ਲੋਕ ਸਭਾ ਚੋਣਾਂ 2024 : ਸਵੀਪ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਮਤਦਾਨ ਪ੍ਰਤੀ ਕੀਤਾ ਜਾ ਰਿਹਾ ਹੈ ਪ੍ਰੇਰਿਤ, ਜ਼ਿਲ੍ਹਾ ਚੋਣ ਅਫ਼ਸਰ
ਰਵੀ ਸੈਣ, ਬਰਨਾਲਾ, 27 ਮਾਰਚ 2024
ਲੋਕ ਸਭਾ ਚੋਣਾਂ 2024 ‘ਚ ਮਤਦਾਨ ਦੀ ਦਰ 70 ਫੀਸਦੀ ਤੋਂ ਵਧਾਉਣ ਲਈ ਅਤੇ ਵੱਧ ਵੱਧ ਤੋਂ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹੇ ‘ਚ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਕੂਲਾਂ, ਕਾਲਜਾਂ, ਆਈਲੈਟਸ ਕੇਂਦਰਾਂ ਅਤੇ ਹੋਰ ਜਨਤਕ ਥਾਵਾਂ ਉੱਤੇ ਜਾ ਕੇ ਟੀਮਾਂ ਵੱਲੋਂ ਲੋਕਾਂ ਨੂੰ ਆਪਣੇ ਮਤਦਾਨ ਦੀ ਸੁਚੱਜੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਨੌਜਵਾਨਾਂ ਵੱਲੋਂ ਗੀਤਾਂ, ਜਾਗੋ, ਗਿੱਧੇ ਅਤੇ ਹੋਰ ਪੇਸ਼ਕਾਰੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਬਰਨਾਲਾ ਦੀਆਂ ਵਿਦਿਆਰਥਣਾਂ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੱਖ ਵੱਖ ਰੰਗਾਂ ਦੇ ਕੱਪੜੇ ਪਾ ਕੇ ਅਤੇ ਉਨ੍ਹਾਂ ਉੱਤੇ ਚੋਣਾਂ ਸਬੰਧੀ ਸਲੋਗਨ ਲਿਖਵਾ ਕੇ ਡਰਾਮਾ ਪੇਸ਼ ਕੀਤਾ। ਇਹਨਾਂ ਵਿਦਿਆਰਥਣਾਂ ਨੇ ਆਪਣੀ ਡਰੈੱਸ ਤੇ ਤੁਹਾਡੀ ਵੋਟ ਤੁਹਾਡੀ ਤਾਕਤ, ਅਸੀਂ ਵੋਟ ਬਣਾਵਾਂਗੇ ਅਤੇ ਜ਼ਰੂਰ ਪਾਵਾਂਗੇ ਦੇ ਸਲੋਗਨਾਂ ਦੀ ਮਦਦ ਨਾਲ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਵੋਟ ਦਾ ਇਸਤਮਾਲ ਜਰੂਰ ਕਰਨ ਲਈ ਪ੍ਰੇਰਿਤ ਕੀਤਾ।
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਮਹਿਰਾਜ ਦੀਆਂ ਵਿਦਿਆਰਥਣਾਂ ਨੇ ਵਿਸ਼ੇਸ਼ ਜਾਗੋ ਤਿਆਰ ਕੀਤੀ ਹੈ ਜਿਸ ਵਿੱਚ ਮਤਦਾਤਾ ਨੂੰ ਜਾਗਰੂਕ ਹੋ ਕੇ ਆਪਣੇ ਮਤਦਾਨ ਦਾ ਅਧਿਕਾਰ ਇਸਤਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਲਾਲਾ ਬਹਾਦਰ ਸ਼ਾਸਤਰੀ ਕਾਲਜ ਬਰਨਾਲਾ ਵਿਖੇ ਵਿਦਿਆਰਥੀਆਂ ਦੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਨਾਲ ਹੀ ਵੋਟਰ ਪ੍ਰਣ ਲਿਆ ਗਿਆ ਕਿ ਉਹ ਆਪਣੇ ਦੇਸ਼ ਦੀ ਲੋਕਤੰਤਰੀ ਪਰੰਪਰਾਵਾਂ ਕਾਇਮ ਰੱਖਦੇ ਹੋਏ ਆਉਂਦੀਆਂ ਲੋਕ ਸਭਾ ਚੋਣਾਂ ‘ਚ ਨਿਡਰ ਹੋ ਕੇ, ਧਰਮ, ਵਰਗ, ਜਾਤੀ, ਭਾਈਚਾਰਾ, ਭਾਸ਼ਾ ਜਾਂ ਕਿਸੇ ਵੀ ਪ੍ਰਭਾਵ ਤੋਂ ਬਿਨਾਂ ਆਪਣੇ ਮਤਦਾਨ ਦਾ ਅਧਿਕਾਰ ਕਰਨਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਸਾਰੇ ਹੀ ਸਹਾਇਕ ਰਿਟਰਨਿੰਗ ਅਫ਼ਸਰ ਆਪਣੇ ਆਪਣੇ ਖੇਤਰਾਂ ‘ਚ ਸਵੀਪ ਗਤੀਵਿਧੀਆਂ ਵੱਧ ਤੋਂ ਵੱਧ ਕਰਵਾਉਣ।