ਕਿਸਾਨ, ਵਪਾਰੀਆਂ ਨੂੰ ਅਤੇ ਵਪਾਰੀ, ਕਿਸਾਨ ਯੂਨੀਅਨਾਂ ਨੂੰ ਬੋਲ ਰਹੇ ਨੇ ਲੋਟੂ ਟੋਲਾ
ਕਿਸਾਨਾਂ ਦੇ ਧਰਨੇ ਦੇ ਵਿਰੋਧ ‘ਚ ਵਪਾਰੀਆਂ ਵੱਲੋਂ ਸੜਕ ਜਾਮ
ਦੋਵਾਂ ਧਿਰਾਂ ਦੇ ਟਕਰਾਅ ਦਰਮਿਆਨ ਬੇਵੱਸ ਹੋਈ ਪੁਲਿਸ ਅਤੇ ਜਾਮ ਕਾਰਣ ਰਾਹਗੀਰ ਹੋ ਰਹੇ ਪ੍ਰਸ਼ਾਸ਼ਨ
ਹਰਿੰਦਰ ਨਿੱਕਾ, ਬਰਨਾਲਾ 13 ਮਈ 2024
ਕੁੱਝ ਦਿਨ ਪਹਿਲਾਂ ਵਿਦੇਸ਼ ਭੇਜ਼ਣ ਲਈ, ਬਰਨਾਲਾ ਸ਼ਹਿਰ ਦੇ ਇੱਕ ਇੰਮੀਗ੍ਰੇਸ਼ਨ ਸੈਂਟਰ ਵਾਲੇ ਵੱਲੋਂ ਕਥਿਤ ਤੌਰ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ਾਂ ਤੋਂ ਸ਼ੁਰੂ ਹੋਇਆ ਝਗੜਾ, ਅੱਜ ਕਿਸਾਨ ਯੂਨੀਅਨ ਬਨਾਮ ਵਪਾਰੀਆਂ ਦੇ ਟਕਰਾਅ ਵਿੱਚ ਬਦਲ ਗਿਆ। ਜਿਉਂ ਹੀ ਅੱਜ ਤੜਕਸਾਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ(ਬੂਟਾ ਸਿੰਘ ਬੁਰਜ ਗਿੱਲ) ਦੇ ਆਗੂਆਂ ਨੇ ਯੂਨੀਅਨ ਮੈਂਬਰਾਂ ਨੂੰ ਨਾਲ ਲੈ ਕੇ, ਬਾਂਸਲ ਟਾਇਰ ਵਾਲਿਆਂ ਦੇ ਬਾਹਰ, ਰੋਸ ਧਰਨਾ ਲਾਉਣਾ ਸ਼ੁਰੂ ਕੀਤਾ ਤਾਂ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਦੀ ਅਗਵਾਈ ਵਿੱਚ ਵਪਾਰੀਆਂ ਨੇ ਰੋਸ ਵਜੋਂ (ਜੌੜੇ ਪੈਟ੍ਰੌਲ ਪੰਪਾਂ ਦੇ ਨੇੜੇ ) ਰੇਲਵੇ ਸਟੇਸ਼ਟ ਰੋਡ ਤੇ ਟਾਇਰ ਸੁੱਟ ਕੇ ਸੜਕ ਜਾਮ ਲਗਾ ਦਿੱਤਾ। ਦੇਖਦੇ ਹੀ ਦੇਖਦੇ ਦੋਵਾਂ ਧਿਰਾਂ ਦੇ ਸਮਰਥੱਕ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਗਏ। ਕਿਸਾਨ ਯੂਨੀਅਨ ਨੇ ਇੰਮੀਗ੍ਰੇਸ਼ਨ ਸੈਂਟਰ & ਬਾਂਸਲ ਟਾਇਰ ਵਾਲਿਆਂ ਨੂੰ ਠੱਗ ਟੋਲਾ ਕਹਿੰਦਿਆਂ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਇਸ ਨਾਅਰੇਬਾਜੀ ਦਾ ਜੁਆਬ ਵਪਾਰੀਆਂ ਨੇ ਵੀ ਮੋੜਵੇ ਰੂਪ ਵਿੱਚ ਕਿਸਾਨ ਯੂਨੀਅਨ ਨੂੰ ਲੋਟੂ ਟੋਲਾ ਅਤੇ ਬਲੈਕਮੇਲਰ ਟੋਲਾ ਕਹਿ ਦਿੱਤਾ। ਮਾਹੌਲ ਤਣਾਅਪੂਰਣ ਹੋਣ ਦੀ ਭਿਣਕ ਪੈਂਦਿਆਂ ਹੀ ਥਾਣਾ ਸਿਟੀ 1 ਬਰਨਾਲਾ ਦੇ ਏ.ਐਸ.ਆਈ. ਗੁਰਸਿਮਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਵੀ ਅਮਨ ਕਾਨੂੰਨ ਦੀ ਹਾਲਤ ਕਾਇਮ ਰੱਖਣ ਲਈ ਮੋਰਚਾ ਸੰਭਾਲ ਲਿਆ। ਇੱਕ ਦੂਜੇ ਖਿਲਾਫ ਨਾਅਰੇਬਾਜੀ ਠੱਲ੍ਹਣ ਨੂੰ ਲੈ ਕੇ, ਪੁਲਿਸ ਪਾਰਟੀ ਦੁਚਿੱਤੀ ਵਿੱਚ ਫਸੀ ਨਜ਼ਰ ਆਈ, ਉਨ੍ਹਾਂ ਨੂੰ ਸਮਝ ਹੀ ਨਹੀਂ ਸੀ ਲੱਗ ਰਿਹਾ ਕਿ ਉਹ ਕਿਹੜੀ ਧਿਰ ਨੂੰ ਪਹਿਲਾਂ ਰੋਕ ਕੇ ਸੰਭਾਵਿਤ ਟਕਰਾਅ ਨੂੰ ਟਾਲਣ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ(ਬੂਟਾ ਸਿੰਘ ਬੁਰਜ ਗਿੱਲ) ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਹਰਚਰਨ ਸਿੰਘ ਹਰਦਾਸਪੁਰਾ ਅਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ, ਉਨ੍ਹਾਂ ਸ਼ਹਿਣਾ ਪਿੰਡ ਦੇ ਇੱਕ ਮਹਾਜ਼ਨ ਪਰਿਵਾਰ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਖਿਲਾਫ ਸੰਘਰਸ਼ ਸ਼ੁਰੂ ਕੀਤਾ ਸੀ। ਉਸ ਸਮੇਂ ਪੁਲਿਸ ਪ੍ਰਸ਼ਾਸ਼ਨ ਅਤੇ ਵਪਾਰ ਮੰਡਲ ਦੇ ਆਗੂਆਂ ਦੀ ਹਾਜ਼ਿਰੀ ਵਿੱਚ ਦੋੳਾਂ ਧਿਰਾਂ ਦਰਮਿਆਨ 17 ਲੱਖ 50 ਹਜ਼ਾਰ ਰੁਪਏ ਵਿੱਚ ਸਮਝੋਤਾ ਹੋ ਗਿਆ ਸੀ। ਪਰੰਤੂ ਬਾਂਸਲ ਟਾਇਰ ਫਰਮ ਨਾਲ ਸਬੰਧਿਤ ਇੰਮੀਗ੍ਰੇਸ਼ਨ ਸੈਂਟਰ ਵਾਲਿਆਂ ਨੇ ਸਮਝੌਤੇ ਅਨੁਸਾਰ ਤੈਅ ਰਕਮ ਦਾ ਚੈਕ ਦੇ ਦਿੱਤਾ ਸੀ, ਪਰ ਇਹ ਦਿੱਤਾ ਗਿਆ ਚੈਕ, ਬਾਊਂਸ ਹੋ ਗਿਆ। ਜਿਸ ਕਾਰਣ, ਫਿਰ ਤੋਂ ਕਿਸਾਨ ਯੂਨੀਅਨ ਨੂੰ ਸੰਘਰਸ਼ ਦੇ ਰਾਹ ਪੈਣ ਨੂੰ ਮਜਬੂਰ ਹੋ ਪਿਆ। ਇਸ ਕੜੀ ਤਹਿਤ ਹੀ ਅੱਜ ਕਿਸਾਨ ਯੂਨੀਅਨ ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਵਪਾਰੀਆਂ ਨੇ ਉਲਟਾ ਟਾਇਰ ਸੜਕ ਤੇ ਸੁੱਟ ਕੇ, ਸੜਕ ਜ਼ਾਮ ਲਗਾ ਦਿੱਤਾ।
ਉੱਧਰ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਅਤੇ ਵਪਾਰੀ ਆਗੂ ਸੁਭਾਸ਼ ਕੁਮਾਰ ਹੋਰਾਂ ਨੇ ਕਿਹਾ ਕਿ ਵਿਦੇਸ਼ ਭੇਜਣ ਦਾ ਮਾਮਲਾ, ਇੰਮੀਗ੍ਰੇਸ਼ਨ ਸੈਂਟਰ ਨਾਲ ਸਬੰਧਿਤ ਹੈ, ਪਰੰਤੂ ਕਿਸਾਨ ਯੂਨੀਅਨ ਉਲਟਾ ਬਾਂਸਲ ਟਾਇਰ ਦੇ ਸਾਹਮਣੇ ਧਰਨ ਲਾ ਕੇ, ਪਰਿਵਾਰ ਨੂੰ ਕਥਿਤ ਤੌਰ ਤੇ ਬਲੈਕਮੇਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ, ਜਿਹੜੇ ਮੁੰਡੇ ਨੂੰ ਵਿਦੇਸ਼ ਭੇਜ਼ਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਦੇ ਦੋਸ਼ ਲਾ ਰਹੀ ਹੈ, ਉਹ ਮੁੰਡਾ ਹਾਲੇ ਵੀ ਵਿਦੇਸ਼ ਵਿੱਚ ਹੀ ਹੈ। ਇਸ ਤਰਾਂ ਜੇਕਰ, ਉਸ ਨੂੰ ਵਿਦੇਸ਼ ਭੇਜ ਹੀ ਦਿੱਤਾ ਤਾਂ, ਫਿਰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਕਿਵੇਂ ਹੋ ਗਈ। ਉਨ੍ਹਾਂ ਕਿਹਾ ਕਿ ਜੇਕਰ, ਫਿਰ ਵੀ, ਉਨ੍ਹਾਂ ਨੂੰ ਕੋਈ ਠੱਗੀ ਦਾ ਮਾਮਲਾ ਲੱਗਦਾ ਹੈ ਤਾਂ ਉਹ ਪੁਲਿਸ ਪ੍ਰਸ਼ਾਸ਼ਨ ਕੋਲ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਵਾਉਣ ਲਈ, ਕੋਈ ਸ਼ਕਾਇਤ ਦੇ ਸਕਦੇ ਹਨ। ਪਰੰਤੂ ਇਸ ਤਰਾਂ ਕਿਸੇ ਵਪਾਰੀ ਤੇ, ਉਸ ਵਪਾਰ ਅੱਗੇ ਧਰਨ ਦੇ ਕੇ ਬਹਿ ਜਾਣਾ, ਜਿਸ ਦਾ ਸੰਬਧ ਇੰਮੀਗ੍ਰੇਸ਼ਨ ਨਾਲ ਹੈ ਹੀ ਨਹੀ,ਇਹ ਸ਼ਰੇਆਮ ਧੱਕੇਸ਼ਾਹੀ ਹੈ, ਜਿਸ ਨੂੰ ਵਪਾਰ ਮੰਡਲ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗਾ। ਵਪਾਰੀ ਆਗੂਆਂ ਨੇ ਉਲਟਾ ਕਿਸਾਨ ਯੂਨੀਅਨ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ,ਜਦੋਂ ਕੋਈ ਆੜਤੀ ਜਾਂ ਹੋਰ ਕਾਰੋਬਾਰੀ, ਕਿਸੇ ਕਿਸਾਨ ਤੋਂ ਆਪਣੀ ਰਾਸ਼ੀ ਲੈਣ ਲਈ, ਕਾਨੂੰਨੀ ਰਾਹ ਵੀ ਅਪਣਾਉਂਦਾ ਹੈ ਤਾਂ ਫਿਰ ਕਿਸਾਨ ਯੂਨੀਅਨਾਂ ਵਾਲੇ, ਪੈਸੇ ਨਾ ਮੋੜਨ ਵਾਲੇ ਦੇ ਹੱਕ ਵਿੱਚ ਖੜ੍ਹਕੇ ਧਰਨੇ ਲਾਉਂਦੇ ਹਨ। ਉਨ੍ਹਾਂ ਪ੍ਰਸ਼ਾਸ਼ਨ ਨੂੰ ਸੁਆਲ ਕੀਤਾ ਕੀ ਜੇਕਰ ਕਿਸੇ ਵਪਾਰੀ ਤੋਂ ਪੈਸੇ ਲੈਣ ਲਈ, ਧਰਨਾ ਲਾਉਣਾ ਜਾਇਜ ਹੈ, ਫਿਰ ਵਪਾਰੀ ਵੀ, ਪੈਸੇ ਨਾ ਦੇਣ ਵਾਲਿਆਂ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਰਾਹ ਚੁਨਣ ਲਈ ਮਜਬੂਰ ਹੋਣਗੇ। ਵਪਾਰੀ ਆਗੂਆਂ ਨੇ ਪ੍ਰਸ਼ਾਸ਼ਨ ਨੂੰ ਕਿਹਾ ਕਿ ਉਹ ਕਿਸਾਨ ਯੂਨੀਅਨ ਦਾ ਧਰਨਾ, ਚੁਕਵਾਉਣ, ਨਹੀਂ, ਵਪਾਰੀਆਂ ਨੂੰ ਵੀ, ਰੋਸ ਪ੍ਰਦਰਸ਼ਨ ਕਰਨ ਲਈ, ਅਣਮਿਥੇ ਸਮੇਂ ਲਈ, ਬਜਾਰ ਬੰਦ ਕਰਨ ਦਾ ਸੱਦਾ ਦੇਣਾ ਪਵੇਗਾ, ਜਿਸ ਦੀ ਪੂਰੀ ਜਿੰਮੇਵਾਰੀ, ਪ੍ਰਸ਼ਾਸ਼ਨ ਅਤੇ ਸਰਕਾਰ ਦੀ ਹੋਵੇਗੀ।