ਅਸ਼ੋਕ ਵਰਮਾ, ਬਠਿੰਡਾ 22 ਜਨਵਰੀ 2024
ਚਾਰ ਦਿਨ ਬਾਅਦ 26 ਜਨਵਰੀ ਨੂੰ ਕਰਵਾਏ ਜਾਣ ਵਾਲੇ ਗਣਤੰਤਰ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਚੌਕਸ ਹੋਈ ਬਠਿੰਡਾ ਪੁਲਿਸ ਨੇ ਅੱਜ ਇੱਥੋਂ ਦੇ ਬੱਸ ਅੱਡੇ ,ਰੇਲਵੇ ਸਟੇਸ਼ਨ ਅਤੇ ਹੋਟਲਾਂ ਆਦਿ ’ਚ ਤਲਾਸ਼ੀ ਮੁਹਿੰਮ ਚਲਾਈ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੇ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸ਼ੱਕੀ ਬੱਸ ਮੁਸਾਫਿਰਾਂ ਦੇ ਬੈਗਾਂ ਆਦਿ ਨੂੰ ਵੀ ਫਰੋਲਿਆ ਗਿਆ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ 26 ਜਨਵਰੀ ਨੂੰ ਬਠਿੰਡਾ ‘ਚ ਕੌਮੀ ਝੰਡਾ ਲਹਿਰਾਉਣ ਲਈ ਆ ਰਹੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਦਿਖਾਈ ਜਾ ਰਹੀ ਮੁਸਤੈਦੀ ਦਾ ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਸਵੇਰ ਵਕਤ 10 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤੱਕ ਚੱਲੀ ਇਸ ਤਲਾਸ਼ੀ ਮੁਹਿੰਮ ਦੀ ਦੇਖ ਰੇਖ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਐਸਪੀ ਡੀ ਅਜੇ ਗਾਂਧੀ ਹਵਾਲੇ ਕੀਤੀ ਗਈ ਸੀ।
ਦੋਵਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ 7 ਡੀਐਸਪੀ, 19 ਥਾਣਿਆ ਦੇ ਮੁੱਖ ਥਾਣਾ ਅਫਸਰ ਪੀਸੀਆਰ ਦੀਆਂ 10 ਗੱਡੀਆਂ ਸਮੇਤ ਕੁੱਲ 300 ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉਂਜ ਅੱਜ ਦੀ ਇਸ ਕਾਰਵਾਈ ਦੌਰਾਨ ਪੁਲਿਸ ਨੂੰ ਕੋਈ ਸ਼ੱਕੀ ਜਾਂ ਖਤਰਾ ਬਣਨ ਵਾਲੀ ਵਸਤੂ ਆਦਿ ਹੱਥ ਨਹੀਂ ਲੱਗੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੇ ਅੱਜ ਤੋਂ ਪੂਰੀ ਡੂੰਘਾਈ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜੋ ਕਿ ਸਮਾਗਮਾਂ ਦੀ ਸਮਾਪਤੀ ਹੋਣ ਤੱਕ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਕਿਸੇ ਸ਼ੱਕੀ ਵਸਤੂ ਜਾਂ ਲਾਵਾਰਿਸ ਸਮਾਨ ਨਜ਼ਰ ਆਉਣ ਦੀ ਸੂਰਤ ’ਚ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ। ਦੱਸਣਯੋਗ ਹੈ ਕਿ 26 ਜਨਵਰੀ ਦੇ ਸਮਾਗਮਾਂ ਕਾਰਨ ਅਧਿਕਾਰੀ ਚੌਕਸੀ ਦੇ ਪੱਖ ਤੋਂ ਕੋਈ ਕਸਰ ਬਾਕੀ ਨਹੀਂ ਰੱਖ ਰਹੇ ਹਨ।
ਪੁਲਿਸ ਨੂੰ ਖਦਸ਼ਾ ਹੈ ਕਿ ਦੇਸ਼ ਦੇ ਇਸ ਅਹਿਮ ਸਮਾਗਮ ਮੌਕੇ ਸ਼ਰਾਰਤੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ ਸਕਦੇ ਹਨ ਜਿਸ ਕਰਕੇ ਪੁਲਿਸ ਵੱਲੋਂ ਢਿੱਲ ਨਹੀਂ ਵਰਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਖੁਫੀਆ ਏਜੰਸੀਆਂ ਨੇ ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਸੁਰੱਖਿਆ ਪ੍ਰਤੀ ਚੌਕਸ ਰਹਿਣ ਲਈ ਆਖਿਆ ਹੈ ਪਰ ਇਸ ਦੀ ਕੋਈ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੋਇਆ ਹੈ। ਸੂਤਰ ਦੱਸਦੇ ਹਨ ਕਿ ਇਸੇ ਕਾਰਨ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੇ ਸਮਾਗਮ ਵਾਲੀ ਥਾਂ ਦੇ ਆਲੇ ਦੁਆਲੇ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਨੂੰ ਲੈਕੇ ਪੁਲਿਸ ਨੂੰ ‘ ਅਲਰਟ’ ਮੋਡ ਤੇ ਰੱਖਿਆ ਹੋਇਆ ਹੈ। ਇਸ ਦੌਰਾਨ ਜਿੱਥੇ ਸ਼ਹਿਰ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਹੈ, ਉੱਥੇ ਹੀ ਪੇਂਡੂ ਖੇਤਰਾਂ ’ਚ ਰੂਰਲ ਰੈਪਿਡ ਰਿਸਪੌਂਸ ਗੱਡੀਆਂ ਨੂੰ ਭਲਵਾਨੀ ਗੇੜੇ ਲਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸੇ ਤਰਾਂ ਸ਼ਹਿਰ ’ਚ ਦਾਖ਼ਲ ਹੋਣ ਵਾਲੇ ਰਸਤਿਆਂ , ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਸਮੇਤ ਹੋਰ ਜਨਤਕ ਥਾਵਾਂ ‘ਤੇ ਵੀ ਪਹਿਰਾ ਸਖਤ ਕੀਤਾ ਜਾ ਰਿਹਾ ਹੈ। ਗਸ਼ਤ ਕਰ ਰਹੇ ਪੁਲੀਸ ਦੇ ਪੀਸੀਆਰ ਦੇ ਮੋਟਰਸਾਈਕਲ ਤੇ ਆਰਟਿਗਾ ਗੱਡੀਆਂ ਨੂੰ ਸੰਵੇਦਨਸ਼ੀਲ ਥਾਵਾਂ ਨੇੜੇ ਵਧੇਰੇ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਪੁਲਿਸ ਟੀਮਾਂ ਜਿਆਦਾ ਭੀੜ ਵਾਲੇ ਇਲਾਕਿਆਂ, ਸ਼ਹਿਰ ਦੇ ਮੁੱਖ ਬਜਾਰਾਂ ,ਧਾਰਮਿਕ ਸਥਾਨਾਂ ਅਤੇ ਸ਼ਾਪਿੰਗ ਮਾਲਜ਼ ਵਗੈਰਾ ਦੀ ਨਿਗਰਾਨੀ ਕਰ ਰਹੀਆਂ ਹਨ। ਪੁਲੀਸ ਦੀ ਤੁਰੰਤ ਕਾਰਵਾਈ ਕਰਨ ਵਾਲੀ ਕੁਇੱਕ ਐਕਸ਼ਨ ਟੀਮ ਨੂੰ ਵੀ ‘ਸਟੈਂਡਬਾਈ ’ ਰੱਖਿਆ ਗਿਆ ਹੈ । ਦੱਸਿਆ ਜਾਂਦਾ ਹੈ ਕਿ ਐਸਐਸਪੀ ਨੇ ਸਮੂਹ ਥਾਣਾ ਇੰਚਾਰਜਾਂ ਨੂੰ ਗਸ਼ਤ ਵਧਾਉਣ ਅਤੇ ਚੌਕੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਨੇ ਘੋੜਾ ਬ੍ਰਿਗੇਡ ਨੂੰ ਵੀ ਤਿਆਰ ਬਰ ਤਿਅਰ ਰਹਿਣ ਵਾਸਤੇ ਆਖ ਦਿੱਤਾ ਹੈ।
