ਲੋਕਾਂ ਦਾ ਉਨਾਂ ਨੂੰ ਚੁਣ ਕੇ ਸੰਸਦ ਵਿੱਚ ਭੇਜਣ ਲਈ ਧੰਨਵਾਦ ਕੀਤਾ, ਨਾਲ ਹੀ ਮੀਤ ਹੇਅਰ ਨੇ ਸੰਸਦ ਵਿੱਚ ਰਾਸ਼ਟਰਪਤੀ ਵੱਲੋਂ ਦਿੱਤੇ ਭਾਸ਼ਣ ਵਿੱਚ, ਪੰਜਾਬ ਦਾ ਉੱਕਾ ਹੀ ਜ਼ਿਕਰ ਨਾਲ ਕਰਨ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਭਾਰਿਆ। ਇਸ ਮੁੱਦੇ ਨੂੰ ਵਿਸਥਾਰ ਦਿੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ , ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਨਾਲ ਸਮੇਂ ਸਮੇਂ ਤੇ ਹੋਈਆਂ ਜ਼ਿਆਦਤੀਆਂ ਨੂੰ ਇੱਕ ਇੱਕ ਕਰਕੇ, ਸਭਾਪਤੀ ਦੇ ਮਾਧਿਅਮ ਰਾਹੀਂ ਸੱਤਾਧਾਰੀ ਧਿਰ ਦੇ ਕੰਨ੍ਹੀਂ ਪਾਇਆ। ਮੀਤ ਹੇਅਰ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦੀ ਦਿਵਾਉਣ ਲਈ, ਪੰਜਾਬੀਆਂ ਨੇ 80 ਪ੍ਰਤੀਸ਼ਤ ਸ਼ਹੀਦੀਆਂ ਦਿੱਤੀਆਂ, ਜਦੋਂ ਦੇਸ਼ ਦੇ ਲੋਕ ਅਜ਼ਾਦੀ ਦਾ ਜਸ਼ਨ ਮਿਠਾਈਆਂ ਵੰਡ ਕੇ ਮਨਾ ਰਹੇ ਸਨ, ਉਦੋਂ ਵੰਡ ਸਮੇਂ ਲੱਖਾਂ ਪੰਜਾਬੀਆਂ ਦੀਆਂ ਜਾਨਾਂ ਚਲੀਆਂ ਗਈਆਂ। ਵੰਡ ਸਮੇਂ ਸਾਡੇ ਇਤਿਹਾਸਿਕ ਗੁਰੂਘਰਾਂ ਤੋਂ ਇਲਾਵਾ ਅਨੇਕਾ, ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਸਾਡੇ ਤੋਂ ਖੋਹ ਲਈਆਂ ਗਈਆਂ। ਪਰ ਪੰਜਾਬੀਆਂ ਨੇ ਇਨ੍ਹਾਂ ਸਭ ਹੋਣ ਦੇ ਬਾਵਜੂਦ ਸੀ ਨਹੀਂ ਕੀਤੀ ਯਾਨੀ ਦੁੱਖ ਨਹੀਂ ਜਤਾਇਆ। ਅਜਾਦੀ ਵੇਲੇ ਦੇ ਲੀਡਰ, ਪੰਜਾਬੀਆਂ ਤੇ ਪੰਜਾਬ ਦੀ ਕਦਰ ਕਰਦੇ ਸਨ। ਮੀਤ ਹੇਅਰ ਨੇ ਆਪਣੇ ਭਾਸ਼ਣ ਵਿੱਚ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਤੇ ਲੋਹ ਪੁਰਸ਼ ਵੱਲਭ ਭਾਈ ਪਟੇਲ ਦਾ ਉਚੇਚਾ ਜਿਕਰ ਕਰਦਿਆਂ ਕਿਹਾ ਕਿ ਜਦੋਂ ਸਰਦਾਰ ਪਟੇਲ ਨੇ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਭਾਸ਼ਣ ਦਿੱਤਾ, ਤਾਂ ਉਨਾਂ ਕਿਹਾ ਕਿ ਦਿਲੇਰ ਪੰਜਾਬੀਆਂ ਨੇ ਜਿੰਨਾਂ ਦੁੱਖ ਆਪਣੇ ਪਿੰਡੇ ਤੇ ਹੰਡਾਇਆ, ਲਹੂ ਵਹਾਇਆ,ਜਿੱਨ੍ਹੇ ਜਖਮ ਪੰਜਾਬੀਆਂ ਨੂੰ ਮਿਲੇ, ਦੇਸ਼ ਅਜ਼ਾਦੀ ਤੋਂ ਬਾਅਦ ਹੁਣ, ਉਨਾਂ ਜਖਮਾਂ ਨੂੰ ਭਰਨ ਦੀ ਕੋਸ਼ਿਸ਼ ਕਰੇਗਾ, ਮੀਤ ਨੇ ਕਿਹਾ ਕਿ ਸਰਦਾਰ ਪਟੇਲ ਨੇ ਦੁੱਖ ਤਾਂ ਵੰਡਾਇਆ,ਪਰ ਕੇਂਦਰ ਦੀ ਸੱਤਾ ਨੇ ਉਦੋਂ ਤੋਂ ਹੁਣ ਤੱਕ, ਦੁੱਖ ਦੀ ਘੜੀ ਵਿੱਚ ਪੰਜਾਬ ਦੀ ਮੱਦਦ ਨਹੀਂ ਕੀਤੀ।
