23 ਮਾਰਚ ਦੇ ਸ਼ਹੀਦਾਂ ਦੇ ਅਧੂਰੇ ਕਾਰਜ਼ ਨੂੰ ਪੂਰਾ ਕਰਨ ਲਈ ਜਮਾਤੀ ਸੰਘਰਸ਼ਾਂ ਦੇ ਅਖਾੜੇ ਮਘਾਓ- ਜਗਰਾਜ ਹਰਦਾਸਪੁਰਾ
ਆਜ਼ਾਦ ਰੰਗ ਮੰਚ ( ਨਿਰਦੇਸ਼ਕ ਰਣਜੀਤ ਚੌਹਾਨ )ਦੀ ਨਾਟਕ ਟੀਮ ਨੇ ਖ਼ੂਬਸੂਰਤ ਪੇਸ਼ਕਾਰੀਆਂ ਕੀਤੀਆਂ
ਰਘਬੀਰ ਹੈਪੀ , ਮਹਿਲ ਕਲਾਂ 24 ਮਾਰਚ 2024
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਬਲਾਕ ਮਹਿਲਕਲਾਂ ਵੱਲੋਂ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਹਿਲਕਲਾਂ ਵਿਖੇ ਸਾਮਰਾਜ ਵਿਰੋਧੀ ਸ਼ਹੀਦੀ ਕਾਨਫਰੰਸ ਬਲਾਕ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਹੇਠ ਕਰਕੇ ਮਨਾਈ ਗਈ। ਇਸ ਸ਼ਹੀਦੀ ਕਾਨਫਰੰਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਮਰਦ-ਔਰਤਾਂ ਦੇ ਕਾਫ਼ਲਿਆਂ ਨੇ ਪੂਰੇ ਇਨਕਲਾਬੀ ਜੋਸ਼ ਨਾਲ ਭਾਗ ਲਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਮਹਿਲਕਲਾਂ ਦੇ ਜਨਰਲ ਸਕੱਤਰ ਸਤਨਾਮ ਸਿੰਘ ਮੂੰਮ ਨੇ ਦੱਸਿਆ ਕਿ ਸ਼ਹੀਦਾਂ ਵੱਲੋਂ ਲਾਇਆ ‘ਇਨਕਲਾਬ- ਜਿੰਦਾਬਾਦ’, ‘ਸਾਮਰਾਜਵਾਦ- ਮੁਰਦਾਬਾਦ’ ਦਾ ਨਾਹਰਾ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦਾ ਹੈ। ਸਾਮਰਾਜ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ, ਸੰਸਾਰ ਵਪਾਰ ਸੰਸਥਾ ਅਤੇ ਹੋਰ ਸਾਮਰਾਜੀ ਸੰਸਥਾਵਾਂ ਰਾਹੀਂ ਭਾਰਤ ਦੇ ਖੇਤੀ/ਪੇਂਡੂ ਖੇਤਰ ਨੂੰ ਸਾਮਰਾਜੀ ਬਹੁ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਆਪਣੇ ਵਿਚਾਰ ਸਾਂਝੇ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਮੇਲ ਸਿੰਘ ਠੁੱਲੀਵਾਲ, ਜਗਜੀਤ ਬੱਲਮਗੜ੍ਹ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਆਪਣੇ ਘੋਲ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ। ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਭਾਰਤ ਦੀ ਕਿਸਾਨੀ ਲਹਿਰ ਵਾਸਤੇ ਚਾਨਣ ਮੁਨਾਰਾ ਹਨ। ਸਾਮਰਾਜ ਵਿਰੋਧੀ ਕਾਨਫਰੰਸ ਸਮੇਂ ਆਜ਼ਾਦ ਰੰਗ ਮੰਚ (ਨਿਰਦੇਸ਼ਕ ਰਣਜੀਤ ਚੌਹਾਨ) ਵੱਲੋਂ ਇਨਕਲਾਬੀ ਨਾਟਕ ‘ਤੇ ਕੋਰਿਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਹੋਰਨਾਂ ਬੁਲਾਰਿਆਂ ਅਮਰਜੀਤ ਸਿੰਘ ਠੁੱਲੀਵਾਲ, ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਮਕਸਦ ਉਨ੍ਹਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਲੋਕ ਮਨਾਂ ਦਾ ਹਿੱਸਾ ਬਨਾਉਣਾ ਹੈ। ਸ਼ਹੀਦੀ ਕਾਨਫ਼ਰੰਸ ਵਿੱਚ ਜੱਗਾ ਸਿੰਘ ਮਹਿਲਕਲਾਂ, ਚਮਕੌਰ ਸਿੰਘ ਮਹਿਲਕਲਾਂ, ਅਮਨਦੀਪ ਸਿੰਘ ਮਹਿਲਕਲਾਂ, ਭਿੰਦਰ ਸਿੰਘ ਮੂੰਮ, ਬੇਅੰਤ ਕੌਰ, ਹਰਬੰਸ ਕੌਰ, ਅਮਰਜੀਤ ਕੌਰ,ਅਜਮੇਰ ਸਿੰਘ ਕਾਲਸਾਂ, ਮੁਕੰਦ ਸਿੰਘ, ਅਮਨਦੀਪ ਸਿੰਘ, ਜਗਤਾਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।