ਖਤਰੇ ਵਾਲੇ ਜੋਨ ’ਚ ਸ਼ੁਮਾਰ ਬਠਿੰਡਾ
ਸੁਰੱਖਿਆ ਦੇ ਲਿਹਾਜ ਤੋਂ ਬਠਿੰਡਾ ਹੁਣ ਖਤਰੇ ਵਾਲਾ ਜੋਨ ਮੰਨਿਆ ਜਾਣ ਲੱਗਿਆ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਵਿਰਕ ਕਲਾਂ ‘ਚ ਕੌਮੀ ਪੱਧਰ ਦਾ ਹਵਾਈ ਅੱਡਾ ਤੇ ਭਾਰਤੀ ਹਵਾਈ ਫੌਜ ਦਾ ਏਅਰਬੇਸ ਵੀ ਹੈ । ਇਸੇ ਤਰਾਂ ਹੀ ਜਿਲ੍ਹੇ ‘ਚ ਵੱਡੇ ਪੂੰਜੀ ਨਿਵੇਸ਼ ਵਾਲੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ। ਬਠਿੰਡਾ ਵਿੱਚ ਤਿੰਨ ਵੱਡੇ ਤੇਲ ਡਿਪੂ ਹਨ ਹੈ ਜਿੱਥੋਂ ਪੂਰੇ ਮਾਲਵੇ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਤੇਲ ਸਪਲਾਈ ਕੀਤਾ ਜਾਂਦਾ ਹੈ। ਬਠਿੰਡਾ ਵਿੱਚ ਹੀ ਏਸ਼ੀਆ ਦੀ ਸਭ ਤੋਂ ਵੱਡੀ ਛਾਉਣੀ ਅਤੇ ਲਹਿਰਾ ਮੁਹੱਬਤ ਵਿੱਚ ਤਾਪ ਬਿਜਲੀ ਘਰ ਹੈ। ਦੂਜਾ ਸੁਪਰ ਤਾਪ ਬਿਜਲੀ ਘਰ ਤਲਵੰਡੀ ਸਾਬੋ ਦੇ ਨਜ਼ਦੀਕ ਲੱਗਾ ਹੋਇਆ ਹੈ। ਸ਼ਹਿਰ ਵਿੱਚ ਕੌਮੀ ਖਾਦ ਕਾਰਖਾਨਾ ,ਰੇਲ ਜੰਕਸ਼ਨ ਦਰਜਨਾਂ ਹੋਟਲ ਅਤੇ ਵੱਡੇ ਕਾਰੋਬਾਰੀ ਅਦਾਰੇ ਹਨ।
ਪੁਲਿਸ ਦੀ ਤਰਜੀਹ ਸੁਰੱਖਿਆ : ਐਸਐਸਪੀ
ਜ਼ਿਲ੍ਹਾ ਪੁਲੀਸ ਕਪਤਾਨ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਬਠਿੰਡਾ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਤੇ ਇਸ ਲਈ ਲੁੜੀਂਦੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਬਠਿੰਡਾ ਜਿਲ੍ਹੇ ’ਚ ਲਗਾਤਾਰ ਗਸ਼ਤ ਕਰ ਰਹੀਆਂ ਹਨ ਅਤੇ ਸ਼ੱਕੀ ਗੱਡੀਆਂ ਜਾਂ ਫਿਰ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਐਸਐਸਪੀ ਨੇ ਕਿਹਾ ਕਿ ਪੁਲਿਸ ਸ਼ਰਾਰਤੀ ਅਨਸਰਾਂ ਨਾਲ ਕਰੜੇ ਹੱਥੀਂ ਨਿਪਟੇਗੀ ਅਤੇ ਦੰਗਾਕਾਰੀਆਂ ਤੇ ਸਮਾਜ ਵਿਰੋਧੀਆਂ ਨੂੰ ਕਿਸੇ ਵੀ ਕੀਮਤ ਤੇ ਸਿਰ ਨਹੀਂ ਚੁੱਕਣ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪੂਰੇ ਇਲਾਕੇ ‘ਚ ਪੁਲਿਸ ਬਲ ਸਥਿਤੀ ਤੇ ਨਜ਼ਰ ਰੱਖ ਰਹੇ ਹਨ ਅਤੇ ਸਮਾਗਮਾਂ ਵਾਲੀ ਥਾਂ ਤੇ ਵੀ ਸਰੱਖਿਆ ਸਖਤ ਕੀਤੀ ਜਾ ਰਹੀ ਹੈ।