ਮੀਤ ਨੇ ਇਉਂ ਮੋਹਿਆ ਬਰਨਾਲਾ ਸ਼ਹਿਰ ਦੇ ਲੋਕਾਂ ਦਾ ਦਿਲ,ਨਾਅਰਿਆਂ ਨਾਲ ਦਿੱਤਾ ਸਮੱਰਥਨ ਦਾ ਭਰੋਸਾ
ਬਰਨਾਲਾ ਨੂੰ ਰੇਲ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੋੜਿਆ
ਹਰਿੰਦਰ ਨਿੱਕਾ, ਬਰਨਾਲਾ 23 ਮਈ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲੰਘੀ ਦੇਰ ਸ਼ਾਮ, ਮਰਹੂਮ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਕੋਠੀ ਦੇ ਐਨ ਸਾਹਮਣੇ ਸਥਿਤ ਪਾਰਕ ‘ਚ, ਹੋਈ ਇੱਕ ਨੁੱਕੜ ਮੀਟਿੰਗ ਵਿੱਚ ਪਹੁੰਚ ਕੇ ਲੋਕਾਂ ਤੋਂ ਇੱਕ ਵਾਰ ਵੋਟਾਂ ਦਾ ਸਹਿਯੋਗ ਮੰਗਿਆ । ਮੀਤ ਹੇਅਰ ਨੇ ਆਪਣੇ ਮਿਲਾਪੜੇ ਸੁਭਾਅ ,ਲੋਕਾਂ ਨਾਲ ਅਪਣੱਤ ਭਰੇ ਲਹਿਜ਼ੇ ‘ਚ ਕੀਤੇ ਭਾਸ਼ਣ ਨਾਲ ਇਲਾਕੇ ਦੇ ਲੋਕਾਂ ਦਾ ਮਨ ਮੋਹ ਲਿਆ। ਮੀਤ ਹੇਅਰ ਦੇ ਭਾਸ਼ਣ ਵਿੱਚ ਲਗਾਤਾਰ , ਉਸ ਨੂੰ ਸਮੱਰਥਨ ਦੇਣ ਦੇ ਨਾਅਰੇ ਗੂੰਜਦੇ ਰਹੇ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਮੀਤ ਹੇਅਰ ਨੇ ਰਵਾਇਤੀ ਲੀਡਰਾਂ ਦੀ ਤਰਾਂ ਭਾਸ਼ਣ ਦੇਣ ਦੀ ਬਜਾਏ, ਲੋਕਾਂ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਬਰਨਾਲਾ ਸ਼ਹਿਰ ਦਾ ਆਪਣਾ ਪੁੱਤ ਹੋਣ ਦੀਆਂ ਗੱਲਾਂ ਕੀਤੀਆਂ। ਚੋਣ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਮੇਰੀ ਜੋ ਵੀ ਪਹਿਚਾਣ ਬਰਨਾਲਾ ਤੋਂ ਬਾਹਰ,ਪੰਜਾਬ ਹੀ ਨਹੀਂ,ਪੰਜਾਬੋਂ ਬਾਹਰ ਵੀ ਬਣੀ ਹੈ, ਇਹ ਸਿਰਫ ਬਰਨਾਲਾ ਇਲਾਕੇ ਦੇ ਲੋਕਾਂ ਵੱਲੋਂ ਲਗਾਤਾਰ ਦੋ ਵਾਰ ਵੱਡੇ-ਵੱਡੇ ਧਨਾਢਾਂ ਨੂੰ ਹਰਾ ਕੇ ਮੈਨੂੰ ਵਿਧਾਨ ਸਭਾ ਵਿੱਚ ਭੇਜਣ ਕਾਰਣ ਹੀ ਬਣੀ ਹੈ।
