ਵੋਟਾਂ ਦੀ ਥਾਂ ਸੰਘਰਸ਼ਾਂ ‘ਤੇ ਟੇਕ ਰੱਖਣ ਦਾ ਦਿੱਤਾ ਹੋਕਾ
ਰਘਬੀਰ ਹੈਪੀ, ਬਰਨਾਲਾ 26 ਮਈ 2024
ਪਾਰਲੀਮੈਂਟ ਚੋਣ ਮੁਹਿੰਮਾਂ ਦੇ ਮਾਹੌਲ ਦਰਮਿਆਨ ਪੰਜਾਬ ਦੀਆਂ ਦੋ ਦਰਜਨ ਦੇ ਲਗਭਗ ਸੰਘਰਸ਼ਸ਼ੀਲ ਲੋਕ ਜਥੇਬੰਦੀਆਂ ਨੇ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਵਿਸ਼ਾਲ ਲੋਕ ਸੰਗਰਾਮ ਰੈਲੀ ਕੀਤੀ। ਇਸ ਰੈਲੀ ਰਾਹੀਂ ਲੋਕਾਂ ਦੇ ਅਸਲ ਮਸਲੇ ਉਭਾਰੇ ਗਏ ਅਤੇ ਇਹਨਾਂ ਦੇ ਹੱਲ ਲਈ ਸੰਘਰਸ਼ਾਂ ਦਾ ਰਾਹ ਬੁਲੰਦ ਕੀਤਾ ਗਿਆ। ਰੈਲੀ ਵਿੱਚ ਕਿਸਾਨਾਂ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ , ਠੇਕਾ ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਰੈਲੀ ਦੀ ਸ਼ੁਰੂਆਤ ਪਿਛਲੇ ਦਿਨੀਂ ਵਿਛੜੇ ਉੱਘੇ ਕਵੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਲਈ ਮਤਾ ਪੜ੍ਹਨ ਨਾਲ ਹੋਈ। ਜਿਸ ਮਗਰੋਂ ਉਹਨਾਂ ਦੀ ਮਕਬੂਲ ਨਜ਼ਮ “ਜਗਾ ਦੇ ਮੋਮਬੱਤੀਆਂ” ਉਹਨਾਂ ਦੀ ਆਵਾਜ਼ ਵਿੱਚ ਗੂੰਜੀ ਅਤੇ ਲੋਕਾਂ ਨੇ ਉਹਨਾਂ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ।
ਕਾਨਫਰੰਸ ਨੂੰ ਸੰਬੋਧਨ ਹੁੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇਹ ਵੋਟਾਂ ਹਾਕਮ ਧੜਿਆਂ ਦੀ ਖੇਡ ਹੈ, ਲੋਕਾਂ ਨੂੰ ਵੰਡਣ ਤੇ ਭਰਮਾਉਣ ਲਈ ਹੈ। ਉਹਨਾਂ ਕਿਹਾ ਕਿ ਪਾਰਲੀਮੈਂਟ ਅੰਦਰ ਲੋਕਾਂ ਦੀ ਸੁਣਵਾਈ ਵੋਟਾਂ ਰਾਹੀਂ ਨਹੀਂ, ਲੋਕਾਂ ਦੇ ਘੋਲਾਂ ਰਾਹੀਂ ਹੋ ਸਕਦੀ ਹੈ ਇਸ ਲਈ ਉਹਨਾਂ ਲੋਕਾਂ ਨੂੰ ਵੋਟਾਂ ਰਾਹੀਂ ਜ਼ਿੰਦਗੀ ਸੰਵਰਨ ਦੇ ਇਸ ਭਰਮ ਤੋਂ ਮੁਕਤ ਹੋ ਕੇ ਆਪਣੀ ਏਕਤਾ ਤੇ ਜਥੇਬੰਦੀ ਨੂੰ ਮਜਬੂਤ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਵੋਟਾਂ ਦੇ ਇਸ ਪਾਟਕ-ਪਾਊ ਹੱਲੇ ਤੋਂ ਆਪਣੀ ਏਕਤਾ ਤੇ ਜਥੇਬੰਦੀ ਦੀ ਰਾਖੀ ਕਰਨੀ ਚਾਹੀਦੀ ਹੈ।
ਇਸ ਮੌਕੇ ਰੈਲੀ ਨੂੰ ਲਛਮਣ ਸਿੰਘ ਸੇਵੇਵਾਲਾ, ਹਰਜਿੰਦਰ ਸਿੰਘ, ਝੰਡਾ ਸਿੰਘ ਜੇਠੂਕੇ, ਹਰਿੰਦਰ ਬਿੰਦੂ, ਹਾਕਮ ਸਿੰਘ ਧਨੇਠਾ, ਬਲਿਹਾਰ ਸਿੰਘ ਕਟਾਰੀਆ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ ਹੁਸ਼ਿਆਰ ਸਿੰਘ ਸਲੇਮਗੜ੍ਹ, ਕਿਰਸ਼ਨ ਸਿੰਘ ਔਲਖ, ਜਸਵੀਰ ਸਿੰਘ, ਬਲਵੀਰ ਸਿੰਘ ਲੌਂਗੋਵਾਲ , ਪ੍ਰਗਟ ਸਿੰਘ ਸਿਵਗੜ੍ਹ, ਸਿੰਗਰਾ ਸਿੰਘ ਮਾਨ ਤੇ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ। ਉਹਨਾਂ ਨੇ ਲੋਕ ਜਥੇਬੰਦੀਆਂ ਦੇ ਸਾਂਝੇ ਮੰਗ ਪੱਤਰ ‘”30- ਨੁਕਾਤੀ ਲੋਕ ਏਜੰਡੇ” ‘ਚ ਸ਼ਾਮਿਲ ਮੁੱਦਿਆਂ ਜਿਵੇਂ ਨਿੱਜੀਕਰਨ-ਵਪਾਰੀਕਰਨ ਵਾਲੀਆਂ ਨੀਤੀਆਂ ਰੱਦ ਕਰੋ, ਸੰਸਾਰ ਵਪਾਰ ਸੰਸਥਾ ਚੋਂ ਬਾਹਰ ਆਓ, ਕਿਸਾਨ-ਮਜ਼ਦੂਰ ਵਾਤਾਵਰਨ ਪੱਖੀ ਤੇ ਕਾਰਪੋਰੇਟ-ਜਗੀਰਦਾਰ ਵਿਰੋਧੀ ਖੇਤੀ ਨੀਤੀ ਲਿਆਓ, ਜ਼ਮੀਨੀ ਸੁਧਾਰ ਕਰੋ ਤੇ ਸ਼ਾਹੂਕਾਰਾ ਧੰਦੇ ਨੂੰ ਨੱਥ ਪਾਓ, ਠੇਕਾ ਭਰਤੀ ਦੀ ਨੀਤੀ ਰੱਦ ਕਰੋ, ਪੁਰਾਣੀ ਪੈਨਸ਼ਨ ਬਹਾਲ ਕਰੋ ਤੇ ਕਾਲੇ ਕਾਨੂੰਨ ਰੱਦ ਕਰੋ ਆਦਿ ਦੀ ਭਰਵੀਂ ਚਰਚਾ ਕੀਤੀ। ਸਭਨਾਂ ਨੇ ਸਾਂਝੇ ਤੌਰ ‘ਤੇ ਜੋਕਾਂ ਦੀਆਂ ਪਾਰਟੀਆਂ ਵੱਲੋਂ ਪ੍ਰਚਾਰੇ ਜਾਂਦੇ ਅਖੌਤੀ ਵਿਕਾਸ ਮਾਡਲ ਨੂੰ ਰੱਦ ਕੀਤਾ ਅਤੇ ਇਹਨਾਂ ਮੁੱਦਿਆਂ ਦੇ ਹੱਲ ਨਾਲ ਹੀ ਪੰਜਾਬ ਦੇ ਲੋਕਾਂ ਦੇ ਅਸਲ ਵਿਕਾਸ ਤੇ ਬਿਹਤਰ ਜਿੰਦਗੀ ਦਾ ਰਾਹ ਖੁੱਲ੍ਹਣ ਦਾ ਦਾਅਵਾ ਕੀਤਾ।
ਆਗੂਆਂ ਨੇ ਕਿਹਾ ਕਿ ਸਾਮਰਾਜੀਆਂ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਇਸ ਅਖੌਤੀ ਵਿਕਾਸ ਮਾਡਲ ਨੂੰ ਲਾਗੂ ਕਰਨ ਲਈ ਭਾਜਪਾਈ ਕੇਂਦਰੀ ਹਕੂਮਤ ਨੇ ਚਾਹੇ ਫਿਰਕੂ ਫਾਸ਼ੀ ਹੱਥਕੰਡਿਆਂ ਦਾ ਸਹਾਰਾ ਲਿਆ ਹੈ ਤੇ ਇਸ ਨੂੰ ਆਰਥਿਕ ਸੁਧਾਰਾਂ ਦੇ ਜੁੜਤ ਹੱਲੇ ਵਜੋਂ ਲਾਗੂ ਕੀਤਾ ਹੈ ਪਰ ਦੂਸਰੀਆਂ ਹਾਕਮ ਪਾਰਟੀਆਂ ਵੀ ਘੱਟ ਨਹੀਂ ਹਨ। ਪੰਜਾਬ ਦੀ ਆਪ ਸਰਕਾਰ ਨੇ ਵੀ ਪਹਿਲੀਆਂ ਸਰਕਾਰਾਂ ਵਾਲੇ ਲੋਕ ਦੋਖੀ ਮਾਡਲ ਨੂੰ ਹੀ ਅੱਗੇ ਵਧਾਇਆ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਹੱਲੇ ਦਾ ਅਸਲ ਟਾਕਰਾ ਲੋਕਾਂ ਦੇ ਘੋਲਾ ਰਾਹੀਂ ਹੋ ਸਕਦਾ ਹੈ ਨਾ ਕਿ ਹਾਕਮ ਧੜਿਆਂ ਦੀ ਵੋਟ ਖੇਡ ਰਾਹੀਂ। ਇਸ ਲਈ ਲੋਕਾਂ ਨੂੰ ਅਸਲ ਲੋਕ ਮੁੱਦਿਆਂ ਦੁਆਲੇ ਸਾਂਝੇ ਘੋਲ ਉਸਾਰਨ ਦੇ ਰਾਹ ਪੈਣਾ ਚਾਹੀਦਾ ਹੈ ਅਤੇ ਇਹਨਾਂ ਘੋਲਾਂ ਦੇ ਰਾਹੀਂ ਹਾਕਮ ਜਮਾਤਾਂ ਦੀ ਪੁਗਤ ਦੇ ਮੁਕਾਬਲੇ ਆਪਣੀ ਪੁੱਗਤ ਤੇ ਵੁੱਕਤ ਸਥਾਪਿਤ ਕਰਨ ਵੱਲ ਵਧਣਾ ਚਾਹੀਦਾ ਹੈ।
ਇਸ ਰੈਲੀ ਦੌਰਾਨ ਪਲਸ ਮੰਚ ਨਾਲ਼ ਜੁੜੇ ਲੋਕ ਸੰਗੀਤ ਮੰਡਲੀ ਭਦੌੜ, ਕਵੀਸ਼ਰੀ ਜਥਾ ਰਸੂਲਪੁਰ , ਧਰਮਿੰਦਰ ਸਿੰਘ ਮਸਾਣੀ,ਕੁਲਦੀਪ ਸਿੰਘ ਜਲੂਰ ਤੇ ਸਤਪਾਲ ਦੁਆਰਾ ਇਨਕਲਾਬੀ ਗੀਤ ਪੇਸ਼ ਕੀਤੇ ਗਏ।