ਵੱਖ-ਵੱਖ ਕੰਪਨੀਆਂ ਨੇ ਕੈਂਪ ਦੌਰਾਨ 52 ਪ੍ਰਾਰਥੀਆਂ ਨੂੰ ਕੀਤਾ ਸ਼ਾਰਟਲਿਸਟ
ਸੋਨੀ ਪਨੇਸਰ, ਬਰਨਾਲਾ 1 ਜੁਲਾਈ 2024
ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਦੇ ਉਦੇਸ਼ ਤਹਿਤ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਪਲੇਸਮੈਂਟ ਕੈਂਪ ਲਾਏ ਜਾ ਰਹੇ ਹਨ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਬਰਨਾਲਾ ਨਵਜੋਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬਰਨਾਲਾ ਵਲੋਂ ਪਿਛਲੇ ਦਿਨੀਂ ਮੈਗਾ ਪਲੇਸਮੈਂਟ ਕੈਂਪ ਲਾਇਆ ਗਿਆ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ ਨੇ ਪਹੁੰਚ ਕੇ ਪ੍ਰਾਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਮਾਰੂਤੀ ਸਜ਼ੂਕੀ, ਮਿਰੈਕਲ ਕੋਰੋ ਪਲਾਸਟ ,ਕਨੱਯੀਆ ਸੌਲਵੈਕਸ, ਪੇਟੀਐਮ ਤੇ ਹੋਰ ਕਈ ਲੋਕਲ ਇੰਡਸਟਰੀਆਂ /ਕੰਪਨੀਆਂ ਸਮੇਤ ਕੁੱਲ 9 ਕੰਪਨੀਆਂ ਨੇ ਭਾਗ ਲਿਆ। ਇਸ ਕੈਂਪ ਦੌਰਾਨ 10ਵੀਂ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਤੱਕ ਦੇ (ਲੜਕੇ ਅਤੇ ਲੜਕੀਆਂ ਦੋਵੇਂ) ਪ੍ਰਾਰਥੀਆਂ ਦੇ ਇੰਟਰਵਿਊ ਲਏ ਗਏ, ਜਿਸ ਦੌਰਾਨ ਡਾਟਾ ਐਂਟਰੀ ਆਪ੍ਰੇਟਰ , ਸੁਪਰਵਾਈਜ਼ਰ, ਵੈਲਡਰ, ਹੈਲਪਰ , ਸੇਲਜ਼ ਐਗਜ਼ੀਕਿਊਟਵ ਆਦਿ ਦੀਆਂ ਅਸਾਮੀਆਂ ਲਈ ਕੁੱਲ 97 ਇੰਟਰਵਿਊ ਵੱਖ-ਵੱਖ ਕੰਪਨੀਆਂ ਦੁਆਰਾ ਲਏ ਗਏ। ਇਸ ਕੈਂਪ ਵਿੱਚ 52 ਪ੍ਰਾਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਮੌਕੇ ਪ੍ਰਾਰਥੀ ਗੋਪਾਲ ਸ਼ਰਮਾ ਵਾਸੀ ਬਰਨਾਲਾ ਨੇ ਦੱਸਿਆ ਕਿ ਉਸ ਨੇ ਬੀ ਕਾੱਮ ਕੀਤੀ ਹੈ ਤੇ ਉਹ ਇਸ ਕੈਂਪ ਵਿੱਚ ਇੰਟਰਵਿਊ ਦੇਣ ਲਈ ਪੁੱਜਿਆ ਹੈ ਤੇ ਉਸ ਨੂੰ 4-5 ਕੰਪਨੀਆਂ ਵਲੋਂ ਸ਼ਾਰਟਲਿਸਟ ਵੀ ਕੀਤਾ ਗਿਆ ਹੈ। ਉਸ ਨੇ ਇਸ ਮੌਕੇ ਲਈ ਰੋਜ਼ਗਾਰ ਦਫ਼ਤਰ ਬਰਨਾਲਾ ਦਾ ਧੰਨਵਾਦ ਕੀਤਾ।