ਹਰਿੰਦਰ ਨਿੱਕਾ, ਬਰਨਾਲਾ 5 ਜੂਨ 2024
ਪੰਜਾਬ ਕੈਬਨਿਟ ਦੇ ਵਜ਼ੀਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਖੇਤਰ ‘ਚ ਪੈਂਦੇ ਕੁੱਲ 9 ਹਲਕਿਆਂ ਵਿੱਚੋਂ ਇੱਕ ਹਲਕੇ ਨੂੰ ਛੱਡ ਕੇ ਸਾਰੇ ਹਲਕਿਆਂ ਤੋਂ ਆਪਣੇ ਵਿਰੋਧੀ ਉਮੀਦਵਾਰਾਂ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅਤੇ ਭਾਜਪਾ ਦੇ ਅਰਵਿੰਦ ਖੰਨਾ ਨੂੰ ਬੁਰੀ ਤਰਾਂ ਪਛਾੜਿਆ ਹੈ। ਆਮ ਆਦਮੀ ਪਾਰਟੀ ਦੀ ਰਾਜਧਾਨੀ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਨੂੰ ਮਨਫੀ ਕਰਨ ਲਈ, ਦੁਆਬਾ ਖੇਤਰ ਦੇ ਭੁਲੱਥ ਹਲਕੇ ਤੋਂ ਪਹੁੰਚੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਸਿਰਫ ਇੱਕ ਹਲਕੇ ਤੋਂ ਹੀ ਜਿੱਤ ਨਸੀਬ ਹੋਈ। ਜਦੋਂਕਿ ਦੋ ਵਾਰ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਸਿਮਰਨਜੀਤ ਸਿੰਘ ਮਾਨ ਅਤੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ, ਨੌਂ ਹਲਕਿਆਂ ਵਿੱਚੋਂ ਕਿਸੇ ਵਿੱਚ ਵੀ ਮੀਤ ਹੇਅਰ ਨੂੰ ਕੋਈ ਚੁਣੌਤੀ ਨਹੀਂ ਦੇ ਸਕੇ । ਸੰਗਰੂਰ ਲੋਕ ਸਭਾ ਚੋਣ ਦੇ ਨਤੀਜੇ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਫਿਲਹਾਲ ਵੋਟਰਾਂ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਉੱਤੇ ਹੀ ਭਰੋਸਾ ਬਣਿਆ ਹੋਇਆ ਹੈ। ਮੀਤ ਹੇਅਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਤੋਂ ਹੀ ਸਭ ਤੋਂ ਵੱਡੀ 32282 ਵੋਟਾਂ ਦੀ ਲੀਡ ਪ੍ਰਾਪਤ ਹੋਈ। ਦੂਜੇ ਨੰਬਰ ਦੀ ਲੀਡ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਵਿਧਾਨ ਸਭਾ ਹਲਕਾ ਸੁਨਾਮ ਤੋਂ 26543 ਵੋਟਾਂ ਦੀ ਮਿਲੀ। ਜਦੋਂਕਿ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਮੀਤ ਹੇਅਰ ਨੇ 22513 ਵੋਟਾਂ ਦੀ ਤੀਜੀ ਵੱਡੀ ਲੀਡ ਲਈ। ਵਿਧਾਨ ਸਭਾ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਹਲਕੇ ‘ਚੋਂ ਮੀਤ ਹੇਅਰ ਨੂੰ ਸਭ ਤੋਂ ਛੋਟੀ 6229 ਵੋਟਾਂ ਦੀ ਲੀਡ ਮਿਲੀ ਹੈ। ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਹਲਕੇ ਤੋਂ ਵੀ ਮੀਤ ਹੇਅਰ ਨੂੰ 8662 ਵੋਟਾਂ ਦੀ ਦੂਜੀ ਛੋਟੀ ਲੀਡ ਪ੍ਰਾਪਤ ਹੋਈ ਹੈ। ਮੀਤ ਹੇਅਰ ਨੂੰ ਉਸ ਦੇ ਆਪਣੇ ਹਲਕਾ ਬਰਨਾਲਾ ਦੇ ਲੋਕਾਂ ਨੇ ਵੀ 15513 ਵੋਟਾਂ ਦੀ ਲੀਡ ਦੇ ਕੇ, ਸ਼ਾਬਾਸ਼ ਦਿੱਤੀ ਹੈ। ਮਹਿਲ ਕਲਾਂ ਵਿਧਾਨ ਸਭਾ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣਿਆ ਕੁਲਵੰਤ ਸਿੰਘ ਪੰਡੋਰੀ ਵੀ ਮੀਤ ਹੇਅਰ ਨੂੰ 12 ਹਜ਼ਾਰ ਵੋਟਾਂ ਤੋਂ ਜਿਆਦਾ ਦੀ ਲੀਡ ਦਿਵਾਉਣ ਵਿੱਚ ਸਫਲ ਰਿਹਾ। ਮਹਿਲ ਕਲਾਂ, ਹਲਕਾ ਉਹ ਹੈ, ਜਿੱਥੋਂ ਦੇ ਲੋਕਾਂ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਵੀ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ ਨੂੰ ਲੀਡ ਦੇ ਕੇ ਜਿਤਾਇਆ ਸੀ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਵਰਿੰਦਰ ਗੋਇਲ ਨੇ ਵੀ, ਮੀਤ ਹੇਅਰ ਨੂੰ 18683 ਵੋਟਾਂ ਦੀ ਲੀਡ ਦਿਵਾ ਕੇ,ਉਨ੍ਹਾਂ ਦੀ ਜਿੱਤ ਵਿੱਚ ਅਹਿਮ ਰੋਲ ਨਿਭਾਇਆ ਹੈ। ਮੁਸਲਿਮ ਬਹੁਗਿਣਤੀ ਵਾਲੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਪ ਵਿਧਾਇਕ ਪ੍ਰੋਫੈਸਰ ਜਮੀਲ ਉਰ ਰਹਿਮਾਨ ਅਤੇ ਚੋਣ ਸਮੇਂ ਆਪ ਵਿੱਚ ਸ਼ਾਮਿਲ ਹੋਇਆ ਸਾਬਕਾ ਮੰਤਰੀ ਨੁਸਰਤ ਇਕਰਾਮ ਬੱਗੇ ਖਾਂ ਵੀ, ਮੀਤ ਹੇਅਰ ਨੂੰ ਹਲਕੇ ਤੋਂ ਲੀਡ ਦਿਵਾਉਣ ਵਿੱਚ ਸਫਲ ਨਹੀਂ ਹੋ ਸਕੇ। ਮਲੇਰਕੋਟਲਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ 45508 ਵੋਟਾਂ ਲੈ ਕੇ ਮੀਤ ਹੇਅਰ ਨੂੰ 11654 ਵੋਟਾਂ ਨਾਲ ਹਰਾਇਆ। ਮੀਤ ਹੇਅਰ ਨੂੰ ਇਸ ਹਲਕੇ ਤੋਂ 33854 ਵੋਟਾਂ ਮਿਲੀਆਂ,ਜਦੋਂਕਿ ਸਿਮਰਨਜੀਤ ਸਿੰਘ ਮਾਨ ਨੂੰ ਤੀਜੇ ਨੰਬਰ ਤੇ 11088 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਹਾਲਾਂਕਿ ਮਲੇਰਕੋਟਲਾ ਇਲਾਕੇ ਨੂੰ ਸਿਮਰਨਜੀਤ ਸਿੰਘ ਮਾਨ ਦੇ ਗੜ੍ਹ ਵਜੋਂ ਪ੍ਰਚਾਰਿਆ ਜਾਂਦਾ ਰਿਹਾ ਹੈ।