ਹਰਿੰਦਰ ਨਿੱਕਾ, ਬਰਨਾਲਾ 23 ਮਾਰਚ 2024
ਟੀ.ਪੁਆਇੰਟ ਬਰਨਾਲਾ ਦੇ ਨੇੜੇ ਫਰਵਾਹੀ ਚੁੰਗੀ ਵਾਲੇ ਮੋੜ ਉੱਤੇ ਸਥਿਤ ਕਰਾਊਨ ਸਪਾ ਸੈਂਟਰ ਅਤੇ ਓ 3 ਸਪਾ ਸੈਂਟਰ ਦੀ ਆੜ ‘ਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਦਾ ਪੁਲਿਸ ਨੇ ਪਰਦਾਫਾਸ਼ ਕਰਦਿਆਂ, ਇੱਕ ਸਪਾ ਸੈਂਟਰ ਦੇ ਸੰਚਾਲਕ ਨੂੰ ਗਿਰਫਤਾਰ ਵੀ ਕਰ ਲਿਆ ਹੈ। ਥਾਣਾ ਸਿਟੀ 2 ਬਰਨਾਲਾ ਵਿਖੇ ਦਰਜ ਐਫ.ਆਈ.ਆਰ. ਅਨੁਸਾਰ ਸਪਾ ਸੈਂਟਰ ਦੇ ਸੰਚਾਲਕ ਗੁਰਜੀਤ ਸਿੰਘ ਪੁੱਤਰ ਓਮ ਪ੍ਰਕਾਸ ਉਰਫ ਜਸਪਾਲ ਸਿੰਘ ਵਾਸੀ ਸਿੰਘਪੁਰਾ (ਮਲਿਕਪੁਰ) ਕੁਰਕਸ਼ੇਤਰ ਹਾਲ ਆਬਾਦ ਨੇੜੇ ਫਰਵਾਹੀ ਚੁੰਗੀ CROWN ਸਪਾ ਸੈਂਟਰ ਬਰਨਾਲਾ ਅਤੇ ਓ 3 ਸਪਾ ਸੈਂਟਰ ਦੇ ਸੰਚਾਲਕ ਪਰਵੀਨ ਪੁੱਤਰ ਨਾ-ਮਲੂਮ ਵਾਸੀ ਬਰਨਾਲਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ CROWN ਸਪਾ ਸੈਂਟਰ ਦੇ ਸੰਚਾਲਕ ਗੁਰਜੀਤ ਸਿੰਘ ਨੂੰ ਗਿਰਫਤਾਰ ਕਰ ਲਿਆ, ਜਦੋਂਕਿ ਓ 3 ਸਪਾ ਸੈਂਟਰ ਦੇ ਸੰਚਾਲਕ ਤੇ ਹੋਰ ਦੋਸ਼ੀਆਂ ਦੀ ਤਲਾਸ਼ ਜ਼ਾਰੀ ਹੈ। ਇਹ ਕੇਸ ਮੁਖਬਰ ਦੀ ਸੂਚਨਾ ਦੇ ਅਧਾਰ ਪਰ ਬਰਬਿਆਨ ਇੰਸਪੈਕਟਰ ਜਸਵਿੰਦਰ ਸਿੰਘ ਵੱਲੋਂ ਦਰਜ ਹੋਇਆ ਹੈ।
ਦਰਜ ਐਫ.ਆਈ.ਆਰ. ਅਨੁਸਾਰ ਮੁਦਈ ਮੁਕੱਦਮਾ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਗੁਰਜੀਤ ਸਿੰਘ ਨੇ CROWN ਸਪਾ ਸੈਂਟਰ ਅਤੇ ਪਰਵੀਨ ਉਕਤ ਨੇ ਓ-3 ਸਪਾ ਸੈਂਟਰ ਦੋਵੇਂ ਨੇੜੇ ਫਰਵਾਹੀ ਚੁੰਗੀ ਬਰਨਾਲਾ ਖੋਲ੍ਹੇ ਹੋਏ ਹਨ। ਇੱਨ੍ਹਾਂ ਦੋਵਾਂ ਸਪਾ ਸੈਂਟਰਾਂ ਵਿੱਚ , ਸਪਾ ਸੈਂਟਰਾਂ ਦੇ ਸੰਚਾਲਕ, ਗਰੀਬ ਅਤੇ ਲਾਚਾਰ ਕਿਸਮ ਦੀਆਂ ਲੜਕੀਆਂ / ਔਰਤਾਂ ਨੂੰ ਮਰਦਾਂ/ਪੁਰਸ਼ਾਂ ਕੋਲ ਪੇਸ਼ ਕਰਕੇ ਉਨ੍ਹਾਂ ਪਾਸੋਂ ਜਿਸਮ ਫਰੋਸੀ ਦਾ ਧੰਦਾ ਕਰਵਾਉਂਦੇ ਹਨ। ਜੇਕਰ ਸਪਾ ਸੈਂਟਰਾਂ ਪਰ ਰੇਡ ਕੀਤੀ ਜਾਵੇ ਤਾਂ ਦੋਵਾਂ ਦੋਸ਼ੀਆਂ ਨੂੰ ਸਮੇਤ ਗਰੀਬ ਲਾਚਾਰ ਲੜਕੀਆਂ/ਔਰਤਾਂ ਅਤੇ ਗ੍ਰਾਹਕਾਂ ਲੜਕਿਆਂ/ ਮਰਦਾਂ ਦੇ ਜਿਸਮ ਫਰੋਸੀ ਦਾ ਧੰਦਾ ਕਰਵਾਉਦੇ ਕਾਬੂ ਕੀਤਾ ਜਾ ਸਕਦਾ ਹੈ। ਪੁਲਿਸ ਨੇ ਕੇਸ ਦਰਜ ਕਰਕੇ, ਇੱਕ ਮੁੱਖ ਦੋਸ਼ੀ ਨੂੰ ਗਿਰਫਤਾਰ ਕਰਕੇ,ਹੋਰਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਦੋਸ਼ੀਆਂ ਖਿਲਾਫ ਅਧੀਨ ਜੁਰਮ 3/5 ਇੰਮੌਰਲ ਟ੍ਰੈਫਿਕਿੰਗ ਐਕਟ 1956 ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਸਪਾ ਸੈਂਟਰ ਸੰਚਾਲਕ ਤੋਂ ਸਖਤੀ ਨਾਲ ਪੁੱਛਗਿੱਛ ਕਰਕੇ,ਉਸ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਏ ਹੋਰ ਦੋਸ਼ੀਆਂ ਨੂੰ ਵੀ ਜਲਦ ਹੀ ਗਿਰਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਅਪਰਾਧਿਕ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਬਾਰੇ, ਪੁਲਿਸ ਨੂੰ ਬੇਝਿਜਕ ਜ਼ਾਣਕਾਰੀ ਦੇਣ ਲਈ ਅੱਗੇ ਆਉ, ਤਾਂ ਹੀ ਸ਼ਹਿਰ ਨੂੰ ਅਪਰਾਧ ਮੁਕਤ ਬਣਾਇਆ ਜਾ ਸਕਦਾ ਹੈ।