ਧਨੌਲਾ ਵਾਸੀ ਪੈਰਾ ਗਲਾਈਡਰ ਇੰਦਰ ਧਾਲੀਵਾਲ ਨੇ ਦਿੱਤਾ 1 ਜੂਨ ਨੂੰ ਵੋਟ ਪਾਉਣ ਦਾ ਸੁਨੇਹਾ
ਵਿਦਿਆਰਥੀਆਂ ਨੇ ਮਨੁੱਖੀ ਕੜੀ ਰਾਹੀਂ ਬਣਾਇਆ ਭਾਰਤ ਦਾ ਨਕਸ਼ਾ, ਮਤਦਾਨ ਦਾ ਦਿੱਤਾ ਸੱਦਾ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਕਰੇਡ ਹਾਰਟ ਕਾਨਵੈਂਟ ਸਕੂਲ ਵਿਖੇ ਵੋਟਰ ਜਾਗਰੂਕਤਾ ਸਮਾਗਮ
ਰਘਵੀਰ ਹੈਪੀ, ਬਰਨਾਲਾ, 15 ਮਈ 2024
ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਅਧੀਨ ਜ਼ਿਲ੍ਹਾ ਵਾਸੀਆਂ ਨੂੰ 1 ਜੂਨ 2024 ਨੂੰ ਆਪਣੇ ਵੋਟ ਦੇ ਅਧਿਕਾਰ ਦੀ ਯਕੀਨੀ ਵਰਤੋਂ ਦਾ ਸੁਨੇਹਾ ਦਿੰਦਿਆਂ ਅੱਜ ਧਨੌਲਾ ਦੇ ਉੱਘੇ ਪੈਰਾ ਗਲਾਈਡਰ ਇੰਦਰ ਸਿੰਘ ਧਾਲੀਵਾਲ ਨੇ ਸੈਕਰੇਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਰੋਡ ਵਿਖੇ ਪੈਰਾ ਗਲਾਈਡਿੰਗ ਰਾਹੀਂ ਹਵਾ ‘ਚ ਕਰਤੱਬ ਵਿਖਾਏ। ਇਸ ਦੌਰਾਨ ਸੈਕਰੇਡ ਹਾਰਟ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਨੁੱਖੀ ਕੜੀ ਰਾਹੀਂ ਭਾਰਤ ਦਾ ਨਕਸ਼ਾ ਬਣਾਇਆ ਅਤੇ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਯਕੀਨੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬੋਲਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ‘ਚ ਵੱਖ ਵੱਖ ਵੋਟਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਵਾਰ 1 ਜੂਨ 2024 ਨੂੰ ਚੋਣਾਂ ਵਾਲੇ ਦਿਨ 70 ਫੀਸਦੀ ਤੋਂ ਵੱਧ ਵੋਟਾਂ ਪੈਣ। ਉਨ੍ਹਾਂ ਦੱਸਿਆ ਕਿ ਇਸ ਲੜੀ ਤਹਿਤ ਮੰਗਲਵਾਰ ਨੂੰ ਮਹਿਲ ਕਲਾਂ ਵਿਖੇ ਸਕੂਲੀ ਬੱਚਿਆਂ ਦੇ ਸਹਿਯੋਗ ਨਾਲ ‘ਦੇਸ਼ ਦਾ ਗਰਵ, ਚੋਣਾਂ ਦਾ ਪਰਵ’ ਮਨੁੱਖੀ ਕੜੀ ਬਣਾਈ ਗਈ ਸੀ ਅਤੇ ਨਾਲ ਹੀ ਵੋਟਰ ਜਾਗਰੂਕਤਾ ਸੱਭਿਆਚਾਰਕ ਸਮਾਗਮ ਕੀਤਾ ਗਿਆ। ਇਸ ਤੋਂ ਇਲਾਵਾ ਵੀ ਪਿੰਡ ਪੱਧਰ ਉੱਤੇ ਚੋਣ ਸੱਥਾਂ, ਚੋਣ ਪਾਠਸ਼ਾਲਾ, ਗੁਰੂ ਘਰਾਂ ‘ਚ ਮੁਨਿਆਦੀ, ਬੂਥ ਪੱਧਰ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਵੀ ਗਤੀਵਿਧੀਆਂ ਕਰਵਾਈ ਜਾ ਰਹੀਆਂ ਹਨ। ਇਸੇ ਤਰ੍ਹਾਂ ਅੱਜ ਵੋਟਰ ਜਾਗਰੂਕਤਾ ਮੁਹਿੰਮ ਅੱਗੇ ਵਧਾਉਂਦੇ ਹੋਏ ਪੈਰਾ ਗਲਾਈਡਰ ਇੰਦਰ ਸਿੰਘ ਧਾਲੀਵਾਲ ਦੀ ਮਦਦ ਨਾਲ ਇਸ ਸੁਨੇਹੇ ਨੂੰ ਨਵਾਂ ਰੂਪ ਦਿੱਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਅਤੇ ਚੋਣ ਅਮਲੇ ਦੀਆਂ ਵੱਖ ਵੱਖ ਟੀਮਾਂ ਮੌਜੂਦ ਸਨ, ਜਿਨ੍ਹਾਂ ਨੇ ਜੋਸ਼ ਨਾਲ ਤਾੜੀਆਂ ਮਾਰ ਕੇ ਇੰਦਰ ਧਾਲੀਵਾਲ ਦੀ ਹੌਂਸਲਾ ਅਫਜ਼ਾਈ ਕੀਤੀ। ਇੰਦਰ ਧਾਲੀਵਾਲ ਨੇ ਚੋਣਾਂ ਸਬੰਧੀ ਪੋਸਟਰ ਵੀ ਆਪਣੀ ਉਡਾਣ ਦੌਰਾਨ ਪ੍ਰਦਰਸ਼ਿਤ ਕੀਤਾ।
ਇਸ ਦੇ ਨਾਲ ਹੀ ਸਕੂਲੀ ਬੱਚਿਆਂ ਨੇ ਭਾਰਤ ਦੇ ਨਕਸ਼ੇ ਅਤੇ ਚੋਣ ਕਮਿਸ਼ਨ ਦੇ ਲੋਗੋ ਦੀ ਮਨੁੱਖੀ ਕੜੀ ਸਕੂਲ ਦੇ ਖੇਡ ਮੈਦਾਨ ਵਿਚ ਬਣਾ ਕੇ ਵੋਟਰਾਂ ਨੂੰ ਮਤਦਾਨ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਵੱਲੋਂ ਸੱਭਿਆਚਾਰਕ ਸਮਾਗਮ ਰਾਹੀਂ ਮਤਦਾਨ ਦੀ ਵਰਤੋਂ ਲਈ ਪ੍ਰੇਰਿਆ।
ਇਸ ਮੌਕੇ ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਵਰਿੰਦਰ ਸਿੰਘ, ਸਕੂਲ ਪ੍ਰਿੰਸੀਪਲ ਸਿਸਟਰ ਸ਼ਾਂਤੀ ਡੀ .ਐੱਸ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਮੇਜਰ ਸਿੰਘ, ਹਰੀਸ਼ ਬੰਸਲ, ਸੰਜੇ ਸਿੰਗਲਾ, ਪੈਰਾ ਗਲਾਈਡਰ ਭੁਪਿੰਦਰ ਸਿੰਘ, ਸ਼ਿਵਦੀਪ ਸਿੰਘ ਤੇ ਹੋਰ ਲੋਕ ਹਾਜ਼ਰ ਸਨ।
ਪੈਰਾ ਗਲਾਈਡਰ ਇੰਦਰ ਸਿੰਘ ਆਪਣੇ ਕਰਤੱਬ ਰਾਹੀਂ ਸਮਾਜਿਕ ਮੁੱਦਿਆਂ ‘ਤੇ ਪਾਉਂਦੇ ਹਨ ਝਾਤ
27 ਸਾਲ ਦੇ ਪੈਰਾ ਗਲਾਇਡਰ ਇੰਦਰ ਸਿੰਘ ਧਾਲੀਵਾਲ ਮੋਟਰ ਪੈਰਾ ਗਲਾਈਡਿੰਗ ਰਾਹੀਂ ਆਪਣੇ ਕਰਤੱਬ ਵਿਖਾ ਕੇ ਲੋਕਾਂ ਵਿੱਚ ਸਮਾਜਿਕ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਦੇ ਹਨ। ਕਰੋਨਾ ਕਾਲ ਦੇ ਲਾਕਡਾਊਨ ਦੌਰਾਨ ਵੀ ਇੰਦਰ ਸਿੰਘ ਨੇ ਆਪਣੀ ਮੋਟਰ ਪੈਰਾ ਗਲਾਈਡਿੰਗ ਰਾਹੀਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਸੁਨੇਹਾ ਦਿੱਤਾ ਸੀ। ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।