ਭਾਜਪਾ ਦਾ ਜ਼ਬਰਦਸਤ ਵਿਰੋਧ ਰਹੇਗਾ ਇਸੇ ਤਰ੍ਹਾਂ ਜਾਰੀ – ਗੁਰਦੀਪ ਰਾਮਪੁਰਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੇ ਕਾਫਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰਨ ਲਈ ਹੋਏ ਰਵਾਨਾ
ਬੀਟੀਐਨ , ਰਾਮਪੁਰਾ 26 ਮਈ 2024
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਕਾਰ ਵੱਲੋਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਘਰ ਆਈ. ਬੀ. ਦੇ ਛਾਪੇ ਦੇ ਸਖ਼ਤ ਨਿਖੇਧੀ ਕੀਤੀ। ਆਗੂਆਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਕਪੂਰਥਲਾ ਦੇ ਪ੍ਰਧਾਨ ਰਾਣਾ ਹਰਜਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੂੰ 8 ਸਾਲ ਪੁਰਾਣੇ ਕੇਸ ਵਿੱਚ ਦਸ ਮਈ ਨੂੰ ਗਿਰਫ਼ਤਾਰ ਕਰਕੇ ਅੱਜ ਤੱਕ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਅੱਜ ਕਿਰਤੀ ਕਿਸਾਨ ਯੂਨੀਅਨ ਦੇ ਇੱਕ ਜਥੇ ਨੂੰ ਬਰਨਾਲਾ ਆਈਟੀ ਆਈ ਚੌਂਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਦੌਰਾਨ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਲੁਧਿਆਣਾ ਵਿਖੇ ਰੈਲੀ ਦਾ ਵਿਰੋਧ ਕਰਨ ਲਈ ਕਾਫ਼ਲੇ ਰਵਾਨਾ ਹੋ ਚੁੱਕੇ ਹਨ ਅਤੇ ਚੌਂਕੀਮਾਨ ਟੋਲ ਪਲਾਜਾ ਅਤੇ ਮੁੱਲਾਪੁਰ ਵਿਖੇ ਪਹੁੰਚ ਚੁੱਕੇ ਸਨ।
ਉਪਰੋਕਤ ਹਾਲਾਤ ਬਾਰੇ ਗੱਲ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਇੱਕ ਦੂਜੇ ਦੇ ਹੱਥ ਵਿੱਚ ਹੱਥ ਪਾ ਕੇ ਕਿਸਾਨਾਂ ਦੇ ਖ਼ਿਲਾਫ਼ ਮੋਰਚਾ ਬਣਾਈ ਬੈਠੀਆਂ ਹਨ। ਆਗੂਆਂ ਕਿਹਾ ਕਿ ਦੋਵਾਂ ਦੇ ਹਿੱਤ ਸਾਂਝੇ ਹਨ ਕਿ ਲੋਕਾਈ ਵੋਟਾਂ ਦੀ ਫ਼ਸਲ ਮੁੰਨਣ ਆਏ ਫ਼ਸਲੀ ਬਟੇਰਿਆਂ ਕੋਲੋਂ ਉਨ੍ਹਾਂ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਝੂਠੇ ਲਾਰਿਆਂ ਦਾ ਹਿਸਾਬ ਕਿਤਾਬ ਨਾ ਪੁੱਛ ਸਕੇ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਜ਼ਬਰ ਅਤੇ ਸਬਰ ਦਾ ਇਹ ਘੋਲ ਸਿਖਰਾਂ ਛੋਹ ਰਿਹਾ ਹੈ। ਚੋਣਾਂ ਤੱਕ ਇਹ ਸ਼ਾਂਤਮਈ ਘੋਲ ਹੋਰ ਬੁਲੰਦੀਆਂ ਤੇ ਪਹੁੰਚੇਗਾ। ਕਿਸਾਨਾਂ ਮਜ਼ਦੂਰਾਂ ਦੀ ਇੱਕ ਮੁੱਠ ਜਥੇਬੰਦਕ ਤਾਕਤ ਅਤੇ ਸ਼ਾਂਤਮਈ ਸੰਘਰਸ਼ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤਰੇਲੀਆਂ ਲਿਆ ਛੱਡੀਆਂ ਹਨ।
ਆਗੂਆਂ ਨੇ ਕਿਹਾ ਕਿ ਜਿੱਥੇ ਹਰਨੇਕ ਸਿੰਘ ਮਹਿਮਾ ਨੂੰ ਪੁਰਾਣੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਨਾ ਜਮਹੂਰੀਅਤ ਦਾ ਘਾਣ ਹੈ ਉੱਥੇ ਹੀ ਨਿਰਭੈ ਸਿੰਘ ਢੁੱਡੀਕੇ ਦੇ ਘਰ ਕੇਂਦਰੀ ਏਜੰਸੀ ਦਾ ਛਾਪਾ ਨੰਗੀ ਚਿੱਟੀ ਡਿਕਟੇਟਰਸ਼ਿਪ ਅਤੇ ਹਰ ਤਬਕੇ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਤੇ ਡਾਕਾ ਹੈ।
ਸੂਬਾ ਆਗੂਆਂ ਨੇ ਹਰਨੇਕ ਸਿੰਘ ਮਹਿਮਾ ਅਤੇ ਹੋਰ ਗ੍ਰਿਫ਼ਤਾਰ ਕੀਤੇ ਸਾਥੀਆਂ ਦੀ ਤੁਰੰਤ ਰਿਹਾਈ ਅਤੇ ਕਪੂਰਥਲਾ ਦੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਦੀ ਘਰ ਵਿੱਚ ਨਜ਼ਰਬੰਦੀ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ।