3 ਸੀਟਾਂ ਜਿੱਤੀਆਂ , 7 ਸੀਟਾਂ ਤੇ ਦੂਜੇ ਅਤੇ 3 ਸੀਟਾਂ ਤੇ ਤੀਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ…
ਹਰਿੰਦਰ ਨਿੱਕਾ , ਬਰਨਾਲਾ 24 ਜੂਨ 2024
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਗਿਆ 13 ਜੀਰੋ ਦਾ ਨਾਅਰਾ, ਅੱਜ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਵਾ ਹਵਾਈ ਹੋ ਗਿਆ। ਆਮ ਆਦਮੀ ਪਾਰਟੀ 13 ਦੀ ਬਜਾਏ, ਸਿਰਫ 3 ਸੀਟਾਂ ਤੱਕ ਹੀ ਸਿਮਟ ਕੇ ਰਹਿ ਗਈ। ਇੱਥੇ ਹੀ ਬੱਸ ਨਹੀਂ, ਚੋਣ ਮੈਦਾਨ ਵਿੱਚ ਉਤਾਰੇ ਪੰਜ ਕੈਬਨਿਟ ਮੰਤਰੀਆਂ ਵਿੱਚੋਂ, ਸਿਰਫ ਇੱਕੋ ਇੱਕ ਗੁਰਮੀਤ ਸਿੰਘ ਮੀਤ ਹੇਅਰ ਦੇ ਹਿੱਸੇ ਹੀ ਜਿੱਤ ਆਈ। ਮੀਤ ਹੇਅਰ ਨੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਆਗੂ ਅਤੇ ਭੁਲੱਥ ਹਲਕੇ ਤੋਂ ਤਿੰਨ ਵਾਰ ਵਿਧਾਇਕ ਬਣ ਚੁੱਕੇ ਸੁਖਪਾਲ ਸਿੰਘ ਖਹਿਰਾ ਨੂੰ (172560 )ਅਤੇ ਤਿੰਨ ਵਾਰ ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੂੰ (176839) ਵੋਟਾਂ ਦੇ ਰਿਕਰਡਤੋੜ ਫਰਕ ਨਾਲ ਚਿੱਤ ਕਰਕੇ, ਆਪਣਾ ਲੋਹਾ ਮਨਵਾਇਆ। ਸੰਗਰੂਰ ਸੀਟ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ, ਮੁੱਛ ਦਾ ਸਵਾਲ ਬਣੀ ਹੋਈ ਸੀ। ਇਸ ਸੀਟ ਨੂੰ ਆਪ ਦੀ ਰਾਜਧਾਨੀ ਸਮਝਿਆ ਜਾਂਦਾ ਹੈ। ਇਹ ਸੀਟ ਜਿੱਤਣ ਨਾਲ , ਮੀਤ ਹੇਅਰ ਦਾ ਰਾਜਸੀ ਕੱਦ ਹੋਰ ਵੀ ਉੱਚਾ ਹੋਇਆ ਹੈ।
ਜਦੋਂਕਿ ਬਾਕੀ ਚਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਮ੍ਰਿਤਸਰ ਤੋਂ, ਲਾਲਜੀਤ ਸਿੰਘ ਭੁੱਲਰ, ਖਡੂਰ ਸਾਹਿਬ ਤੋਂ, ਗੁਰਮੀਤ ਸਿੰਘ ਖੁੱਡੀਆਂ ਬਠਿੰਡਾ ਤੋਂ ਅਤੇ ਡਾਕਟਰ ਬਲਵੀਰ ਸਿੰਘ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਹਾਰ ਗਏ। ਕੈਬਨਿਟ ਮੰਤਰੀ ਬਲਵੀਰ ਸਿੰਘ ਨੂੰ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੇ 14 ਹਜ਼ਾਰ 587 ਵੋਟਾਂ ਦੇ ਫਰਕ ਨਾਲ ਹਰਾਇਆ। ਜਦੋਂਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੋਂ 2 ਲੱਖ 9 ਹਜ਼ਾਰ 554 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਗਏ, ਲਾਲਜੀਤ ਭੁੱਲਰ ਮੁੱਖ ਮੁਕਾਬਲੇ ਵਿੱਚ ਵੀ ਨਹੀਂ ਟਿਕ ਸਕੇ, ਉਹ ਤੀਜੇ ਨੰਬਰ ਤੇ ਜਾ ਖਿਸਕੇ। ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ 49 ਹਜ਼ਾਰ 656 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਬੇਸ਼ੱਕ ਦੂਜੇ ਨੰਬਰ ਤੇ ਰਹੇ, ਪਰੰਤੂ ਉਨਾਂ ਨੂੰ ਵੀ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ 40 ਹਜ਼ਾਰ 301 ਵੋਟਾਂ ਨਾਲ ਹਰਾਇਆ। ਆਪ ਨੇ ਆਪਣੇ ਦੋ ਮੌਜੂਦਾ ਵਿਧਾਇਕਾਂ ਅਸ਼ੋਕ ਕੁਮਾਰ ਪੱਪ ਪਰਾਸ਼ਰ ਅਤੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਵੀ ਕ੍ਰਮਵਾਰ ਲੁਧਿਆਣਾ ਅਤੇ ਫਿਰੋਜਪੁਰ ਹਲਕਿਆਂ ਤੋਂ ਚੋਣ ਦੰਗਲ ਵਿੱਚ ਉਤਾਰਿਆ ਗਿਆ ਸੀ। ਪਰੰਤੂ ਇਹ ਵੀ ਆਪਣੇ ਵਿਰੋਧੀਆਂ ਤੋਂ ਮਾਤ ਖਾ ਗਏ। ਵਿਧਾਇਕ ਕਾਕਾ ਬਰਾੜ ਤਾਂ ਸਿਰਫ 3242 ਵੋਟਾਂ ਨਾਲ ਹੀ ਕਾਂਗਰਸੀ ਉਮੀਦਵਾਰ ਤੇ ਸਾਬਕਾ ਐਮਪੀ ਸ਼ੇਰ ਸਿੰਘ ਘੁਬਾਇਆ ਤੋਂ ਹਾਰੇ ਹਨ। ਪਰੰਤੂ ਪੱਪ ਪਰਾਸ਼ਰ ਨੂੰ ਤਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 82 ਹਜ਼ਾਰ 209 ਵੋਟਾਂ ਦੇ ਫਰਕ ਨਾਲ ਤੀਜੇ ਨੰਬਰ ਤੇ ਧੱਕ ਦਿੱਤਾ।
ਇੰਡੀਆ ਗੱਠਜੋੜ ਦਾ ਆਪਸ ਵਿੱਚ ਹੀ ਰਿਹਾ ਮੁਕਾਬਲਾ..!
