ਐੱਮ ਡੀ ‘ਤੇ ਕਾਰਵਾਈ ਲਈ ਸੁਪਰਡੰਟ ਗਰੇਡ 1 ਦੇ ਦਫ਼ਤਰ ਦੀ ਧੂੜ ਫੱਕ ਰਹੀ ਹੈ ਫਾਈਲ
ਪਨਸੀਡ ਦੇ ਐੱਮ.ਡੀ ਵੱਲੋਂ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾਂ ‘ਚ ਤਾਇਨਾਤੀ ਸਮੇਂ ਕੀਤਾ ਕਰੋੜਾਂ ਦਾ ਘਪਲਾ!
ਹਰਿੰਦਰ ਨਿੱੱਕਾ, ਚੰਡੀਗੜ੍ਹ 5 ਮਈ 2024
ਪਨਸੀਡ ਮਹਿਕਮੇ ਅੰਦਰ ਹੋ ਰਹੀਆਂ ਬੇਨਿਯਮੀਆਂ ਦੇ ਬੱਦਲ ਵਿਭਾਗ ਦਾ ਪਿੱਛਾ ਨਹੀਂ ਛੱਡ ਰਹੇ ਹਨ। ਇੱਕ ਤੋਂ ਬਾਅਦ ਇੱਕ ਵਿਭਾਗ ਦੀ ਖਾਮੀ ਜੱਗ ਜਾਹਰ ਹੋ ਰਹੀ ਹੈ। ਪਿਛਲੇ ਦਿਨਾਂ ਵਿਚ ਏ ਟੂ ਜੈੱਡ ਕੰਪਨੀ ਰਾਹੀਂ ਪੰਜਾਬ ਰਾਜ ਬੀਜ ਨਿਗਮ ਵਿਚ ਆਊਟਸੋਰਸ ਪ੍ਰਣਾਲੀ ਤਹਿਤ ਭਰਤੀ ਹੋਏ ਬੀਜ ਉਤਪਾਦਨ ਅਫਸਰ ਬਲਦੀਪ ਸਿੰਘ ਦੁਆਰਾ ਕੀਤੀਆਂ ਗਈਆਂ ਬੇਨਿਯਮੀਆਂ ਦਾ ਮਾਮਲਾ ਮੀਡੀਆ ‘ਚ ਪ੍ਰਮੁੱਖਤਾ ਨਾਲ ਛਾਇਆ ਰਿਹਾ ਹੈ । ਹਾਲੇ ਬਲਦੀਪ ਸਿੰਘ ਵਾਲਾ ਮਾਮਲੇ ਦੀਆਂ ਸੁਰਖੀਆਂ ਦੀ ਸਿਆਹੀ ਦਾ ਰੰਗ ਫਿੱਕਾ ਵੀ ਨਹੀਂ ਹੋਇਆ ਸੀ। ਹੁਣ ਵਿਭਾਗ ਦਾ ਇੱਕ ਹੋਰ ਵੱਡਾ ਘਪਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਵਿਚ ਪਨਸੀਡ ਦੇ ਮੌਜੂਦਾ ਐੱਮ.ਡੀ ਵੱਲੋਂ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵਿਚ ਤਾਇਨਾਤੀ ਸਮੇਂ 15 ਕਰੋੜ ਦਾ ਕਥਿਤ ਤੌਰ ਪਰ ਕੀਤਾ ਘਪਲਾ,ਉਭਰ ਕੇ ਸਾਹਮਣੇ ਆਇਆ ਹੈ।
ਕੀ ਹੈ ਪੂਰਾ ਮਾਮਲਾ:
ਪਨਸੀਡ ਦੇ ਤਤਕਾਲੀ ਐੱਮ.ਡੀ ਗੁਰਨਾਮ ਸਿੰਘ ਨੇ ਸਾਲ 2015-2018 ਦੌਰਾਨ ਮੁੱਖ ਬੀਜ ਪ੍ਰਮਾਣਨ ਅਫਸਰ ਮੋਹਾਲੀ ਦਾ ਚਾਰਜ ਲਿਆ ਹੋਇਆ ਸੀ। ਜਿੱਥੋਂ ਉਕਤ ਘਪਲੇ ਦੀ ਜੜ੍ਹ ਸ਼ੁਰੂ ਹੁੰਦੀ ਹੈ।ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਤਾਇਨਾਤ ਸੀ।ਪਰ ਇਸ ਨੂੰ ਪਨਸੀਡ ਦੇ ਐੱਮ ਡੀ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਹਾਲਾਂਕਿ ਵਿਭਾਗੀ ਨਿਯਮਾਂ ਅਨੁਸਾਰ ਐੱਮ.ਡੀ ਦੇ ਅਹੁਦੇ ‘ਤੇ ਸਿਰਫ ਜੁਆਇੰਟ ਡਾਇਰੈਕਟਰ ਪੱਧਰ ਦਾ ਅਧਿਕਾਰੀ ਹੀ ਲੱਗ ਸਕਦਾ ਹੈ।
ਪਰੰਤੂ ਗੁਰਨਾਮ ਸਿੰਘ ਨੇ ਆਪਣੀ ਸਿਆਸੀ ਪਹੁੰਚ ਦਾ ਲਾਹਾ ਲੈਂਦਿਆ ਪਨਸੀਡ ਦੇ ਐਮ.ਡੀ ਦੀ ਕੁਰਸੀ ਨੂੰ ਮੱਲ ਲਿਆ ਹੈ। ਪਨਸੀਡ ਦੇ ਤਤਕਾਲੀ ਐੱਮ.ਡੀ ਗੁਰਨਾਮ ਸਿੰਘ ਨੇ ਸਾਲ 2015-2018 ਦੌਰਾਨ ਮੁੱਖ ਬੀਜ ਪ੍ਰਮਾਣਨ ਅਫਸਰ ਮੋਹਾਲੀ ਦੇ ਚਾਰਜ ਹੁੰਦਿਆਂ ਆਪਣੇ ਵਿਭਾਗ ਦੇ ਇੱਕ ਸਾਥੀ ਨਾਲ ਗੰਢਤੁਪ ਕਰਕੇ ਸੀਡ ਸਰਟੀਫਿਕੇਸ਼ਨ ਟੈਗਾਂ ਦਾ ਘਪਲਾ ਕਰ ਦਿੱਤਾ।ਜਿਸ ਦੀ ਕਿਸੇ ਵਿਅਕਤੀ ਨੇ ਇੱਕ ਸ਼ਿਕਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ।ਜਿਸ ਤੇ ਉੱਚ ਅਧਿਕਾਰੀਆਂ ਨੇ ਐਕਸ਼ਨ ਲੈਂਦਿਆਂ ਇੱਕ ਇਨਕੁਆਰੀ ਅਫ਼ਸਰ ਲਗਾ ਕੇ ਪੜਤਾਲ ਕਰਵਾਈ ਗਈ ਸੀ।
ਇਨਕੁਆਰੀ ਅਫਸਰ ਯਾਦਵਿੰਦਰ ਸਿੰਘ ਗਰੇਵਾਲ ਨੇ ਆਪਣੀ ਪੜਤਾਲ ਕਰਨ ਤੋਂ ਬਾਅਦ ਗੁਰਨਾਮ ਸਿੰਘ, ਉਸ ਦੇ ਸਾਥੀ ਸੁਖਮੰਦਰ ਸਿੰਘ ਅਤੇ ਇੱਕ ਹੋਰ ਕਰਮਚਾਰੀ ਨੂੰ ਕਥਿਤ ਤੌਰ ਪਰ ਦੋਸ਼ੀ ਹੋਣ ਦੀ ਗੱਲ ਆਖੀ ਅਤੇ ਪੜਤਾਲੀਆਂ ਰਿਪੋਰਟ ਮੀਮੋ ਨੰਬਰ 3715/ਸੰ.ਡ.ਖ (ਇਨਪੁਟਸ) ਮਿਤੀ 17-11-2022 ਨੂੰ ਸਮੇਤ ਤੱਥਾਂ ਸੁਪਰਡੰਟ ਗਰੇਡ-1 ਨੂੰ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀ। ਪੜਤਾਲੀਆਂ ਅਫ਼ਸਰ ਨੇ ਆਪਣੀ ਰਿਪੋਰਟ ਵਿਚ ਸ਼ਪੱਸ਼ਟ ਕੀਤਾ ਹੈ ਕਿ ਗੁਰਨਾਮ ਸਿੰਘ ਨੇ ਆਪਣੇ ਸਾਥੀ ਸੁਖਮੰਦਰ ਸਿੰਘ ਆਰ.ਐੱਸ.ਸੀ.ਓ ਨਾਲ ਮਿਲੀਭੁਗਤ ਕਰਕੇ 1 ਲੱਖ 25 ਹਜ਼ਾਰ ਬੀਜ ਸਰਟੀਫਿਕੇਸ਼ਨ ਟੈਗਾਂ ਦਾ ਵੱਡਾ ਘਪਲਾ ਕੀਤਾ ਹੈ।
ਉਨ੍ਹਾਂ ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਹੈ ਉਕਤ ਅਫਸ਼ਰਾਂ ਨੇ ਘਪਲੇ ਨੂੰ ਖੁਰਦ ਬੁਰਦ ਕਰਨ ਵਾਸਤੇ ਟੈਗਾਂ ਦਾ ਰਿਕਾਰਡ ਚੋਰੀ ਹੋਣ ਜਾਣ ਦਾ ਨਾਟਕ ਵੀ ਕੀਤਾ ਗਿਆ।ਹਾਲਾਂਕਿ ਟੈਗਾਂ ਦੀ ਸਾਂਭ ਸੰਭਾਲ ਦੀ ਅਧਿਕਾਰਤ ਜ਼ਿੰਮੇਵਾਰੀ ਗੁਰਨਾਮ ਸਿੰਘ ਦੀ ਬਣਦੀ ਸੀ।ਗੁਰਨਾਮ ਸਿੰਘ ਦੀ ਮਿਲੀਭੁਗਤ ਤੋਂ ਬਿਨਾਂ ਇਨ੍ਹਾਂ ਦੇ ਚੋਰੀ ਹੋਣ ਦਾ ਸੁਆਲ ਹੀ ਨਹੀਂ ਪੈਦਾ ਹੁੰਦਾ।
ਰਿਪੋਰਟ ਅਨੁਸਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਬੀਜ ਸਰਟੀਫਿਕੇਸ਼ਨ ਟੈਗਾਂ ਦੀ ਗੁਰਨਾਮ ਸਿੰਘ ਵੱਲੋਂ ਘਟੀਆ ਬੀਜ ਉਤਪਾਦਕਾਂ ਨਾਲ ਮਿਲ ਕੇ 50 ਹਜ਼ਾਰ ਕੁਇੰਟਲ ਨਕਲੀ ਬੀਜ਼ ਨੂੰ ਤਸ਼ਦੀਕਸ਼ੁਦਾ ਕਰਕੇ ਵੇਚਣ ਲਈ ਕੀਤੀ ਗਈ। ਜੇਕਰ ਨਕਲੀ ਬੀਜ਼ ਨੂੰ ਸਰਟੀਫਾਈ ਕਰਨ ਦੇ 3000/- ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੀ ਔਸਤ ਲਗਾਈ ਜਾਵੇ ਤਾਂ 50 ਹਜ਼ਾਰ ਕੁਇੰਟਲ ਬੀਜ਼ ਦੇ ਹਿਸਾਬ ਨਾਲ ਘਪਲੇ ਦੀ ਰਾਸ਼ੀ 15 ਕਰੋੜ ਤੋਂ ਵਧੇਰੇ ਬਣਦੀ ਹੈ।
ਪੜਤਾਲੀਆਂ ਅਫਸਰ ਦੀ ਰਿਪੋਰਟ ਅਨੁਸਾਰ ਇਨ੍ਹਾਂ ਨਕਲੀ ਬੀਜ਼ਾਂ ਕਾਰਨ ਮਿਹਨਤੀ ਕਿਸ਼ਾਨਾਂ ਨੂੰ ਕਰੋੜਾਂ ਰੁਪਏ ਦਾ ਘਾਟਾ ਝੱਲਣਾ ਪਿਆ ਹੈ ਅਤੇ ਪੰਜਾਬ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਖੇਤੀ ਧੰਦੇ ਦੀ ਹਾਲਤ ਹੋਰ ਕਮਜ਼ੋਰ ਹੋਈ ਹੈ।ਇਨਕੁਆਰੀ ਅਫਸਰ ਗਰੇਵਾਲ ਨੇ ਰਿਪੋਰਟ ਦੇ ਇੱਕ ਅੰਤਰੇ ਵਿਚ ਇਹ ਵੀ ਦਰਜ਼ ਕੀਤਾ ਹੈ ਕਿ ਗੁਰਨਾਮ ਸਿੰਘ ਨੇ ਉਸ ਨੂੰ ਪੜਤਾਲ ਵਿਚ ਪੂਰਨ ਸਹਿਯੋਗ ਨਹੀਂ ਦਿੱਤਾ ਹੈ।
ਕਿਉਂ ਨਹੀਂ ਹੋਈ ਕੋਈ ਕਾਰਵਾਈ:
ਪੜਤਾਲੀਆਂ ਅਫਸਰ ਨੇ ਬੀਜ ਸਰਟੀਫਿਕੇਸ਼ਨ ਟੈਗਾਂ ਦੇ ਵਿਚ ਗੁਰਨਾਮ ਸਿੰਘ ਵੱਲੋਂ ਕੀਤੀਆਂ ਬੇਨਿਯਮੀਆਂ ਦੀ ਰਿਪੋਰਟ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸੁਪਰਡੰਟ ਗਰੇਡ-1 ਖੇਤੀਬਾੜੀ-2 ਸ਼ਾਖਾ ਪੰਜਾਬ ਸਰਕਾਰ ਨੂੰ ਸਾਲ 2022 ਵਿਚ ਜਮ੍ਹਾਂ ਕਰਵਾ ਕੇ ਕਾਰਵਾਈ ਲਈ ਲਿਖਿਆ ਗਿਆ ਸੀ।