ਕੱਢਿਆ ਚੋਣਾਂ ਦਾ ਨਿਚੋੜ,ਚਿਹਰੇ ਨਹੀਂ, ਲੁਟੇਰਾ ਪ੍ਰਬੰਧ ਬਦਲਣ ਦੀ ਲੋੜ..ਨਰਾਇਣ ਦੱਤ

Advertisement
Spread information

 ਲੋਕ ਸਭਾ ਚੋਣਾਂ ਮੌਕੇ ਇਨਕਲਾਬੀ ਕੇਂਦਰ ਪੰਜਾਬ ਨੇ ਮਿਹਨਤਕਸ਼ ਲੋਕਾਈ ਦੀ ਮੁਕਤੀ ਦੇ ਮੁੱਦੇ ਤੇ ਵਿਚਾਰ ਚਰਚਾ

ਹਰਿੰਦਰ ਨਿੱਕਾ, ਬਰਨਾਲਾ 23 ਮਈ 2024
        ਇਨਕਲਾਬੀ ਕੇਂਦਰ, ਪੰਜਾਬ ਵੱਲੋਂ 18ਵੀਆਂ ਲੋਕ ਸਭਾ ਚੋਣਾਂ ਦੇ ਮਘੇ-ਭਖੇ ਅਖਾੜੇ ਸਮੇਂ ਵੱਖੋ-ਵੱਖ ਖੇਤਰ ਦੇ ਚੇਤੰਨ ਆਗੂਆਂ ‘ਤੇ ਅਧਾਰਿਤ ਵਿਸ਼ੇਸ਼ ਚਰਚਾ ਡਾ ਰਜਿੰਦਰ ਪਾਲ ਦੀ ਅਗਵਾਈ ਵਿੱਚ ਕੀਤੀ ਗਈ। ਇਸ ਚਰਚਾ ਵਿੱਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਵਿਸਥਾਰ ਵਿੱਚ ਵਿਚਾਰ ਪੇਸ਼ ਕਰਦਿਆਂ ਕਿਹਾ ਸਭ ਪਾਰਲੀਮਾਨੀ ਤੇ ਕੁੱਝ ਕੁੱਝ ਹੱਦ ਤੱਕ ਬੁਰਜੂਆ ਸੰਵਿਧਾਨਕ ਦੇਸ਼ਾਂ ਦਾ ਸਮੁੱਚਾ ਇਤਿਹਾਸ ਦਰਸਾਉਂਦਾ ਹੈ ਕਿ ਵਜ਼ੀਰਾਂ ਦੀ ਤਬਦੀਲੀ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਕਿਉਂਕਿ ਪ੍ਰਬੰਧ ਦਾ ਅਸਲੀ ਕਾਰਜ ਅਫਸਰਾਂ ਦੀ ਇੱਕ ਤਕੜੀ ਫ਼ੌਜ ਦੇ ਹੱਥ ਵਿੱਚ ਹੁੰਦਾ ਹੈ। ਪ੍ਰੰਤੂ ਅਫਸਰਾਂ ਦੀ ਇਹ ਫੌਜ ਪੂਰੀ ਤਰ੍ਹਾਂ ਗੈਰ-ਜਮਹੂਰੀ ਹੁੰਦੀ ਹੈ। ਇਹ ਹਜ਼ਾਰਾਂ ਲੱਖਾਂ ਤੰਦਾਂ ਨਾਲ ਭੋਂ-ਪਤੀਆਂ ਅਤੇ ਸਰਮਾਏਦਾਰੀ ਨਾਲ ਜੁੜੀ ਹੁੰਦੀ ਹੈ ਤੇ ਪੂਰੀ ਤਰ੍ਹਾਂ ਉਨ੍ਹਾਂ ਦੀ ਮੁਥਾਜ ਹੁੰਦੀ ਹੈ।                                                                   ਇਹ ਫ਼ੌਜ ਬੁਰਜੁਆ ਸਬੰਧਾਂ ਦੇ ਵਾਤਾਵਰਨ ਵਿੱਚ ਘਿਰੀ ਹੁੰਦੀ ਹੈ ਤੇ ਏਸੇ ਵਾਤਾਵਰਨ ਵਿੱਚ ਵਿਚਰਦੀ ਹੈ। ਆਪਣੇ ਆਪ ਨੂੰ ਇਸ ਵਾਤਾਵਰਨ ਤੋਂ ਆਜ਼ਾਦ ਕਰਾ ਸਕਣ ਦੀ ਇਸ ਵਿੱਚ ਸਮਰੱਥਾ ਨਹੀਂ ਹੁੰਦੀ। ਇਹ ਕੇਵਲ ਪੁਰਾਣੇ ਢੰਗ ਵਿੱਚ ਹੀ ਸੋਚ ਸਕਦੀ, ਮਹਿਸੂਸ ਕਰ ਸਕਦੀ ਜਾਂ ਅਮਲ ਕਰ ਸਕਦੀ ਹੈ। ਇਹ ਫ਼ੌਜ ਅਹੁਦੇ ਦੀ ਗੁਲਾਮੀ ਵਿੱਚ, ‘ਸਿਵਲ ਸਰਵਿਸ’ ਦੇ ਕੁੱਝ ਵਿਸ਼ੇਸ਼ ਹੱਕਾਂ ਵਿੱਚ ਬੱਝੀ ਹੁੰਦੀ ਹੈ। ਇਸ ਫ਼ੌਜ ਦੇ ਉੱਪਰਲੇ ਵਿਅਕਤੀ ਹਿੱਸਿਆਂ ਤੇ ਬੈਂਕਾਂ ਦੇ ਸਾਧਨਾ ਦੁਆਰਾ ਪੂਰੀ ਤਰ੍ਹਾਂ ਵਿੱਤੀ ਸਰਮਾਏ ਦੇ ਗ਼ੁਲਾਮ ਹੁੰਦੇ ਹਨ, ਜੋ ਇੱਕ ਹੱਦ ਤੱਕ ਇਸ ਦੇ ਏਜੰਟ, ਅਤੇ ਇਸ ਦੇ ਹਿੱਤਾਂ ‘ਤੇ ਪ੍ਰਭਾਵ ਦੇ ਸਾਧਨ ਹੁੰਦੇ ਹਨ। ਇਸ ਰਾਜ ਢਾਂਚੇ ਦੇ ਵਸੀਲੇ ਰਾਹੀਂ ਬਿਨ੍ਹਾਂ ਮੁਆਵਜ਼ੇ ਦੇ ਜ਼ਮੀਨੀ ਐਸਟੇਟਾਂ ਖ਼ਤਮ ਕਰਨ ਜਾਂ ਅਨਾਜ ਦੀ ਇਜਾਰੇਦਾਰੀ, ਆਦਿ, ਸੁਧਾਰ ਨੇਪਰੇ ਚਾੜ੍ਹਨ ਦਾ ਯਤਨ ਕਰਨਾ ਇੱਕ ਬਹੁਤ ਵੱਡਾ ਵਹਿਮ, ਬਹੁਤ ਵੱਡਾ ਸਵੈ-ਧੋਖਾ ਅਤੇ ਲੋਕਾਂ ਨਾਲ ਦਗਾ ਹੈ। ਇਹ ਢਾਂਚਾ ਫਰਾਂਸ ਦੀ ਤੀਸਰੀ ਰੀਪਬਲਿਕ ਵਾਂਗ, “ਬਾਦਸ਼ਾਹ ਤੋਂ ਬਿਨਾਂ ਬਾਦਸ਼ਾਹੀ” ਸਾਮਰਾਜੀ ਤਾਕਤਾਂ ਅਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਹੀ ਕਰ ਸਕਦਾ ਹੈ। ਪਰ ਇਹ ਪੂੰਜੀ ਦੇ ਅਧਿਕਾਰਾਂ ਨੂੰ, “ਪਵਿੱਤਰ ਨਿੱਜੀ ਸੰਪਤੀ” ਦੇ ਅਧਿਕਾਰਾਂ ਨੂੰ ਖਤਮ ਕਰਨਾ ਤਾਂ ਦੂਰ ਰਿਹਾ, ਇਹਨਾਂ ਨੂੰ ਗੰਭੀਰ ਰੂਪ ਵਿੱਚ ਘਟਾਉਣ ਤੇ ਸੀਮਤ ਕਰਨ ਦੇ ਸੁਧਾਰ ਨੇਪਰੇ ਚਾੜ੍ਹਨ ਦੇ ਵੀ ਉੱਕਾ ਹੀ ਅਸਮਰੱਥ ਹੈ। ਇਹੀ ਕਾਰਨ ਹੈ ਕਿ ਸਭ ਪ੍ਰਕਾਰ ਦੇ “ਕੁਲੀਸ਼ਨ ਮੰਤਰੀ ਮੰਡਲਾਂ” ਅਧੀਨ ਜਿਨ੍ਹਾਂ ਵਿੱਚ ਸੋਸ਼ਲਿਸਟ ਸ਼ਾਮਲ ਹੁੰਦੇ ਹਨ, ਹੁੰਦਾ ਹਮੇਸ਼ਾ ਇਹ ਹੈ ਕਿ ਇਹ ਸੋਸ਼ਲਿਸਟ, ਵਿਅਕਤੀਗਤ ਰੂਪ ਵਿੱਚ ਪੂਰਨ ਸੁਹਿਰਦ ਹੁੰਦਿਆਂ ਹੋਇਆਂ ਵੀ, ਇਹ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਬੁਰਜੁਆ ਸਰਕਾਰ ਦਾ ਬੇਲੋੜਾ ਸ਼ਿੰਗਾਰ ਜਾਂ ਉਸ ਲਈ ਇੱਕ ਪ੍ਰਕਾਰ ਦਾ ਪਰਦਾ ਹੁੰਦੇ ਹਨ। ਉਹ ਇੱਕ ਪ੍ਰਕਾਰ ਅਸਮਾਨੀ ਬਿਜਲੀ ਤੋਂ ਬਚਾਉਣ ਵਾਲੇ ਕੰਡਕਟਰ ਹੁੰਦੇ ਹਨ ਜੋ ਸਰਕਾਰ ਵਿਰੁੱਧ ਲੋਕਾਂ ਦੇ ਰੋਹ ਨੂੰ ਲਾਂਭੇ ਲਿਜਾਂਦੇ ਹਨ, ਤੇ ਜੋ ਲੋਕਾਂ ਨੂੰ ਧੋਖਾ ਦੇਣ ਲਈ ਸਰਕਾਰ ਦਾ ਇੱਕ ਹਥਿਆਰ ਹੋ ਨਿੱਬੜਦੇ ਹਨ। ਜਿੰਨਾ ਚਿਰ ਲੁੱਟ ,ਜਬਰ ਵਾਲਾ ਲੋਕ ਦੋਖੀ ਪ੍ਰਬੰਧ ਕਾਇਮ ਹੈ ਅਤੇ ਜਦੋਂ ਤੱਕ ਪੁਰਾਣਾ, ਬੁਰਜੁਆ, ਨੌਕਰਸ਼ਾਹ ਰਾਜ ਢਾਂਚਾ ਮੌਜੂਦ ਹੈ, ਇਵੇਂ ਹੀ ਹੁੰਦਾ ਰਹੇਗਾ। ਉਨ੍ਹਾਂ ਇਸ ਢਾਂਚੇ ਨੂੰ ਉਖਾੜ ਕੇ ਨਵਾਂ ਜਮਹੂਰੀ ਪ੍ਰਬੰਧ ਸਿਰਜਣ ਲਈ ਜਮਾਤੀ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਸੰਬੋਧਨ ਕਰਦਿਆਂ ਨੌਜਵਾਨ ਆਗੂਆਂ ਹਰਪ੍ਰੀਤ ਅਤੇ ਜਗਮੀਤ ਬੱਲਮਗੜ੍ਹ ਨੇ ਕਿਹਾ ਕਿ ਮੌਜੂਦਾ ਲੋਕ ਸਭਾ ਚੋਣਾਂ ਮੌਕੇ ਪਾਰਲੀਮਾਨੀ ਪ੍ਰਬੰਧ ਦੇ ਇਤਿਹਾਸ ਨੂੰ ਜਾਨਣ ਦੀ ਲੋੜ ਹੈ ਕਿ ਇਹ ਕਦੋਂ, ਕਿਉਂ ਅਤੇ ਕਿਸ ਦੇ ਹਿੱਤਾਂ ਲਈ ਹੋਂਦ ‘ਚ ਆਇਆ, ਸਮਝਣ ਦੀ ਲੋੜ ਹੈ। ਮੌਜ਼ੂਦਾ ਸਮੇਂ ਦੇ ਸੰਕਟ ਤੇ ਪੈਦਾ ਹੋ ਰਹੀ ਭੰਬਲਭੂਸੇ ਵਾਲੀ ਹਾਲਤ ਦੀ ਹਕੀਕਤ ਨੂੰ ਜਾਣਨ ਲਈ ਇਸ ਗੰਭੀਰ ਮੁੱਦੇ ‘ਤੇ ਵਿਚਾਰ ਚਰਚਾਵਾਂ ਕਰਨੀਆਂ ਅੱਜ ਦੀ ਬੇਹੱਦ ਲਾਜ਼ਮੀ ਲੋੜ ਹੈ। ਕਿਉੰਕਿ ਭਾਰਤ ਵਿੱਚ ਜੋ ਇਹ 18ਵੀਆਂ ਲੋਕ ਸਭਾ ਚੋਣਾਂ ਉਸ ਸਮੇਂ ਹੋ ਰਹੀਆਂ ਹਨ ਜਦੋਂ ਭਾਰਤ ਸਮੇਤ ਦੁਨੀਆਂ ਭਰ ਦੇ ਲੁਟੇਰੇ ਹਾਕਮ ਇੱਕ ਬਹੁਤ ਵੱਡੇ ਸੰਕਟ ਵਿੱਚ ਘਿਰਦੇ ਜਾ ਰਹੇ ਹਨ। ਸੰਸਾਰ ਪੱਧਰ ਤੇ ਸਿਖਰਾਂ ਛੋਹ ਰਹੀ ਗੈਰ ਬਰਾਬਰੀ, ਪਰਮਾਣੂ ਹਥਿਆਰਾਂ ਦੀ ਹੋਂਦ ਤੇ ਵਾਤਾਵਰਨ ਸੰਕਟ ਮੌਜ਼ੂਦਾ ਸੰਕਟ ਨੂੰ ਹੋਰ ਵੀ ਵੱਧ ਤਿੱਖਾ ਕਰ ਰਿਹਾ ਹੈ।                                                                        ਇਸੇ ਕਾਰਨ ਇਸ ਸਾਲ 2024 ਵਿੱਚ ਦੁਨੀਆਂ ਦੀ ਲਗਭਗ ਅੱਧੀ ਆਬਾਦੀ ਦੇ ਮੁਲਕਾਂ ਵਿੱਚ ਹੋ ਰਹੀਆਂ ਚੋਣਾਂ ਵਿੱਚ ਮੋਦੀ ਦੀ ਅਗਵਾਈ ਵਾਲੀ ਆਰ ਐਸ ਐਸ ਦੇ ਹਿੰਦੂਤਵੀ ਫਿਰਕੂਫਾਸ਼ੀ ਏਜੰਡੇ ਵਾਲੀ ਬੀਜੇਪੀ ਪਾਰਟੀ ਵਰਗੀਆਂ ਫਿਰਕਾਪ੍ਰਸਤ ਜਾਂ ਨਸਲੀ ਵਿਤਕਰੇ ਵਾਲੀਆਂ ਪਾਰਟੀਆਂ ਰਾਜ ਸੱਤਾ ਤੇ ਕਾਬਜ਼ ਹੋ ਰਹੀਆਂ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕਿਰਤੀ ਲੋਕਾਂ ਨੂੰ ਹੋਰ ਵੱਧ ਦਬਾਇਆ ਕੁਚਲਿਆ ਜਾ ਸਕੇ। ਇਸ ਸਮੇਂ ਭਾਜਪਾ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਗੁਰਮੀਤ ਸੋਢੀ ਨੂੰ ਸਵਾਲ ਪੁੱਛਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ – ਡਕੌਂਦਾ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿੱਚ ਸਵਾਲ ਕਰਨ ਗਏ ਆਗੂਆਂ ਨੂੰ ਖੱਜਲ ਖੁਆਰ ਕਰਨ ਅਤੇ 8 ਸਾਲ ਪੁਰਾਣੇ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਡੱਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਸਟੇਜ ਸਕੱਤਰ ਦੇ ਫਰਜ਼ ਸੁਖਵਿੰਦਰ ਸਿੰਘ ਠੀਕਰੀਵਾਲਾ ਨੇ ਬਾਖੂਬੀ ਨਿਭਾਏ। ਨਰਿੰਦਰ ਪਾਲ ਸਿੰਗਲਾ ਅਤੇ ਬਲਦੇਵ ਮੰਡੇਰ ਨੇ ਇਨਕਲਾਬੀ ਰਚਨਾਵਾਂ ਪੇਸ਼ ਕੀਤੀਆਂ। ਸਾਹਿਤਕ ਖੇਤਰ ਦੀ ਉੱਘੀ ਸ਼ਖ਼ਸੀਅਤ ਸ਼ਾਇਰ ਸੁਰਜੀਤ ਪਾਤਰ ਨੂੰ ਦੋ ਮਿੰਟ ਦਾ ਮੋਨ ਧਾਰਕੇ ਯਾਦ ਕੀਤਾ ਗਿਆ। ਇਸ ਸਮੇਂ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਧਨੇਰ, ਗੁਰਮੀਤ ਸੁਖਪੁਰਾ, ਲਖਵੀਰ ਸਿੰਘ, ਜਗਰਾਜ ਹਰਦਾਸਪੁਰਾ, ਗੁਰਦੇਵ ਮਾਂਗੇਵਾਲ, ਅਮਰਜੀਤ ਠੁੱਲੀਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਬਾਬੂ ਸਿੰਘ ਖੁੱਡੀਕਲਾਂ, ਕਾਲਾ ਜੈਦ, ਸੰਦੀਪ ਚੀਮਾ, ਜਸਪਾਲ ਚੀਮਾ, ਨਿਰਮਲ ਸਿੰਘ ਚੁਹਾਨ ਕੇ, ਗੁਰਮੇਲ ਠੁੱਲੀਵਾਲ, ਦਰਸ਼ਨ ਬਦਰਾ, ਜਸਪਾਲ ਚੀਮਾ, ਅਮਰਜੀਤ ਕੌਰ, ਪਰਮਜੀਤ ਕੌਰ ਜੋਧਪੁਰ, ਰੁਲਦੂ ਸਿੰਘ, ਸੁਖਪਾਲ ਢਿੱਲਵਾਂ, ਨੰਦ ਸਿੰਘ, ਨਛੱਤਰ ਸਿੰਘ ਦੀਵਾਨਾ ਆਦਿ ਆਗੂਆਂ ਨੇ ਵੀ ਵਿਚਾਰ ਚਰਚਾ ਵਿੱਚ ਭਾਗ ਲਿਆ। ਇਲਾਕੇ ਦੀ ਠੋਸ ਵਿਉਂਤਬੰਦੀ ਬਣਾਉਂਦਿਆਂ ਪੂਰਾ ਹਫ਼ਤਾ ਭਰ ਪਿੰਡਾਂ ਵਿੱਚ ਪ੍ਰਚਾਰ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ।
Advertisement
Advertisement
Advertisement
Advertisement
Advertisement
error: Content is protected !!