ਮੀਤ ਹੇਅਰ ਨੇ ਕਿਹਾ ਕਿ ਅਜਾਦੀ ਦੀ ਲੜਾਈ ਸਮੇਂ ਹੀ ਨਹੀਂ, ਅਜਾਦੀ ਤੋਂ ਬਾਅਦ ਅੱਜ ਤੱਕ ਵੀ, ਲੱਗਭੱਗ ਹਰ ਦਿਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ, ਪੰਜਾਬੀਆਂ ਦੀਆਂ ਤਿਰੰਗੇ ਵਿੱਚ ਲਿਪਟੀਆਂ ਲਾਸ਼ਾਂ ਪੰਜਾਬ ਆਉਂਦੀਆਂ ਹਨ। ਉਨਾਂ ਕਿਹਾ ਕਿ ਬੇਸ਼ੱਕ ਸੰਸਦ ਵਿੱਚ ਕੇਂਦਰ ਸਰਕਾਰ ਵੱਲੋਂ ਹੁਣ, ਫੌਜ ਵਿੱਚ ਭਰਤੀ ਹੋਏ ਅਗਨੀਵੀਰਾਂ ਨੂੰ ਸ਼ਹੀਦ ਮੰਲਣ ਦੀ ਗੱਲ ਮੰਨੀ ਹੈ, ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਪਹਿਲੇ ਅਗਨੀਵੀਰ ਸ਼ਹੀਦ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸ਼ਹੀਦ ਮੰਨਦਿਆਂ ਇੱਕ ਕਰੋੜ ਦੀ ਰਾਸ਼ੀ ਭੇਂਟ ਕੀਤੀ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਦੀ ਤਰਫੋਂ ਰਾਸ਼ਟਰਪਤੀ ਵੱਲੋਂ ਦਿੱਤੇ ਭਾਸ਼ਣ ਵਿੱਚ ਅਤੇ ਸੰਤਾਧਾਰੀ ਧਿਰ ਦੇ ਮੈਂਬਰ, ਦੇਸ਼ ਦੇ ਆਤਮਨਿਰਭਰ ਹੋਣ ਦੀ ਗੱਲ ਤਾਂ ਕਰਦੇ ਹਨ, ਪਰ ਇਹ ਨਹੀਂ ਕਹਿੰਦੇ ਕਿ ਦੇਸ਼ ਨੂੰ ਅਨਾਜ਼ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ, ਹਰੀ ਕ੍ਰਾਂਤੀ ਲਿਆਉਣ ਦਾ ਕੰਮ ਪੰਜਾਬ ਦੇ ਕਿਸਾਨਾਂ ਨੇ ਹੀ ਕੀਤਾ ਹੈ। ਮੀਤ ਹੇਅਰ ਨੇ ਕਿਹਾ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਯੋਗਦਾਨ ਪਾਉਣ ਸਮੇਂ, ਪੰਜਾਬ ਦੀ ਧਰਤੀ ਜਹਿਰੀਲੀ ਹੋ ਗਈ। ਪਰ ਹੁਣ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਆਉਣ ਤੋਂ ਬਾਰਡਰਾਂ ਤੇ ਹੀ ਰੋਕਿਆ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ਸਮੇਂ ਦਾ ਖਰਚ ਵੀ ਕੇਂਦਰ ਸਰਕਾਰ ਨੇ, ਪੰਜਾਬ ਦੇ ਖਜਾਨੇ ਤੇ ਹੀ ਪਾਇਆ ਹੈ। ਜਦੋਂਕਿ ਹੋਰਨਾਂ ਰਾਜਾਂ ਨੂੰ ਟੈਕਸ ਰੀਵੇਟ ਅਤੇ ਆਰਥਿਕ ਪੈਕਜ਼ ਦਿੱਤੇ ਜਾ ਰਹੇ ਹਨ। ਪਰੰਤੂ ਦੂਜੇ ਪਾਸੇ ਪੰਜਾਬ ਦੇ ਆਰਡੀਐਫ ਦੇ 6 ਹਜ਼ਾਰ ਕਰੋੜ ਰੁਪਏ ਅਤੇ ਹੋਰ ਬਦਦਾ ਹਿੱਸਾ ਦੇਣ ਤੋਂ ਕਿਨਾਰਾ ਕੀਤਾ ਗਿਆ ਹੈ।
ਮੀਤ ਹੇਅਰ ਨੇ ਕਿਹਾ ਕਿ ਪੰਜਾਬੀਆਂ ਨੇ ਯੁੱਧ ਦੇ ਮੈਦਾਨ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ ਹਨ, ਮੀਤ ਹੇਅਰ ਨੇ ਉਲੰਪਿਕ ਚੋਂ ਟੀਮ ਮੈਡਲ ਜਿੱਤਣ ਵਾਲੇ, ਬਲਵੀਰ ਸਿੰਘ ਸੀਨੀਅਰ, ਨਿਸ਼ਾਨੇਬਾਜ ਅਵਿਨਭ ਬਿੰਦਰਾ, ਹਾਲੀਆ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਕ੍ਰਿਕਟਰ ਅਰਸ਼ਦੀਪ ਸਿੰਘ ਆਦਿ ਹੋਰਨਾਂ ਪੰਜਾਬੀ ਖਿਡਾਰੀਆਂ ਦਾ ਜ਼ਿਕਰ ਕੀਤਾ। ਮੀਤ ਹੇਅਰ ਨੇ ਕਿਹਾ ਕਿ ਪੰਜਾਬੀਆਂ ਨੂੰ ਭੀਖ ਨਹੀਂ ਮੰਗਣੀ ਆਉਂਦੀ, ਮਿਹਨਤ ਨਾਲ ਹੀ ਹਰ ਮੁਕਾਮ ਹਾਸਿਲ ਕਰਦੇ ਹਨ। ਹੁਣ ਵੀ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਂਗ ਵਰਤਾਉ ਕਰ ਰਹੀ ਹੈ। ਅਸੀਂ ਪੰਜਾਬ ਦਾ ਬਣਦਾ ਹੱਕ ਮੰਗਦੇ ਹਾਂ, ਇਹ ਕੋਈ ਭੀਖ ਨਹੀਂ। ਉਨਾਂ ਕਿਹਾ ਕਿ ਪੰਜਾਬ ਨਾਲ ਹੋਏ ਅੱਤਿਆਚਾਰਾਂ ਦੇ ਜਖਮ ਹਾਲੇ ਵੀ ਅੱਲ੍ਹੇ ਹਨ।
ਪੁਰਾਣੀ ਪੈਂਨਸ਼ਨ ਸਕੀਮ ਤੇ ਆਪਣਾ ਰੁਖ ਸਪੱਸ਼ਟ ਕਰੇ,ਕੇਂਦਰ ਸਰਕਾਰ
ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ, ਪੁਰਾਣੀ ਪੈਨਸ਼ਨ ਸਕੀਮ(OPS) ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਮੈਂ ਵੀ ਇੱਕ ਮੁਲਾਜਮ ਦਾ ਪੁੱਤ ਹਾਂ, ਹਰ ਮੁਲਾਜ਼ਮ ਆਪਣੇ ਹਿੱਸਾ ਇਸ ਉਮੀਦ ਨਾਲ ਪਾੁੳੱਦਾ ਹੈ ਕਿ ਰਿਟਾਇਰਮੇਂਟ ਵੇਲੇ, ਉਸ ਨੂੰ ਇਸ ਦਾ ਲਾਭ ਹੋਵੇਗਾ। ਪਰੰਤੂ ਕੇਂਦਰ ਸਰਕਾਰ ਓਪੀਐਸ ਦੇ ਮੁੱਦੇ ਤੇ ਸੂਬਿਆਂ ਨਾਲ ਟਕਰਾਅ ਪੈਦਾ ਕਰ ਰਹੀ ਹੈ,ਉਨਾਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਬਾਰੇ, ਕੇਂਦਰ ਸਰਕਾਰ ਆਪਣਾ ਰੁਖ ਸਪੱਸ਼ਟ ਕਰੇ, ਮੁਲਾਜਮਾਂ ਦਾ ਪੈਸਾ, ਸਰਕਾਰ ਨਿੱਜੀ ਕੰਪਨੀਆਂ ਵਿੱਚ ਲਾ ਰਹੀ ਹੈ, ਜਦੋਂਕਿ ਨੀਰਵ ਮੋਦੀ ਵਰਗੇ ਨਿੱਜੀ ਕੰਪਨੀਆਂ ਵਾਲੇ ਦੇਸ਼ ਛੱਡ ਕੇ ਭੱਜ ਜਾਂਦੇ ਹਨ।