ਮੀਤ ਹੇਅਰ ਨੇ ਕਿਹਾ ਕਿ ਹੁਣ ਫਿਰ ਪਾਰਟੀ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਦਿਆਂ ਲੋਕ ਸਭਾ ਦੀ ਟਿਕਟ ਦਿੱਤੀ ਹੈ, ਹੁਣ ਮੇਰਾ ਪਹਿਲਾਂ ਦੀ ਤਰਾਂ ਮਾਣ ਰੱਖਣਾ, ਤੁਹਾਡੀ ਜਿੰਮੇਵਾਰੀ ਹੈ, ਮੈਂ ਕਦੇ ਵੀ ਬਰਨਾਲਾ ਇਲਾਕੇ ਵਾਲਿਆਂ ਦਾ ਦੇਣ ਨਹੀਂ ਦੇ ਸਕਦਾ। ਉਨਾਂ ਕਿਹਾ ਕਿ ਪਹਿਲਾਂ ਚੁਣੇ ਜਾਂਦੇ ਰਹੇ ਵਿਧਾਇਕ ਜਾਂ ਹਲਕਾ ਇੰਚਾਰਜ ਸਿਰਫ ਵੋਟਾਂ ਵੇਲੇ ਹੀ ਲੋਕਾਂ ਕੋਲ ਆਉਂਦੇ ਸਨ, ਵੋਟਾਂ ਲੈ ਕੇ, ਚੰਡੀਗੜ੍ਹ ਡੇਰਾ ਲਾਉਂਦੇ ਰਹੇ ਹਨ। ਪਰੰਤੂ, ਮੈਂ ਵਿਧਾਇਕ ਅਤੇ ਮੰਤਰੀ ਬਣ ਕੇ, ਆਪਣਾ ਘਰ ਬਰਨਾਲਾ ਵਿਖੇ ਹੀ ਰੱਖਿਆ, ਹਰ ਹਫਤੇ ਚੋਂ ਘੱਟੋ-ਘੱਟ ਦੋ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਬਰਨਾਲਾ ਨਿਰੰਤਰ ਆਉਂਦਾ ਰਿਹਾ ਹਾਂ। ਵਿਕਾਸ ਕੰਮਾਂ ਲਈ ਵੀ ਅੱਡੀ ਚੋਟੀ ਦਾ ਜ਼ੋਰ ਲਾ ਕੇ ਬਰਨਾਲਾ ਇਲਾਕੇ ਦੀ ਡਿਵੈਲਪਮੈਂਟ ਲਈ, ਕਰੋੜਾਂ ਰੁਪਏ ਲੈ ਕੇ ਆਇਆ ਹਾਂ। ਜਦੋਂਕਿ ਪਹਿਲਾਂ ਬਰਨਾਲਾ ਸ਼ਹਿਰ ਅੰਦਰ, ਸਿਰਫ ਨਗਰ ਕੌਂਸਲ ਦੀ ਆਪਣੀ ਆਮਦਨੀ ਨਾਲ ਹੀ, ਵਿਕਸ ਦਾ ਕੰਮ ਇੰਟਰਲੌਕ ਟਾਇਲਾਂ ਤੱਕ ਹੀ ਸੀਮਤ ਰਿਹਾ ਹੈ। ਉਨਾਂ ਕਿਹਾ ਕਿ ਬਦਲ ਬਦਲ ਕੇ ਸਰਕਾਰਾਂ ਬਣਦੀਆਂ ਰਹੀਆਂ, ਪਰ ਬਰਨਾਲਾ ਸ਼ਹਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਗਰ ਸੁਧਾਰ ਟਰੱਸਟ ਦੀ ਬਾਬਾ ਕਾਲਾ ਮਹਿਰ ਸਟੇਡੀਅਮ ਵੱਲ ਹੋ ਕੇ ਠੀਕਰੀਵਾਲਾ ਨੂੰ ਜੋੜਦੀ ਸੜਕ ਬਣਾਉਣ ਲਈ,ਕਰੀਬ ਡੇਢ ਕਰੋੜ ਰੁਪਏ ਦੀ ਗਰਾਂਟ ਲਿਆਂਦੀ। ਤੇ ਸੜਕ ਨਿਰਮਾਣ ਦਾ ਅੱਧਿਓ ਵੱਧ ਕੰਮ ਵੀ ਨਿਬੜਣ ਨੇੜੇ ਹੈ। ਮੀਤ ਹੇਅਰ ਨੇ, ਸ਼ਹਿਰ ਦੇ ਚੌਂਕਾ ਨੂੰ ਸੋਹਣਾ ਬਣਾਉਣ ਲਈ ਵੀ ਕਰੋੜਾਂ ਰੁਪਏ ਦੇ ਸ਼ੁਰੂ ਕੀਤੇ ਕੰਮਾਂ , ਪੇਂਡੂ ਇਲਾਕਿਆਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਖਰਚੇ ਕਰੋੜਾਂ ਰੁਪੱਈਆਂ ਅਤੇ ਪਿੰਡਾਂ ਦੇ ਛੱਪੜਾਂ ਨੂੰ ਥਾਪਰ ਮਾਡਲ ਤਹਿਤ ਲੈ ਕੇ ਆਉਣ ਤੇ ਕੀਤੇ ਖਰਚ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਮੇਰੇ ਤੋਂ ਬਿਨਾਂ, ਲੋਕ ਸਭਾ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਉਤਰਿਆ ਕੋਈ ਵੀ ਉਮੀਦਵਾਰ, ਸੰਗਰੂਰ ਲੋਕ ਸਭਾ ਹਲਕੇ ਦਾ ਨਹੀਂ ਹੈ,ਇਹ ਸਾਰੇ 1 ਜੂਨ ਨੂੰ ਵੋਟਾਂ ਪੈਣ ਤੋਂ ਬਾਅਦ ਇੱਥੋਂ ਚਲੇ ਜਾਣਗੇ,ਪਰ ਮੈਂ ਹਮੇਸ਼ਾ ਬਰਨਾਲਾ ਦਾ ਹੈ,ਇੱਥੇ ਹੀ ਰਹਾਂਗਾ। ਮੇਰੀ ਵਾਹਿਗੁ੍ਰੂ ਅੱਗੇ ਦੁਆ ਹੈ ਕਿ ਮੈਂ ਆਖਰੀ ਸਾਹ ਵੀ, ਆਪਣੇ ਬਰਨਾਲਾ ਇਲਾਕੇ ਦੇ ਲੋਕਾਂ ਵਿੱਚ ਹੀ ਲਵਾਂ।
ਵਿਰੋਧੀਆਂ ਨੂੰ ਭੰਡਿਆ ‘ਤੇ,,,,
ਮੀਤ ਹੇਅਰ ਨੇ ਵਿਰੋਧੀ ਪਾਰਟੀਆਂ ਦੇ ਰਹੇ ਵਿਧਾਇਕਾਂ ਦਾ ਨਾਮ ਲਏ ਬਿਨਾਂ ਕਿਹਾ ਕਿ ਪਹਿਲਾਂ ਵਾਲੇ, ਟਰੱਕ ਯੂਨੀਅਨਾਂ/ ਨਗਰ ਕੌਂਸਲ ਪੰਬੰਧਕਾਂ/ ਕੌਂਸਲ ਠੇਕੇਦਾਰਾਂ ਤੋਂ ਵਗਾਰਾਂ ਲੈਣ ਨੂੰ ਆਪਣਾ ਹੱਕ ਸਮਝਦੇ ਹੁੰਦੇ ਸਨ। ਪਰੰਤੂ ਆ ਖੜ੍ਹੇ ਨੇ ਕੌਂਸਲਰ, ਠੇਕੇਦਾਰ ਤੇ ਟਰੱਕ ਯੂਨੀਅਨ ਤੇ ਸ਼ੈਲਰਾਂ ਦੇ ਨੁਮਾਇੰਦੇ,ਕਦੇ ਵੀ ਮੀਤ ਨੇ ਕਿਸੇ ਤੋਂ ਇੱਕ ਪੈਸੇ ਦੀ ਵਗਾਰ ਨਹੀਂ ਪਾਈ। ਉਨਾਂ ਕਿਹਾ ਕਿ ਪਹਿਲਾਂ ਵਾਲੇ ਲੱਖਾਂ ਰੁਪਏ ਲੈ ਕੇ, ਕੌਂਸਲਾਂ ਦੇ ਪ੍ਰਧਾਨ ਅਤੇ ਟਰੱਸਟਾਂ ਦੇ ਚੇਅਰਮੈਨ ਲਾਉਂਦੇ ਰਹੇ ਹਨ, ਪਰ ਸਾਡੀ ਸਰਕਾਰ ਨੇ, ਰਾਮ ਤੀਰਥ ਮੰਨਾ ਵਰਗੇ,ਗਰੀਬ ਘਰ ਦੇ ਪੁੱਤ ਨੂੰ ਚੇਅਰਮੈਨ ਬਣਾਇਆ ਹੈ। ਉਨਾਂ ਕਿਹਾ ਕਿ ਜੇ ਕੋਈ ਵਿਅਕਤੀ ਮੈਨੂੰ ਕੋਈ ਸਰਕਾਰੀ ਪੈਸਾ ਜਾਂ ਵਗਾਰ ਦਾ ਪੈਸਾ ਮੇਰੇ ਕੋਲ ਆਇਆ ਸਾਬਿਤ ਕਰ ਦੇਵੇ ਤਾਂ ਮੈਂ ਮੁੜ ਕੇ, ਕਦੇ ਵੋਟ ਮੰਗਣ ਨਹੀਂ ਆਉਂਦਾ, ਇਹ ਮੇਰਾ ਵਾਅਦਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਇਲਾਕੇ ਦੇ ਲੋਕਾਂ ਨੂੰ 26 ਸਾਲ ਬਾਅਦ ਮੌਕਾ ਮਿਲਿਆ ਹੈ ਕਿ ਉਹ ਆਪਣੇ ਸ਼ਹਿਰ ਦੇ ਪੁੱਤ ਨੂੰ ਲੋਕ ਸਭਾ ਵਿੱਚ ਜਿਤਾ ਕੇ ਭੇਜ ਸਕਦੇ ਹਨ।
ਮੀਤ ਹੇਅਰ ਨੇ ਕਿਹਾ ਕਿ ਇਹ ਮੇਰਾ ਵਾਅਦੈ ਕਿ ਜੇ ਕੁੰਡੀ ਕਿਤੇ ਓਥੇ (ਕੇਂਦਰ ‘ਚ ) ਅੜਗੀ, ਫਿਰ ਬਰਨਾਲੇ ਆਲਿਆਂ ਦੇ 75 ਸਾਲਾਂ ਦੇ ਪੁਰਾਣੇ ਦੁੱਖ ਤੋੜ ਦੂੰ…। ਇਹ ਸੁਣਦਿਆਂ ਹੀ ਲੋਕਾਂ ਨੇ ਅਕਾਸ਼ ਗੂੰਜਾਉ ਨਾਅਰਿਆਂ ਨਾਲ ਮੀਤ ਹੇਅਰ ਨੂੰ ਸਮੱਰਥਨ ਦੇਣ ਦਾ ਭਰੋਸਾ ਦੇ ਕੇ,ਉਨਾਂ ਦਾ ਹੌਸਲਾ ਵਧਾਇਆ। ਮੀਤ ਹੇਅਰ ਨੇ ਮੀਡੀਆ ਵੱਲੋਂ ਲੋਕ ਸਭਾ ਵਿੱਚ ਕਿਹੜੇ ਮੁੱਦੇ ਉਠਾਉਣ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਕਾਫੀ ਹੌਸਲੇ ਤੇ ਭਰੋਸੇ ਨਾਲ ਕਿਹਾ ਕਿ ਮੁੱਦੇ ਤਾਂ ਵਿਰੋਧੀ ਧਿਰ ਵਾਲੇ ਉਠਾਉਂਦੇ ਹਨ, ਦੇਸ਼ ਵਿੱਚ ਤਾਂ ਇੰਡੀਆ ਗਠਬੰਧਨ ਦੀ ਸਰਕਾਰ ਬਣ ਰਹੀ ਹੈ, ਆਮ ਆਦਮੀ ਪਾਰਟੀ ਵੀ ਸੱਤਾ ਵਿੱਚ ਸ਼ਾਮਿਲ ਹੋਵੇਗੀ। ਸੱਤਾਧਰੀ ਧਿਰ ਤਾਂ ਕੰਮ ਕਰਕੇ, ਲੋਕਾਂ ਰਾਹਤ ਦਿੰਦੀ ਹੈ।
