ਹਰਿੰਦਰ ਨਿੱਕਾ, ਬਰਨਾਲਾ 23 ਫਰਵਰੀ 2024
ਪੰਜਾਬ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ” ਵਾਰਿਸ ਪੰਜਾਬ ਦੇ ” ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵਕੀਲ, ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਲੰਘੇ ਸੱਤ ਦਿਨਾਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵੱਲੋਂ ਜ਼ਾਰੀ ਭੁੱਖ ਹੜਤਾਲ ਸਬੰਧੀ ਮੀਡੀਆ ਅੱਗੇ ਜਿੱਥੇ ਸਨਸਨੀਖੇਜ ਖੁਲਾਸਾ ਕੀਤਾ ਹੈ। ਉੱਥੇ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੰਬੇ ਹੱਥੀ ਵੀ ਲਿਆ ਹੈ। ਇਹ ਖੁਲਾਸੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਡਿਬਰੂਗੜ ਜੇਲ੍ਹ ਵਿਚ ਭਾਈ ਅੰਮ੍ਰਿਤਪਾਲ ਸਿੰਘ ਨਾਲ 19 ਫਰਵਰੀ ਨੂੰ ਕੀਤੀ ਗਈ ਮੁਲਾਕਾਤ ਉਪਰੰਤ ਅੱਜ ਆਪਣੇ ਗ੍ਰਹਿ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਹਨ। ਐਡੋਵੇਕਟ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਮਿਤੀ 16 ਫਰਵਰੀ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਆਪਣੀ ਬੈਰਕ ਵਿਚ ਆਏ ਤਾਂ ਉਨ੍ਹਾਂ ਨੇ ਬੈਰਕ ਦੇ ਬੱਲਬਾਂ ਵਿਚ ਫਿਟ ਕੀਤੇ ਖੁਫ਼ੀਆ ਕੈਮਰੇ ਤੇ ਹੋਰ ਯੰਤਰ ਦੇਖੇ। ਜਿਸ ਸਬੰਧੀ ਉਨ੍ਹਾਂ ਪਹਿਲਾਂ ਜੇਲ੍ਹ ਸੁਪਰਡੰਟ ਨੂੰ ਜਾਣੂ ਕਰਵਾਇਆ ਅਤੇ ਫਿਰ ਇੱਕ ਲਿਖਤੀ ਪੱਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਜੇਲ੍ਹ ਸੁਪਰਡੈਂਟ ਰਾਹੀਂ ਮਿਤੀ 17 ਫਰਵਰੀ ਨੂੰ ਭੇਜਿਆ ਗਿਆ ਸੀ। ਇਸ ਪੱਤਰ ਵਿਚ ਲਿਖਿਆ ਗਿਆ ਹੈ ਕਿ ਉਸ ਦੀ ਅਤੇ ਉਸ ਦੇ ਹੋਰਨਾਂ ਸਾਥੀਆਂ ਦੀਆਂ ਬੈਰਕਾਂ ਵਿਚ ਖੁਫ਼ੀਆ ਕੈਮਰੇ ਲਾਉਣਾ ਉਨ੍ਹਾਂ ਦੀ ਨਿੱਜਤਾ ‘ਤੇ ਹਮਲਾ ਹੈ । ਉਨ੍ਹਾਂ ਇਹ ਵੀ ਖਦਸ਼ਾ ਜਾਹਿਰ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਖਾਣੇ ਵਿਚ ਜ਼ਹਿਰ ਦੇ ਕੇ ਵੀ ਮਾਰਿਆ ਜਾ ਸਕਦਾ ਹੈ। ਇਸ ਲਈ ਉਹ ਸੰਘਰਸ਼ ਦਾ ਬਿਗੁਲ ਵਜਾ ਕੇ ਆਪਣੀ ਭੁੱਖ ਹੜਤਾਲ ਸ਼ੁਰੂ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹੋਰ ਸਾਥੀਆਂ ਸਮੇਤ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਜਦੋਂ ਤੱਕ ਉਨ੍ਹਾਂ ਦੀ ਇਹ ਮੰਗ ਮੰਜੂਰ ਨਹੀਂ, ਹੁੰਦੀ,ਉਨ੍ਹੀਂ ਦੇਰ ਤੱਕ ਇਹ ਭੁੱਖ ਹੜਤਾਲ ਜ਼ਾਰੀ ਰਹੇਗੀ। ਐਡਵੋਕੇਟ ਖਾਲਸਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੂ-ਬ-ਹੂ ਸ਼ਬਦੀਂ ਸਪੱਸ਼ਟ ਕੀਤਾ ਹੈ ਕਿ ਇਹ ਸਭ ਕੁੱਝ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰਵਾਇਆ ਜਾ ਰਿਹਾ ਹੈ । ਜੇਕਰ ਡਿਬਰੂਗੜ੍ਹ ਦੀ ਜੇਲ੍ਹ ਵਿਚ ਉਨ੍ਹਾਂ ਜਾਂ ਉਨ੍ਹਾਂ ਦੇ ਸਾਥੀਆਂ ਨੂੰ ਖਾਣੇ ਵਿਚ ਜਹਿਰ ਦੇ ਕੇ ਜਾਂ ਹੋਰ ਕਿਸੇ ਢੰਗ ਤਰੀਕੇ ਨਾਲ ਸ਼ਹੀਦ ਕੀਤਾ ਜਾਂਦਾ ਹੈ ਤਾਂ ਇਸ ਦਾ ਸਿੱਧੇ ਤੌਰ ‘ਤੇ ਭਗਵੰਤ ਮਾਨ ਹੀ ਜੁੰਮੇਵਾਰ ਹੋਵੇਗਾ। ਪਰ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸਾਮ ਸਰਕਾਰ ਜਾਂ ਡਿਬਰੂਗੜ੍ਹ ਜੇਲ੍ਹ ਦੇ ਅਧਿਕਾਰੀ ਭਗਵੰਤ ਮਾਨ ਦੀ ਰਚੀ ਸਾਜਿਸ਼ ਦਾ ਸ਼ਿਕਾਰ ਹੋਣ ।
ਐਡਵੋਕੇਟ ਖਾਲਸਾ ਨੇ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਵਿਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਕਾਰਨ ਭਾਈ ਬਸੰਤ ਸਿੰਘ ਜਿਨ੍ਹਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ ਹੈ, ਭਾਈ ਹਰਜੀਤ ਸਿੰਘ ਜੋ ਸ਼ੂਗਰ ਦੇ ਮਰੀਜ਼ ਹਨ ਅਤੇ ਭਾਈ ਕੁਲਵੰਤ ਸਿੰਘ ਰਾਉਂਕੇ ਜਿਨ੍ਹਾਂ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ, ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਇਨ੍ਹਾਂ ਤੋਂ ਇਲਾਵਾ ਭਾਈ ਅੰਮ੍ਰਿਤਪਾਲ ਸਿੰਘ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਸਿੱਖ ਕੌਮ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਸਮਾਂ ਰਹਿੰਦਿਆਂ ਜਾਗਣ ਦੀ ਅਪੀਲ ਕੀਤੀ ਹੈ। ਐਡਵੋਕੇਟ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ । ਕਿਉਂਕਿ ਸੂਬੇ ਵਿਚ ਆਮ ਅਦਾਮੀ ਪਾਰਟੀ ਦੀ ਸਰਕਾਰ ਦਾ ਰਾਜ ਨਹੀਂ, ਕੇਵਲ ਤੇ ਕੇਵਲ ਇਕੋ ਇੱਕ ਵਿਅਕਤੀ ਭਗਵੰਤ ਮਾਨ ਦਾ ਰਾਜ ਹੈ ਅਤੇ ਬਾਕੀ ਸਾਰੇ ਮੰਤਰੀ ਤੇ ਵਿਧਾਇਕ ਉਸ ਦੇ ਇਸ਼ਾਰਿਆਂ ਤੇ ਨੱਚਦੇ ਹਨ। ਇਸ ਮੌਕੇ ਸ: ਖਾਲਸਾ ਦੇ ਰਾਜਸੀ ਸਕੱਤਰ ਅਵਤਾਰ ਸਿੰਘ ਸੰਧੂ ਅਤੇ ਐਡਵੋਕੇਟ ਗੁਲਸ਼ਨ ਕੁਮਾਰ ਵੀ ਮੌਜੂਦ ਸਨ।