ਹਰਿੰਦਰ ਨਿੱਕਾ, ਪਟਿਆਲਾ 5 ਜੂਨ 2024
ਇਲਾਜ ਦੌਰਾਨ ਮਹਿਲਾ ਮਰੀਜ ਦੀ ਮੌਤ ਲਈ ਕਥਿਤ ਤੌਰ ਤੇ ਜਿੰਮੇਵਾਰ ਇੱਕ ਡਾਕਟਰ ਦੇ ਖਿਲਾਫ ਪੁਲਿਸ ਨੇ ਐਫ.ਆਈ.ਆਰ. ਦਰਜ ਕਰਕੇ, ਉਸ ਦੀ ਗਿਰਫਤਾਰੀ ਦੇ ਯਤਨ ਵੀ ਸ਼ੁਰੂ ਕਰ ਦਿੱਤੇ ਹਨ। ਇਹ ਪਰਚਾ ਮ੍ਰਿਤਕ ਮਹਿਲਾ ਦੇ ਪਤੀ ਦੇ ਬਿਆਨ ਪਰ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕੁਲਵੰਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਡਸਕਾ ਥਾਣਾ ਲਹਿਰਾ ਜਿਲਾ ਸੰਗਰੂਰ ਨੇ ਦੱਸਿਆ ਕਿ ਮੁਦਈ ਆਪਣੀ ਪਤਨੀ ਜਸਵੀਰ ਕੌਰ ਦਾ ਸਰੀਰ ਫੁੱਲਣ ਦੀ ਸਮੱਸਿਆ ਨੂੰ ਲੈ ਕੇ 21 ਮਈ ਨੂੰ ਪਰਾਇਮ ਹਸਪਤਾਲ ਬਡੂੰਗਰ ਪਟਿਆਲਾ ਵਿਖੇ ਪਹੁੰਚਿਆ ਸੀ।
ਹਸਪਤਾਲ ਦੇ ਡਾਕਟਰ ਰੋਹਿਤ ਗਰਗ ਨੇ ਅਗਲੇ ਦਿਨ ਮੁਦਈ ਦੀ ਪਤਨੀ ਦਾ ਆਪ੍ਰੇਸ਼ਨ ਸਮਾਂ 1.00 ਪੀ.ਐਮ ਤੋਂ 6.00 ਪੀ.ਐਮ. ਤੱਕ ਕੀਤਾ ਗਿਆ। ਪਰੰਤੂ ਮੁਦਈ ਦੀ ਪਤਨੀ ਦਾ ਦਰਦ, ਆਪ੍ਰੇਸ਼ਨ ਕਰਨ ਤੋਂ ਬਾਅਦ ਵੀ ਬੰਦ ਨਹੀ ਹੋਇਆ ਤਾਂ ਡਾਕਟਰ ਰੋਹਿਤ ਗਰਗ 23 ਮਈ ਨੂੰ ਫਿਰ 7.00 ਪੀ.ਐਮ, ਪਰ ਮੁਦਈ ਦੀ ਪਤਨੀ ਦੀ ਇੰਡੋਸਕੋਪੀ ਕਰਨ ਲਈ ਆਪ੍ਰੇਸ਼ਨ ਥਿਏਟਰ ਵਿੱਚ ਲੈ ਗਿਆ। ਰਾਤ ਕਰੀਬ 11 ਵਜੇ ਡਾ. ਰੋਹਿਤ ਗਰਗ,ਆਪ੍ਰੇਸ਼ਨ ਥਿਏਟਰ ਤੋਂ ਬਾਹਰ ਆਇਆ ਤੇ ਕਹਿਣ ਲੱਗਿਆ ਕਿ ਲੰਘੀ ਕੱਲ੍ਹ ਆਪ੍ਰੇਸ਼ਨ ਸਹੀ ਨਹੀ ਹੋਇਆ ਸੀ। ਜੋ ਅੱਜ ਉਸ ਨੂੰ ਦੁਬਾਰਾ ਫਿਰ ਆਪ੍ਰੇਸ਼ਨ ਕਰਨਾ ਪਿਆ। ਜਦੋਂ ਮੁਦਈ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀ ਪਤਨੀ ਵੈਂਟੀਲੇਟਰ ਤੇ ਨਹੀ ਸੀ। ਫਿਰ 3 ਜੂਨ ਨੂੰ ਡਾ. ਰੋਹਿਤ ਗਰਗ, ਮੁਦਈ ਨੂੰ ਕਹਿਣ ਲੱਗਿਆ ਕਿ ਉਸ ਦੀ ਪਤਨੀ ਕਾਫੀ ਸੀਰੀਅਸ ਹੈ ਅਤੇ ਉਸ ਨੂੰ ਮਨੀਪਾਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।
ਮੁਦਈ ਮੁਤਾਬਿਕ ਉਸ ਦੀ ਪਤਨੀ ਦੀ ਮਨੀਪਾਲ ਹਸਪਤਾਲ ਪਟਿਆਲਾ ਪੁੱਜ ਕੇ ਮੌਤ ਹੋ ਗਈ। ਮੁਦਈ ਦਾ ਦੋਸ਼ ਹੈ ਕਿ ਡਾਕਟਰ ਰੋਹਿਤ ਗਰਗ ਵੱਲੋਂ ਉਸ ਦੀ ਪਤਨੀ ਦਾ ਸਹੀ ਢੰਗ ਨਾਲ ਇਲਾਜ ਨਾ ਕਰਨ ਕਰਕੇ ਮੌਤ ਹੋਈ ਹੈ। ਉਸ ਦੀ ਮੌਤ ਲਈ ਡਾਕਟਰ ਰੋਹਿਤ ਗਰਗ ਅਤੇ ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਣ ਹੀ ਹੋਈ । ਪੁਲਿਸ ਨੇ ਡਾਕਟਰ ਰੋਹਿਤ ਅਤੇ ਹਸਪਤਾਲ ਦੇ ਪ੍ਰਬੰਧਕਾਂ ਖਿਲਾਫ ਅਧੀਨ ਜ਼ੁਰਮ 304 – A IPC ਤਹਿਤ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰਕੇ,ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ।