ਬਡਬਰ ਟੋਲ ਪਲਾਜਾ ਨਾਕੇ ਤੇ ਘੇਰਿਆਂ ਤਾਂ ਖੁੱਂਲ੍ਹ ਗਿਆ ਭੇਦ…
ਹਰਿੰਦਰ ਨਿੱਕਾ, ਬਰਨਾਲਾ 28 ਮਾਰਚ 2024
ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ,ਲੋਕਾਂ ਨੂੰ ਜਾਬਤੇ ਵਿੱਚ ਰੱਖਣ ਲਈ ਮੁਸਤੈਦ ਹੋਈ ਪੁਲਿਸ ਨੇ ਲੱਖਾਂ ਰੁਪਏ ਦੀ ਨਗਦੀ , ਇੱਕ ਪਿਸਤੌਲ ਸਣੇ Fortuner ਸਵਾਰ ਚਾਰ ਜਣਿਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਚੋਹਾਂ ਜਣਿਆਂ ਖਿਲਾਫ ਹੀ ਜਾਬਤੇ ਦੀ ਉਲੰਘਣਾ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕਰਕੇ,ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਘਟਨਾ ਲੰਘੀ ਕੱਲ੍ਹ ਰਾਤ ਦੀ ਹੈ, ਇਸ ਦੀ ਪੁਸ਼ਟੀ ਡੀਐਸਪੀ ਸਤਵੀਰ ਸਿੰਘ ਨੇ ਵੀ ਮੀਡੀਆ ਨੂੰ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਧਨੌਲਾ ਦੀ ਪੁਲਿਸ ਨੇ ਬਡਬਰ ਟੋਲ ਪਲਾਜ਼ਾ ‘ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ, ਇਸੇ ਦੌਰਾਨ ਪੁਲਿਸ ਪਾਰਟੀ ਨੇ ਹਰਿਆਣਾ ਨੰਬਰ ਦੀ ਇੱਕ ਫਾਰਚੂਨਰ ਕਾਰ ਨੰਬਰੀ ਫਾਰਚੂਨਰ ਐਚਆਰ 41 ਐਲ 1952 ਨੂੰ ਰੋਕਿਆ। ਫਾਰਚੂਨਰ ਸਵਾਰ ਵਿਅਕਤੀਆਂ ਨੇ ਆਪਣੀ ਪਹਿਚਾਣ ਵਿਸ਼ਾਲ ਚਾਵਲਾ ਵਾਸੀ ਪ੍ਰੀਤਮਪੁਰਾ, ਉੱਤਰੀ ਦਿੱਲੀ , ਬਲਜੀਤ ਸਿੰਘ ਵਾਸੀ ਮਾਨਸ, ਕੈਥਲ, ਹਰਿਆਣਾ, ਨਰੋਤਮ ਕੁਮਾਰ ਵਾਸੀ ਪਿਹੋਵਾ, ਹਰਿਆਣਾ ਅਤੇ ਸੌਰਭ ਆਹੂਜਾ ਵਾਸੀ ਕੁਰੂਕਸ਼ੇਤਰ ਦੇ ਤੌਰ ਪਰ ਕਰਵਾਈ। ਫਾਰਚੂਨਰ ਗੱਡੀ ਦੀ ਤਲਾਸ਼ੀ ਲੈਣ ਪਰ, ਗੱਡੀ ‘ਚੋਂ 12 ਲੱਖ 46 ਹਜ਼ਾਰ 500 ਰੁਪਏ ਦੀ ਨਕਦੀ ਅਤੇ .32 ਬੋਰ ਦਾ ਇੱਕ ਰਿਵਾਲਵਰ ਸਮੇਤ 8 ਜਿੰਦਾ ਕਾਰਤੂਸ ਬਰਾਮਦ ਹੋਇਆ | ਡੀਐਸਪੀ ਸਤਵੀਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜਦ ਦੋਸ਼ੀਆਂ ਖਿਲਾਫ ਅਧੀਨ ਜੁਰਮ188 ਆਈ.ਪੀ.ਸੀ. ਅਤੇ 25/54/59 ਅਸਲਾ ਐਕਟ ਥਾਣਾ ਧਨੌਲਾ ਵਿਖੇ ਦਰਜ ਕਰਕੇ,ਸਾਰੇ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਅਨੁਸਾਰ ਦੋਸ਼ੀ,ਆਪਣੇ ਕੋਲ ਰੱਖੇ ਅਸਲੇ ਦਾ ਕੋਈ ਲਾਈਸੰਸ ਅਤੇ ਨਗਦੀ ਦਾ ਕੋਈ ਦਸਤਾਵੇਜੀ ਸਬੂਤ ਪੇਸ਼ ਨਹੀਂ ਕਰ ਸਕੇ। ਡੀਐਸਪੀ ਸਤਵੀਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਚੋਣ ਜਾਬਤੇ ਦੀ ਪਾਲਣਾ ਕਰਕੇ, ਖੁਦ ਨੂੰ ਕਿਸੇ ਵੀ ਮੁਸ਼ਿਕਲ ਵਿੱਚ ਪੈਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਤੈਅ ਨਿਯਮਾਂ ਤੋਂ ਜਿਆਦਾ ਨਗਦੀ ਲੈ ਕੇ ਨਹੀਂ ਜਾ ਸਕਦਾ।