ਪਰੰਤੂ ਕਰੀਬ 2 ਸਾਲ ਤੋਂ ਵੱਧ ਸਮਾਂ ਬੀਤ ਜਾਣ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ। ਸਗੋਂ ਗੁਰਨਾਮ ਸਿੰਘ ਆਪਣੀ ਸਿਆਸੀ ਪਹੁੰਚ ਦਾ ਲਾਹਾ ਲੈ ਕੇ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਨਾਲ ਪਨਸੀਡ ਦੇ ਐੱਮ.ਡੀ ਦਾ ਵੀ ਵਾਧੂ ਚਾਰਜ ਲੈ ਗਿਆ ਹੈ।ਜਿਸ ਤੋਂ ਸਾਬਤ ਹੁੰਦਾ ਹੈ ਕਿ ਐੱਮ.ਡੀ ਗੁਰਨਾਮ ਸਿੰਘ ਸਿਆਸੀ ਪਹੁੰਚ ਕਰਕੇ ਵਿਭਾਗ ਵਿਚ ਆਪਣਾ ਦਬਦਬਾ ਰੱਖਦਾ ਹੈ।
ਕੀ ਆਪ ਸਰਕਾਰ ਕਰੇਗੀ ਕਾਰਵਾਈ ?
ਇਮਾਨਦਾਰੀ ਦਾ ਨਾਅਰਾ ਮਾਰ ਕੇ ਪੰਜਾਬ ਦੀ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਕੀ ਪੰਜਾਬ ਸਰਕਾਰ ਦੇ ਅਧੀਨ ਆਉਂਦੀਆਂ ਅਜਿਹੀਆਂ ਕਾਰਪੋਰੇਸ਼ਨਾਂ ਤੇ ਕਾਰਵਾਈ ਕਰੇਗੀ।ਜਿਨ੍ਹਾਂ ਨੇ ਪੰਜਾਬ ਦੀ ਕਿਸਾਨੀ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ।ਨਕਲੀ ਬੀਜ਼ ਨਿਕਲਣ ਕਰਕੇ ਮਾਲਵਾ ਪੱਟੀ ਦੇ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਗਏ।ਜਾਂ ਫਿਰ ਪਹਿਲੀਆਂ ਵਾਲੀਆਂ ਸਰਕਾਰਾਂ ਵਾਂਗ ਹੀ ਇਹ ਵਰਤਾਰਾ ਇੰਝ ਹੀ ਚੱਲਦਾ ਰਹੇਗਾ।ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਗੁਰਨਾਮ ਸਿੰਘ ਤੁਰੰਤ ਪ੍ਰਭਾਵ ਨਾਲ ਪਨਸੀਡ ਦੇ ਐੱਮ ਡੀ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਹੈ।ਇਹ ਸਾਫ਼ ਜ਼ਾਹਰ ਹੈ ਕਿ ਬੀਜ ਪ੍ਰਮਾਣ ਸੰਸਥਾ ਵਾਂਗ ਪਨਸੀਡ ਵਿਚ ਵੀ ਉਕਤ ਐੱਮ ਡੀ ਗੁਰਨਾਮ ਸਿੰਘ ਕੋਈ ਵੱਡਾ ਘਪਲਾ ਕਰ ਸਕਦਾ ਹੈ।ਹੁਣ ਕਾਰਵਾਈ ਦੀ ਗੇਂਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਾਲੇ ਵਿੱਚ ਆਣ ਪਈ। ਵੇਖੋ ਹੁਣ ਮੁੱਖ ਮੰਤਰੀ ਇਸ ਤੇ ਕੀ ਕਾਰਵਾਈ ਕਰਨਗੇ ਜਾਂ ਨਹੀਂ, ਇਹ ਤਾਂ ਸਮੇਂ ਦੀ ਬੁੱਕਲ ਵਿੱਚ ਲੁਕਿਆ ਸਵਾਲ ਹੈ।