ਵਰਕ ਆਰਡਰ ਜ਼ਾਰੀ ਕਰਨ ਵਿੱਚ ਕੀਤੀ ਜਾ ਰਹੀ ਟਾਲਮਟੋਲ
ਰਘਵੀਰ ਹੈਪੀ, ਬਰਨਾਲਾ 22 ਫਰਵਰੀ 2024
ਨਗਰ ਕੌਂਸਲ ਬਰਨਾਲਾ ਦੇ ਅਹੁਦਿਂਓ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਦੀ ਅਗਵਾਈ ਵਿੱਚ ਵਿਰੋਧੀ ਦੇ ਕੌਂਸਲਰਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਤੀ ਫ਼ਰਿਆਦ ਕਰਦਿਆਂ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਕੰਮਾਂ ਦੇ ਵਰਕ ਆਰਡਰ ਜ਼ਾਰੀ ਕਰਵਾ ਕੇ ਵਾਰਡ ਕੌਂਸਲਰ ਦੀ ਅਗਵਾਈ ਚ ਕੰਮ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਬਰਨਾਲਾ ਵਲੋਂ ਸੱਤਾਧਾਰੀ ਧਿਰ ਦੇ ਇਸ਼ਾਰੇ ਤੇ ਵਿਰੋਧੀ ਧਿਰ ਨਾਲ ਸੰਬੰਧਿਤ ਕਰੀਬ 13 ਕੌਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਕੰਮ ਠੱਪ ਕਰਕੇ ਰੱਖੇ ਹੋਏ ਹਨ। ਉਨ੍ਹਾਂ ਕਿਹਾ ਬੀਤੇ ਸਮੇਂ ਦੌਰਾਨ ਉਨ੍ਹਾਂ ਵਲੋਂ ਹਾਊਸ ਦੀ ਮੀਟਿੰਗ ਦੌਰਾਨ ਸ਼ਹਿਰ ਦੇ ਸਮੂਹ ਵਾਰਡਾਂ ਵਿੱਚ ਵਿਕਾਸ ਕੰਮਾਂ ਦੇ ਟੈਂਡਰਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ। ਪਰ ਨਗਰ ਕੌਂਸਲ ਵਲੋਂ ਸਤਾਧਾਰੀ ਧਿਰ ਨਾਲ ਮਿਲ ਕੇ ਚੱਲ ਰਹੇ ਕੌਂਸਲਰਾਂ ਦੇ ਵਾਰਡਾਂ ਦੇ ਵਰਕ ਆਰਡਰ ਜਾਰੀ ਕਰਕੇ ਕੰਮ ਕਰਵਾਏ ਜਾ ਰਹੇ ਹਨ, ਜਦਕਿ ਵਿਰੋਧੀ ਧਿਰ ਨਾਲ ਸੰਬੰਧਿਤ ਲਗਭਰ 13 ਵਾਰਡਾਂ ਦੇ ਵਿਕਾਸ ਕੰਮਾਂ ਦੇ ਵਰਕ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਸੇ ਵੀ ਸਰਕਾਰ ਦੇ ਸਮੇਂ ਦੇਖਣ ਨੂੰ ਨਹੀਂ ਮਿਲਿਆ। ਉਹਨਾ ਕਿਹਾ ਉਹਨਾ ਦੇ ਵਾਰਡਾਂ ਅੰਦਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਹਨ, ਪਰ ਉਹਨਾ ਦੇ ਵਾਰਡਾਂ ਦੇ ਵਿਕਾਸ ਕਾਰਜ ਰੁਕਵਾ ਕੇ ਸਰਕਾਰ ਸਮੂਹ ਵਾਰਡ ਵਾਸੀਆਂ ਨਾਲ ਧੱਕਾ ਕਰ ਰਹੀ ਹੈ।
ਉਨ੍ਹਾਂ ਡੀਸੀ ਬਰਨਾਲਾ ਪੂਨਮਦੀਪ ਕੌਰ ਨੂੰ ਲਿਖਤੀ ਅਪੀਲ ਕਰਕੇ ਉਨ੍ਹਾਂ ਦੇ ਵਾਰਡਾਂ ਦੇ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਵਾਰਡ ਕੌਂਸਲਰ ਦੀ ਦੇਖ ਰੇਖ ਹੇਠ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ।
ਇਸ ਮੌਕੇ ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਹਰਬਖਸੀਸ ਸਿੰਘ ਗੋਨੀ, ਕੌਂਸਲਰ ਅਜੈ ਕੁਮਾਰ, ਕੌਂਸਲਰ ਕੌਂਸਲਰ ਗਿਆਨ ਕੌਰ, ਕੌਂਸਲਰ ਰਾਣੀ ਕੌਰ, ਕੌਂਸਲਰ ਮੀਨੂੰ ਬਾਂਸਲ, ਕੌਂਸਲਰ ਕਰਮਜੀਤ ਕੌਰ, ਦੀਪਕਾ ਸ਼ਰਮਾ, ਕੌਂਸਲਰ ਰਣਦੀਪ ਕੌਰ ਬਰਾੜ, ਕੌਂਸਲਰ ਸ਼ਬਾਨਾ, ਕੌਂਸਲਰ ਭੁਪਿੰਦਰ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੂ ਮੋਰ , ਮੰਗਤ ਰਾਏ ਬਾਂਸਲ, ਗੁਰਦਰਸ਼ਨ ਸਿੰਘ ਬਰਾੜ, ਜਸਮੇਲ ਸਿੰਘ ਡੇਅਰੀ ਵਾਲਾ, ਸੁਖਪਾਲ ਸਿੰਘ ਰੁਪਾਣਾ, ਖੁਸੀ ਮੁਹੰਮਦ ਆਦਿ ਹਾਜ਼ਰ ਸਨ।