ਅਸ਼ੋਕ ਵਰਮਾ, ਸ੍ਰੀ ਮੁਕਤਸਰ ਸਾਹਿਬ 22 ਜਨਵਰੀ 2024
ਗੁਰਸ਼ਰਨ ਸਿੰਘ ਸੰਧੂ ਆਈ.ਜੀ.ਪੀ ਫਰੀਦਕੋਟ ਰੇਂਜ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ 26 ਜਨਵਰੀ ਗਣਤੰਤਰ ਦਿਵਸ ਦੇ ਮੱਦੇ ਨਜ਼ਰ ਅੱਜ ਪੁਲਿਸ ਦੀਆਂ ਟੀਮਾਂ ਨੇ ਫਲੈਗ ਮਾਰਚ ਕੱਢਿਆ ਅਤੇ ਰੇਲਵੇ ਸਟੇਸ਼ਨ ਤੇ ਸਰਚ ਆਪਰੇਸ਼ਨ ਚਲਾਇਆ। ਇਹ ਫਲੈਗ ਮਾਰਚ ਕੋਟਕਪੂਰਾ ਚੌਂਕ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋ ਕੇ ਥਾਣਾ ਸਿਟੀ, ਮਸੀਦ ਵਾਲਾ ਚੌਂਕ ਤੋਂ ਹੁੰਦੇ ਹੋਏ ਰੇਲਵੇ ਸਟੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਪਤ ਹੋਇਆ। ਉਪਰੰਤ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਸ.ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਸ.ਅਮਰੀਕ ਸਿੰਘ ਡੀ.ਐਸ.ਪੀ (ਹੋਮੀਸਾਇਡ ਐਂਡ ਫੋਰੈਂਸਿਕ), ਸ੍ਰੀ ਸਜੀਵ ਗੋਇਲ ਡੀ.ਐਸ.ਪੀ (ਐਨ.ਡੀ.ਪੀ.ਐਸ) , ਮੁੱਖ ਅਫਸਰਾਨ ਥਾਣਾ ਤੋਂ ਇਲਾਵਾ 125 ਦੇ ਕਰੀਬ ਪੁਲਿਸ ਅਧਿਕਾਰੀ ਅਤੇ ਕ੍ਰਮਚਾਰੀ ਹਾਜ਼ਰ ਸਨ। ਇਸ ਮੌਕੇ ਆਈ ਜੀ ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਜਨਵਰੀ ਗਣਤੰਤਰਤਾ ਦਿਵਸ ਦੇ ਮੱਦੇ ਨਜ਼ਰ ਜ਼ਿਲਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਲੋਕਾਂ ਅੰਦਰ ਸਦਭਾਵਨਾ ਬਣਾਈ ਰੱਖਣ ਦੇ ਲਈ ਅਤੇ ਸ਼ਰਾਰਤੀ ਅਨਸਰਾਂ ਤੇ ਨਕੇਲ ਕਸਣ ਲਈ ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਸਬ ਡਿਵੀਜ਼ਨ ਲੰਬੀ , ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿਖੇ ਪੁਲਿਸ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਉਪਰੰਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਸਟੈਂਡ , ਰੇਲਵੇ ਸਟੇਸ਼ਨਾਂ ਤੇ ਸਰਚ ਅਭਿਆਨ ਚਲਾਇਆ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅੰਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨੀ ਹੋਵੇ ਤਾਂ ਪੁਲਿਸ ਹੈਲਪਲਾਈਨ ਨੰਬਰ 80549-42100 ਤੇ ਸੰਪਰਕ ਕਰ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।