ਅਸ਼ੋਕ ਵਰਮਾ , ਸ੍ਰੀ ਮੁਕਤਸਰ ਸਾਹਿਬ 23 ਮਾਰਚ 2024
ਤਿੰਨ ਦਿਨ ਪਹਿਲਾਂ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਪੈਟਰੋਲ ਪੰਪ ਤੇ ਹੋਈ ਹਜ਼ਾਰਾਂ ਰੁਪਏ ਦੀ ਲੁੱਟ ਦਾ ਭੇਦ ਖੁੱਲ੍ਹਿਆ, ਤਾਂ ਪੰਪ ਮਾਲਿਕ ਦੇ ਪੈਰਾਂ ਹੋਠੋਂ ਜਮੀਨ ਖਿਸਕ ਗਈ, ਕਿਉਂਕਿ ਫੜ੍ਹੇ ਗਏ ਦੋਸ਼ੀਆਂ ਵਿੱਚ ਪੈਟਰੋਲ ਪੰਪ ਦਾ ਸੇਲਜਮੈਨ ਹੀ ਨਿੱਕਲ ਆਇਆ। ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਲੁਟੇਰਿਆਂ ਨੂੰ ਗਿਰਫਤਾਰ ਕਰ ਲਿਆ ਹੈ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ. ਅਤੇ ਸਬ-ਇੰਸਪੈਕਟਰ ਵਰੁਣ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਿਸ ਚੌਂਕੀ ਬੱਸ ਸਟੈਂਡ ਦੀ ਟੀਮ ਨੇ ਪਿਛਲੇ ਦਿਨੀ ਪੈਟਰੋਲ ਪੰਪ ਤੇ ਹੋਈ ਲੁੱਟ ਦੇ ਮਾਮਲੇ ਨੂੰ ਹੱਲ ਕਰਦਿਆਂ ਇਸ ਵਾਰਦਾਤ ਵਿੱਚ ਸ਼ਾਮਿਲ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਲੰਘੀ 21 ਮਾਰਚ ਨੂੰ ਸੁਭਾ ਕਰੀਬ 6:00 ਵਜੇ ਦੋ ਨਾਮਲੂਮ ਵਿਅਕਤੀ ਵੱਲੋ ਮੰਗੇ ਦਾ ਪੈਟਰੋਲ ਪੰਪ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਵਿੱਚ ਦਾਖਲ ਹੋ ਕੇ ਕਰੀਬ 70/80 ਹਜਾਰ ਰੁਪਏ ਦੀ ਲੁੱਟ ਕੀਤੀ ਸੀ ਜਿਸ ਸਬੰਧੀ ਹਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੰਗੂਧੌਣ ਸ੍ਰੀ ਮੁਕਤਸਰ ਸਾਹਿਬ ਜੋ ਪੰਪ ਪਰ ਸੇਲਜ਼ਮੈਨ ਦੀ ਡਿਊਟੀ ਕਰਦਾ ਹੈ ਅਤੇ ਲੁੱਟ ਸਮੇਂ ਪੰਪ ਪਰ ਮੌਜੂਦ ਸੀ, ਜਿੱਥੇ ਦੋ ਵਿਅਕਤੀਆਂ ਵੱਲੋ ਪੈਟਰੋਲ ਪੰਪ ਦੇ ਦਫਤਰ ਵਿੱਚੋ ਪੈਸੇ ਕੱਢ ਲਏ। ਜਦੋਂ ਸੇਲਜ਼ਮੈਨ ਉਹਨਾਂ ਮਗਰ ਭੱਜਿਆ ਤਾਂ ਉਹਨਾਂ ਨੇ ਕਾਪਾ ਦਿਖਾ ਕੇ ਉਸਨੂੰ ਡਰਾ ਦਿੱਤਾ ਦੇ ਉਸਨੂੰ ਧੱਕਾ ਮਾਰ ਕੇ ਭੱਜ ਗਏ।
ਇਸ ਸੰਬੰਧ ਵਿੱਚ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਅਣ ਪਛਾਤਿਆਂ ਖਿਲਾਫ ਮੁਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਲੁੱਟ ਦੇ ਇਸ ਮਾਮਲੇ ਵਿੱਚ ਹੈਪੀ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗਲੀ ਨੰਬਰ 07, ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਅਤੇ ਸੁਖਵਿੰਦਰ ਸਿੰਘ ਉਰਫ ਲਾਡੀ ਪੁੱਤਰ ਬਲਵੀਰ ਸਿੰਘ ਵਾਸੀ ਗਲੀ ਨੰਬਰ 02, ਗੋਨਿਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਨੂੰ ਮੁੱਕਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਸੀ ।
ਮੁਲਜ਼ਮਾਂ ਨੇ ਮੁਢਲੀ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਸੇਲਜ਼ਮੈਨ ਹਰਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਸੰਗੂਧੌਣ ਸ੍ਰੀ ਮੁਕਤਸਰ ਸਾਹਿਬ, ਸਾਜਨ ਸਿੰਘ ਪੁੱਤਰ ਕਸ਼ਮੀਰ ਸਿੰਘ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ, ਮਨਜੀਤ ਸਿੰਘ ਉਰਫ ਮਨੀ ਪੁੱਤਰ ਜਗਸੀਰ ਸਿੰਘ ਵਾਸੀ ਕਿਸ਼ਨਪੁਰਾ ਬਸਤੀ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਅਤੇ ਗੁਰਕੀਰਤ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਨੇੜੇ ਜਗਮੀਤ ਸਿੰਘ ਬਰਾੜ ਦੀ ਕੋਠੀ, ਗੋਨਿਆਣਾ ਰੋਡ, ਸ੍ਰੀ ਮੁਕਤਸਰ ਸਾਹਿਬ ਵੀ ਇਸ ਲੁੱਟ ਵਿੱਚ ਸ਼ਾਮਲ ਹਨ। ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 12 ਹਜਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ। ਪੁਲਿਸ ਹੁਣ ਮੁਲਜਮਾਂ ਦਾ ਰਿਮਾਂਡ ਲੈ ਕੇ ਅਗਲੀ ਪੁੱਛਗਿੱਛ ਕਰੇਗੀ।