ਦੇਸ਼ ਪੱਧਰ ਤੇ ਇੰਡੀਆ ਗੱਠਜੋੜ ਦਾ ਹਿੱਸਾ (ਕਾਂਗਰਸ ਅਤੇ ਆਮ ਆਦਮੀ ਪਾਰਟੀ) ਦਰਮਿਆਨ ਹੀ ਬਹੁਤੀਆਂ ਸੀਟਾਂ ਤੇ ਮੁਕਾਬਲਾ ਰਿਹਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁੱਲ 7 ਸੀਟਾਂ ਤੇ ਦੂਜੇ ਨੰਬਰ ਤੇ ਰਹੇ, ਜਦੋਂਕਿ ਤਿੰਨ ਸੀਟਾਂ ਜਲੰਧਰ, ਖਡੂਰ ਸਾਹਿਬ ਅਤੇ ਲੁਧਿਆਣਾ ਵਿੱਚ ਆਪ ਉਮੀਦਵਾਰ ਤੀਜੇ ਨੰਬਰ ਤੇ ਹੀ ਰਹਿ ਗਏ। ਉੱਧਰ ਸੂਬੇ ਦੀ ਸੱਤਾ ਤੇ ਲੰਬਾ ਅਰਸਾ ਕਾਬਿਜ ਰਿਹਾ ਸ੍ਰੋਮਣੀ ਅਕਾਲੀ ਦਲ, ਆਪਣੀ ਵਕਾਰੀ ਸੀਟ ਬਠਿੰਡਾ ਨੂੰ ਹੀ ਆਪਣੇ ਕਬਜੇ ਵਿੱਚ ਰੱਖ ਸਕਿਆ। ਜਦੋਂਕਿ ਸੂਬੇ ਦੀ 12 ਸੀਟਾਂ ਉੱਤੇ ਅਕਾਲੀ ਦਲ ਮੁੱਖ ਮੁਕਾਬਲੇ ਵਿੱਚ ਵੀ ਨਹੀਂ ਟਿਕ ਸਕਿਆ। ਇੱਥੇ ਹੀ ਬੱਸ ਨਹੀਂ, 400 ਪਾਰ ਸੀਟਾਂ ਦਾ ਨਾਅਰਾ ਦੇ ਕੇ ਚੋਣ ਮੈਦਾਨ ਵਿੱਚ ਉਤਰੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਬੁਰੀ ਤਰਾਂ ਨਕਾਰ ਦਿੱਤਾ। ਲੁਧਿਆਣਾ ਤੋਂ ਭਾਜਪਾ ਉਮੀਦਵਾਰ ਸਾਂਸਦ ਰਵਨੀਤ ਸਿੰਘ ਬਿੱਟੂ ਹੀ ਸਿਰਫ ਮੁੱਖ ਮੁਕਾਬਲੇ ਵਿੱਚ ਰਹੇ,ਪਰੰਤੂ ਹੋਰ 12 ਸੀਟਾਂ ਉੱਤੇ ਭਾਜਪਾ ਉਮੀਦਵਾਰ ਮੁੱਖ ਮੁਕਾਬਲੇ ਵਿੱਚ ਵੀ ਨਹੀਂ ਟਿਕੇ। ਇਸ ਤਰਾਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਦੇ ਦੋਵੇਂ ਭਾਈਵਾਲ ਹੀ ਆਪਸ ਵਿੱਚ ਖਹਿੰਦੇ ਰਹੇ। ਇੰਡੀਆ ਗੱਠਜੋੜ ਦੇ ਹਿੱਸੇ ਪੰਜਾਬ ਵਿੱਚੋਂ 10 ਸੀਟਾਂ ਆ ਗਈਆਂ।