ਮੀਤ ਹੇਅਰ ਤੋਂ ਪਹਿਲਾਂ ਸੁਰਜੀਤ ਸਿੰਘ ਬਰਨਾਲਾ, ਰਾਜਦੇਵ ਸਿੰਘ ਖਾਲਸਾ ਤੇ ਗੁਰਚਰਨ ਸਿੰਘ ਦੱਧਾਹੂਰ ਕਰ ਚੁੱਕੇ ਨੇ ਲੋਕ ਸਭਾ ਹਲਕੇ ਦੀ ਨੁਮਾਇੰਦਗੀ
ਹਰਿੰਦਰ ਨਿੱਕਾ , ਬਰਨਾਲਾ 24 ਜੂਨ 2024
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਬਰਨਾਲਾ ਹਲਕੇ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਵੱਡੀ ਜਿੱਤ ਦਰਜ ਕਰਕੇ, ਬਰਨਾਲਾ ਸ਼ਹਿਰ ਦੀ ਔੜ ਭੰਨਕੇ, ਸ਼ਹਿਰ ਦੇ ਲੋਕਾਂ ਦਾ ਮਾਣ ਵਧਾਇਆ ਹੈ । ਯਾਨੀ 26 ਸਾਲ ਬਾਅਦ ਅੱਜ ਬਰਨਾਲਾ ਸ਼ਹਿਰ ਦਾ ਨੌਜਵਾਨ ਮੈਂਬਰ ਪਾਰਲੀਮੈਂਟ ਬਣਿਆ ਹੈ। ਮੀਤ ਹੇਅਰ ਨੇ ਜਦੋਂ ਤੋਂ ਰਾਜਨੀਤੀ ਵਿੱਚ ਪੈਰ ਧਰਿਆ, ਉਹ ਰਿਕਾਰਡ ਤੋੜਦਾ ਅਤੇ ਬਣਾਉਂਦਾ ਹੀ ਜਾ ਰਿਹਾ ਹੈ । ਮੀਤ ਹੇਅਰ ਨੇ 2017 ਵਿੱਚ ਪਹਿਲੀ ਵਾਰ ਬਰਨਾਲਾ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਸੀ, ਉਹ, ਦੋ ਵਾਰ ਦੇ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਹਰਾ ਕੇ, ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਸੀ। ਫਿਰ ਮੀਤ ਹੇਅਰ ਨੇ ਸਾਲ 2022 ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਤੋਂ 37 ਹਜ਼ਾਰ ਤੋਂ ਵਧੇਰੇ ਵੋਟਾਂ ਨਾਲ ਜਿੱਤ ਦਰਜ ਕਰਕੇ, ਬਰਨਾਲਾ ਹਲਕੇ ਦੇ ਤਤਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦਾ ਸਾਲ 1997 ‘ਚ ਹਲਕੇ ਤੋਂ ਸਭ ਤੋਂ ਵੱਧ 24 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਤੋੜਕੇ, ਆਪਣੇ ਨਾਂ ਕਰਕੇ, ਨਵਾ ਇਤਿਹਾਸ ਸਿਰਜਿਆ। ਇੱਥੇ ਹੀ ਬੱਸ ਨਹੀਂ, 1997 ਤੋਂ ਲੈ ਕੇ, 2022 ਤੱਕ, ਜਿੰਨ੍ਹੇ ਵੀ ਵਿਧਾਇਕ ਬਣੇ, ਉਹ ਸਰਕਾਰ ਦੇ ਵਿਰੋਧ ਵਿੱਚ ਹੀ ਬਹਿੰਦੇ ਰਹੇ,ਲੋਕਾਂ ਅੰਦਰ ਇਹ ਚਰਚਾ ਆਮ ਚੱਲਦੀ ਰਹਿੰਦੀ ਸੀ ਕਿ ਬਰਨਾਲਾ ਹਲਕੇ ਤੋਂ ਜਿੱਤਣ ਵਾਲੇ ਵਿਧਾਇਕ ਦੀ ਪਾਰਟੀ ਸੂਬੇ ਦੀ ਸੱਤਾ ਨਹੀਂ ਸੰਭਾਲ ਸਕਦੀ। ਅਕਸਰ, ਲੰਬਾ ਅਰਸਾ ਇਹ ਦੁਹਰਾਇਆ ਵੀ ਜਾਂਦਾ ਰਿਹਾ। ਪਰੰਤੂ ਮੀਤ ਹੇਅਰ ਨੇ ਇਹ ਧਾਰਨਾ ਵੀ, ਵਿਧਾਨ ਸਭਾ 2022 ਦੀ ਚੋਣ ਜਿੱਤ ਕੇ ਤੋੜ ਦਿੱਤੀ ਅਤੇ ਮੀਤ ਹੇਅਰ ਨੂੰ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਨ ਦਾ ਮੌਕਾ ਵੀ ਮਿਲਿਆ ਅਤੇ ਸਿੱਖਿਆ ,ਤਕਨੀਕੀ ਸਿੱਖਿਆ, ਨਹਿਰੀ ਅਤੇ ਵਾਤਾਵਰਣ ਵਰਗੇ ਅਹਿਮ ਵਿਭਾਗ ਵੀ ਚਲਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਲੋਕ ਸਭਾ ਹਲਕਾ ਸੰਗਰੂਰ ਤੋਂ ਬਰਨਾਲਾ ਸ਼ਹਿਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਬਰਨਾਲਾ ਨੂੰ ਤਿੰਨ ਵਾਰ, 1977/1996/1998 ਵਿੱਚ ਐਮ.ਪੀ ਬਣਨ ਦਾ ਮੌਕਾ ਮਿਲਿਆ। ਐਡਵੇਕੇਟ ਰਾਜਦੇਵ ਸਿੰਘ ਖਾਲਸਾ ਨੇ ਵੀ ਸਾਲ 1989 ਵਿੱਚ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਅਤੇ ਗੁਰਚਰਨ ਸਿੰਘ ਦੱਧਾਹੂਰ ਨੂੰ ਵੀ ਸਾਲ 1991 ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਚੁਣਿਆ ਗਿਆ। ਸੁਰਜੀਤ ਸਿੰਘ ਬਰਨਾਲਾ ਨੇ ਸ੍ਰੋਮਣੀ ਅਕਾਲੀ ਦਲ , ਰਾਜਦੇਵ ਸਿੰਘ ਖਾਲਸਾ ਨੇ ਅਕਾਲੀ ਦਲ ਬਾਬਾ(ਸਰਦਾਰ ਜੋਗਿੰਦਰ ਸਿੰਘ ਰੋਡੇ) ਅਤੇ ਦੱਧਾਹੂਰ ਨੇ ਕਾਂਗਰਸ ਪਾਰਟੀ ਵਜੋਂ ਚੋਣ ਜਿੱਤੀ ਸੀ। ਇਸ ਤੋਂ ਬਾਅਦ ਸਾਲ 2019 ਵਿੱਚ ਕਾਂਗਰਸ ਅਤੇ ਸਾਲ 2022 ਦੀ ਜਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਵਜੋਂ ਕੇਵਲ ਸਿੰਘ ਢਿੱਲੋਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ, ਪਰੰਤੂ ਉਹ ਚੋਣ ਨਹੀਂ ਜਿੱਤ ਸਕੇ। ਵਰਨਯੋਗ ਹੈ ਕਿ ਜਦੋਂ ਮੀਤ ਹੇਅਰ ਨੂੰ ਲੋਕ ਸਭਾ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਸੀ, ਉਦੋਂ ਉਨ੍ਹਾਂ ਦੇ ਵਿਰੋਧੀਆਂ ਨੇ ਇਹ ਪ੍ਰਚਾਰ ਕੀਤਾ ਸੀ ਕਿ ਮੀਤ ਖੁਦ ਵੀ ਚੋਣ ਲੜਨਾ ਨਹੀਂ ਚਾਹੁੰਦਾ। ਪਰੰਤੂ ਮੀਤ ਹੇਅਰ ਨੇ, ਆਪਣੇ ਵਿਰੋਧੀਆਂ ਨੂੰ 1 ਲੱਖ 72 ਹਜ਼ਾਰ 560 ਵੋਟਾਂ ਦੇ ਵੱਡੇ ਫਰਕ ਨਾਲ ਚਿੱਤ ਕਰਕੇ, ਆਪਣੇ ਵਿਰੋਧੀਆਂ ਦੇ ਅਜਿਹੇ ਕਿਆਸਿਆ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਯਾਦ ਰਹੇ ਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਪਹੁੰਚ ਕੇ, ਇਹ ਕਿਹਾ ਸੀ ਕਿ ਮੀਤ ਹੇਅਰ ਕਿਸਮਤ ਦਾ ਧਨੀ ਹੈ, ਇਹ ਜਿੱਤੂਗਾ ਵੀ ਅਤੇ ਇਹ ਨੂੰ ਹੋਰ ਵੀ ਵੱਡਾ ਬਣਨ ਦਾ ਮੌਕਾ ਮਿਲੇਗਾ। ਅਜਿਹੇ ਹਾਲਤ ਵੀ ਹੁਣ ਚੋਣ ਰੁਝਾਨਾਂ ਦੌਰਾਨ ਬਣਦੇ ਲੱਗ ਰਹੇ ਹਨ ਕਿ ਕੇਂਦਰ ਵਿੱਚ ਸਰਕਾਰ, ਲੰਗੜੀ ਹੀ ਬਣਨ ਵਾਲੀ ਹੈ, ਕਿਸੇ ਵੀ ਧਿਰ ਨੂੰ ਸਪੱਸ਼ਟ ਬਹੁਮਤ ਮਿਲਣ ਦਾ ਆਸਾਰ ਫਿਲਹਾਲ ਨਹੀਂ ਦਿਸ ਰਹੇ। ਹੋ ਸਕਦੈ, ਭਗਵੰਤ ਮਾਨ ਦੇ 32 ਦੰਦਾਂ ਵਿੱਚੋਂ ਅਚਾਨਕ ਨਿੱਕਲੀ ਗੱਲ ਸੱਚ ਵੀ ਹੋ ਸਕਦੀ ਹੈ।