ਮੀਤ ਹੇਅਰ ਨੇ ,ਕਿਹਾ ਕਿ ਸਿਮਰਨਜੀਤ ਸਿੰਘ ਮਾਨ ,ਹਜਾਰਾਂ ਨਿਹੱਥੇ ਲੋਕਾਂ ਨੂੰ ਜਲ੍ਹਿਆਂਵਾਲਾ ਬਾਗ ਵਿੱਚ ਮੌਤ ਦੇ ਘਾਟ ਉਤਾਰਨ ਵਾਲੇ ਜਰਨਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਅਰੂੜ ਸਿੰਘ ਦਾ ਦੋਹਤਾ ਹੈ, ਤੇ ਇਹ ਫਾਂਸੀ ਦਾ ਰੱਸਾ ਚੁੰਮ ਕੇ, ਦੇਸ਼ ਨੂੰ ਅਜ਼ਾਦੀ ਦਿਵਾਉਣ ਵਾਲੇ ਅਮਰ ਸ਼ਹੀਤ ਭਗਤ ਸਿੰਘ ਨੂੰ ਗਦਾਰ ਅਤੇ ਅੱਤਵਾਦੀ ਦੱਸਦਾ ਹੈ। ਉਨ੍ਹਾਂ ਨੇ ਇੱਕ ਵਾਰ ਵੀ, ਆਪਣੇ ਨਾਨੇ ਅਰੂੜ ਸਿੰਘ ਦੀ ਬੱਜਰ ਗਲਤੀ ਲਈ ਮਾਫੀ ਨਹੀਂ ਮੰਗੀ, ਸਗੋਂ ਬੜੀ ਢੀਠਤਾਈ ਨਾਲ ਕਹਿੰਦਾ ਹੈ ਕਿ ਉਸ ਦੇ ਨਾਨੇ ਨੇ ਜਰਨਲ ਡਾਇਰ ਨੂੰ ਸਿਰੋਪਾ ਦੇ ਕੇ,ਉਸ ਨੂੰ ਠੰਡਾ ਕੀਤਾ ਸੀ,ਨਹੀਂ ਤਾਂ ਉਹ ਹੋਰ ਵੀ ਨੁਕਸਾਨ ਕਰ ਸਕਦਾ ਸੀ। ਮੀਤ ਨੇ ਕਿਹਾ ਕਿ ਇੱਕ ਪਾਸੇ ਅਮਰ ਸ਼ਹੀਦ ਊਧਮ ਸਿੰਘ ਸੁਨਾਮ ਨੇ 23 ਸਾਲ ਦੀ ਉਮਰ ਵਿੱਚ ਲੰਡਨ ਜਾ ਕੇ, ਜਰਨਲ ਡਾਇਰ ਤੇ ਹਮਲਾ ਕਰਕੇ,ਜਲਿਆਂਵਾਲਾ ਬਾਗ ਕਾਂਡ ਦਾ ਬਦਲਾ ਲਿਆ ਸੀ। ਇਸ ਤਰਾਂ ਦਾ ਕਿਰਦਾਰ ਹੈ,ਸਿਮਰਨਜੀਤ ਸਿੰਘ ਮਾਨ ਦਾ, ਇਹ ਲੋਕਾਂ ਦੇ ਜੁਆਨ ਪੁੱਤਾਂ ਦੀਆਂ ਲਾਸ਼ਾਂ ਤੇ ਰਾਜਨੀਤੀ ਕਰਦਾ ਹੈ। ਇਸ ਮੌਕੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਟ ਗੁਰਦੀਪ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮਤੀਰਥ ਮੰਨਾ, ਕੌਂਸਲਰ ਰੁਪਿੰਦਰ ਸ਼ੀਤਲ, ਪਰਮਜੀਤ ਸਿੰਘ ਜ਼ੌਂਟੀ ਮਾਨ, ਧਰਮਿੰਦਰ ਸ਼ੰਟੀ, ਆਪ ਆਗੂ ਇਸ਼ਵਿੰਦਰ ਜੰਡੂ, ਪਰਮਿੰਦਰ ਭੰਗੂ, ਰਾਜੂ, ਸੱਤਪਾਲ ਸੱਤਾ, ਰਣਜੀਤ ਸਿੰਘ ਜੀਤਾ ਮੋਰ, ਲਵਪ੍ਰੀਤ ਦੀਵਾਨਾ ਅਤੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।