ਹਰਿੰਦਰ ਨਿੱਕਾ , ਪਟਿਆਲਾ 17 ਜਨਵਰੀ 2024
ਥਾਣਾ ਘਨੌਰ ਦੇ ਇਲਾਕੇ ‘ਚ ਰਹਿੰਦੀ ਇੱਕ ਨਾਬਾਲਿਗ ਲੜਕੀ ਨੂੰ ਪਿੰਡ ਦੇਵੀਗੜ੍ਹ, ਥਾਣਾ ਜੁਲਕਾ ਦੇ ਰਹਿਣ ਵਾਲੇ ਨੌਜਵਾਨ ਨੇ ਇੰਸਟਾਗ੍ਰਾਮ ਤੇ ਦੋਸਤੀ ਦੇ ਜਾਲ ਵਿੱਚ ਅਜਿਹਾ ਫਸਾਇਆ (Trapped in the web of friendship on Instagram) ਕਿ ਉਹ, ਉਸ ਨੂੰ ਬਹਿਲਾ ਫੁਸਲਾ ਕੇ ਕਰਨਾਲ ਲੈ ਗਿਆ। ਜਦੋਂ ਕਿਸੇ ਤਰਾਂ ਉਹ ਲੜਕੀ, ਉਸ ਦੇ ਚੁੰਗਲ ਵਿੱਚੋਂ ਨਿੱਕਲ ਕੇ ਮੁੜ ਘਰ ਪਰਤੀ ਤਾਂ ਪੂਰੇ ਘਟਨਾਕ੍ਰਮ ਦਾ ਭੇਦ ਖੁੱਲਿਆ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਪਰ, ਦੋਸ਼ੀ ਲੜਕੇ ਦੇ ਵਿਰੁੱਧ ਬਲਾਤਕਾਰ ਆਦਿ ਹੋਰ ਸੰਗੀਨ ਧਾਰਾਵਾਂ ਤਹਿਤ ਥਾਣਾ ਘਨੌਰ ਵਿਖੇ ਕੇਸ ਦਰਜ ਕਰਕੇ,ਮਾਮਲੇ ਦੇ ਤਫਤੀਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਪੀੜਤਾ ਨੇ ਖੁਲਾਸਾ ਕੀਤਾ ਕਿ ਮਨੀਸ਼ ਕੁਮਾਰ ਪੁੱਤਰ ਜੈ ਸਿੰਘ ਵਾਸੀ ਪਿੰਡ ਦੇਵੀਗੜ੍ਹ, ਥਾਣਾ ਜੁਲਕਾ, ਜਿਲ੍ਹਾ ਪਟਿਆਲਾ ਨਾਲ ਇੰਸਟਾਗ੍ਰਾਮ ਪਰ ਉਸ ਦੀ ਦੋਸਤੀ ਹੋ ਗਈ ਸੀ। ਮਨੀਸ਼ ਨੇ 10 ਜਨਵਰੀ 2024 ਨੂੰ ਸ਼ਕਾਇਤਕਰਤਾ ਨੂੰ ਪੈਟਰੋਲ ਪੰਪ ਪਾਸ ਬੁਲਾਇਆ , ਉੱਥੋਂ ਡਰਾ ਧਮਕਾ ਕੇ ਉਹ ਆਪਣੇ ਨਾਲ ਮੋਟਰਸਾਇਕਲ ਪਰ ਬਿਠਾ ਕੇ, ਉਸ ਨੂੰ ਕਰਨਾਲ (ਹਰਿਆਣਾ )ਲੈ ਗਿਆ। ਮੁਦਈ ਅਨੁਸਾਰ ਦੋਸ਼ੀ ਮਨੀਸ਼ ਨੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਮੁਦਈ ਨਾਲ ਬਲਾਤਕਾਰ ਕੀਤਾ ‘ਤੇ ਤਿੰਨ ਦਿਨ ਤੱਕ ਡਰਾ ਧਮਕਾ ਕੇ, ਉਸ ਨੂੰ ਕਮਰੇ ਅੰਦਰ ਬੰਦ ਰੱਖਿਆ। ਪੁਲਿਸ ਨੇ ਮੁਦਈ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ, ਦੋਸ਼ੀ ਮਨੀਸ਼ ਦੇ ਖਿਲਾਫ ਅਧੀਨ ਜੁਰਮ 376/509 IPC & Sec 4 POCSO Act ਦੇ ਤਹਿਤ ਥਾਣਾ ਘਨੌਰ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਪਸਿਆਣਾ ਦੇ ਖੇਤਰ ‘ਚ ਰਹਿਣ ਵਾਲੀ ਇੱਕ ਲੜਕੀ ਨੂੰ ