ਨਵਾਂ ਕਾਨੂੰਨ ਲਾਗੂ ਹੋਣ ਦੇ ਪਹਿਲੇ ਹੀ ਦਿਨ ਇੱਕ ਨਿਹੰਗ ਸਿੰਘ ਦੀ ਹੱਤਿਆ…
ਹਰਿੰਦਰ ਨਿੱਕਾ, ਬਰਨਾਲਾ 2 ਜੁਲਾਈ 2024
ਲੰਘੀ ਕੱਲ੍ਹ ਦੇਸ਼ ਅੰਦਰ ਭਾਰਤੀ ਦੰਡ ਸੰਹਿਤਾ (IPC) ਦੀ ਥਾਂ ਨਵੇਂ ਕਾਨੂੰਨ ਭਾਰਤੀ ਨਿਆਂਏ ਸੰਹਿਤਾ (BNS) ਨੇ ਲੈ ਲਈ ਹੈ। ਨਵੇਂ ਕਾਨੂੰਨ ਤਹਿਤ ਬਰਨਾਲਾ ਜਿਲ੍ਹੇ ਅੰਦਰ ਇੱਕ ਨਿਹੰਗ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰਨ ਦੇ ਜ਼ੁਰਮ ਤਹਿਤ ਪੁਲਿਸ ਨੇ ਪਹਿਲੀ ਐਫਆਈਆਰ ਥਾਣਾ ਰੂੜੇਕੇ ਕਲਾਂ ਵਿਖੇ ਦਰਜ ਕੀਤੀ ਹੈ। (First FIR Under New Law In Barnala(Pb) Police Case Registered Under BNS Against Four Accused) ਨਵੇਂ ਕਾਨੂੰਨ ਦੀ ਪਹਿਲੀ ਐਫਆਈਆਰ ਦੇ ਪਹਿਲੇ ਤਫਤੀਸ਼ ਅਧਿਕਾਰੀ ਥਾਣਾ ਰੂੜੇਕੇ ਕਲਾਂ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਬਣੇ ਹਨ। ਪੁਲਿਸ ਨੇ ਮ੍ਰਿਤਕ ਨਿਹੰਗ ਜਸਵਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਕਾਹਨੇਕੇ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਥਾਣਾ ਰੂੜੇਕੇ ਕਲਾਂ ਵਿਖੇ ਭਾਰਤੀ ਨਿਆਂਏ ਸੰਹਿਤਾ (BNS) ਦੀ ਸੈਕਸ਼ਨ 103(1), 3(5) ਤਹਿਤ ਕੇਸ ਰਜਿਸਟਰਡ ਕੀਤਾ ਗਿਆ ਹੈ। ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਇੱਕ ਜੁਲਾਈ ਨੂੰ ਸਿਰਫ ਇੱਕੋ ਹੀ ਐਫਆਈਆਰ ਦਰਜ ਹੋਈ ਹੈ। ਇਸ ਦਾ ਮਤਲਬ ਕਦਾਚਿਤ ਇਹ ਨਹੀਂ ਕਿ ਜਿਲ੍ਹੇ ਅੰਦਰ, ਕਾਨੂੰਨ ਲਾਗੂ ਹੋਣ ਤੋਂ ਬਾਅਦ ਪਹਿਲੇ ਹੀ ਦਿਨ ਜੁਰਮ ਦਰ ਵਿੱਚ ਕਮੀ ਆ ਗਈ, ਇਹ ਜਰੂਰ ਹੈ ਕਿ ਅਪਰਾਧ ਦੀਆਂ ਛੋਟੀਆਂ/ਮੋਟੀਆਂ ਵੱਖ ਵੱਖ ਘਟਨਾਵਾਂ ਤਾਂ ਜਿਲ੍ਹੇ ਅੰਦਰ ਪਹਿਲਾਂ ਦੀ ਤਰਾਂ ਹੀ ਵਾਪਰੀਆਂ ਹੋਣਗੀਆਂ,ਪਰੰਤੂ ਪੁਲਿਸ ਨੇ ਆਪਣੇ ਸੁਭਾਅ ਅਨੁਸਾਰ, ਅਪਰਾਧ ਨੂੰ ਰਜਿਸਟਰਡ ਕਰਨਾ ਵਾਜਿਬ ਨਹੀਂ ਸਮਝਿਆ ਹੋਵੇਗਾ।
ਇਹ ਐ ਪਹਿਲੀ ਐਫ.ਆਈ.ਆਰ ਦੀ ਇਬਾਰਤ..
ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੂੰ ਦਿੱਤੇ ਬਿਆਨ ‘ਚ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਨੇ ਲਿਖਾਇਆ ਕਿ ਮੁਦਈ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਤਿੰਨ ਲੜਕੇ ਜਸਵਿੰਦਰ ਸਿੰਘ, ਜਗਰਾਜ ਸਿੰਘ, ਜਸਪਾਲ ਸਿੰਘ ਹਨ ਅਤੇ ਜਗਰਾਜ ਸਿੰਘ ਅਤੇ ਜਸਪਾਲ ਸਿੰਘ ਸ਼ਾਦੀ ਸ਼ੁਦਾ ਹਨ ਅਤੇ ਇਹ ਮੁਦਈ ਨਾਲ ਆਪਣੇ ਪਰਿਵਾਰ ਸਮੇਤ ਪਿੰਡ ਤੋਂ ਬਾਹਰ ਖੇਤ ਵਿੱਚ ਰਹਿੰਦੇ ਹਨ । ਜਦੋਂਕਿ ਜਸਵਿੰਦਰ ਸਿੰਘ ਦਾ ਵਿਆਹ ਨਹੀਂ ਹੋਇਆ ਸੀ, ਉਹ ਕਰੀਬ 20 ਸਾਲ ਤੋਂ ਬੁੱਢਾ ਦਲ ਨਿਹੰਗ ਸਿੰਘਾਂ ਵਿੱਚ ਸ਼ਾਮਿਲ ਹੋ ਗਿਆ ਸੀ, ਕਰੀਬ 7 ਸਾਲ ਤੋਂ ਉਹ ਪਿੰਡ ਵਿੱਚ ਬਣੇ ਸਾਡੇ ਪੁਰਾਣੇ ਘਰ ਵਿੱਚ ਇਕੱਲਾ ਰਹਿੰਦਾ ਸੀ ਅਤੇ ਆਪਣੀ ਰੋਟੀ ਪਾਣੀ ਆਪ ਹੀ ਬਣਾਉਦਾ ਸੀ। ਮੁਦਈ ਮੁਤਾਬਿਕ ਉਹ ਲੰਘੀ ਕੱਲ੍ਹ ਸੁਭਾ ਵਕਤ ਕਰੀਬ 7 ਵਜੇ ,ਆਪਣੇ ਲੜਕੇ ਜਗਰਾਜ ਸਿੰਘ ਸਮੇਤ ਰੁਟੀਨ ਵਿੱਚ ਹੀ ਆਪਣੇ ਲੜਕੇ ਜਸਵਿੰਦਰ ਸਿੰਘ ਪਾਸ ਪਹੁੰਚੇ। ਉੱਥੇ ਉਨ੍ਹਾਂ ਵੇਖਿਆ ਕਿ ਘਰ ਦਾ ਬਾਹਰਲਾ ਗੇਟ ਖੁੱਲਾ ਸੀ ,ਜਸਵਿੰਦਰ ਸਿੰਘ ਵਿਹੜੇ ਵਿੱਚ ਮੰਜੇ ਉੱਪਰ ਖੂਨ ਨਾਲ ਲੱਥਪੱਥ ਹੋਇਆ ਪਿਆ ਸੀ। ਉਸ ਦੇ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆਂ ਵੱਲੋ ਤੇਜਧਾਰ ਹਥਿਆਰਾ ਨਾਲ ਮੂੰਹ ਅਤੇ ਗਰਦਨ ਉੱਪਰ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਹੈ । ਮੁਦਈ ਜਰਨੈਲ ਸਿੰਘ ਦੇ ਬਿਆਨ ਪਰ, ਪੁਲਿਸ ਵੱਲੋਂ ਮੁਕੱਦਮਾ ਨੰਬਰ 54 ਮਿਤੀ 01-07-2024 ਅ/ਧ 103 (1),3 (5) BNS ਥਾਣਾ ਰੂੜੇਕੇ ਕਲਾ ਦਰਜ ਰਜਿਸਟਰ ਕੀਤਾ ਗਿਆ। ਮਾਮਲੇ ਦੀ ਤਫਤੀਸ਼ ਇੰਸਪੈਕਟਰ ਜਗਜੀਤ ਸਿੰਘ ਨੇ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਿਸ ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਗਿਰਫਤਾਰ ਕਰ ਲਵੇਗੀ।
ਪੁਰਾਣੀਆਂ ਦੀ ਥਾਂ ਲੱਗੀਆਂ ਨਵੀਂਆਂ ਧਾਰਾਂਵਾ,,
ਪਹਿਲੇ ਕਾਨੂੰਨ ਅਨੁਸਾਰ ਅਜਿਹੇ ਜੁਰਮ ਲਈ 302/34 ਆਈਪੀਸੀ ਲਾਈ ਜਾਣੀ ਸੀ, ਹੁਣ 302 ਦੀ ਥਾਂ ਭਾਰਤੀ ਨਿਆਂ ਸੰਹਿਤਾ ਦੀ ਸੈਕਸ਼ਨ 103 (1) ਅਤੇ 34 ਦੀ ਥਾਂ ਸੈਕਸ਼ਨ 3 (5) ਲੱਗੀਆਂ ਹਨ। 103 (1) ਧਾਰਾ ਵਿੱਚ ਜੁਰਮ ਅਤੇ ਸਜਾ ਦੀ ਵਿਆਖਿਆ ਕੀਤੀ ਗਈ ਹੈ। ਜਦੋਂਕਿ ਇਸ ਜੁਰਮ ਤਹਿਤ ਦੋਸ਼ੀ ਨੂੰ ਸਜਾ ਏ ਮੌਤ ਅਤੇ ਜੁਰਮਾਨੇ ਸਮੇਤ ਉਮਰ ਭਰ ਦੀ ਸਜ਼ਾ ਹੋ ਸਕਦੀ ਹੈ। BNS ਦੀ ਸੈਕਸ਼ਨ 3 (5) ,ਜ਼ੁਰਮ ਵਿੱਚ ਇੱਕ ਤੋਂ ਵਧੇਰੇ ਦੋਸ਼ੀ ਸ਼ਾਮਿਲ ਹਨ।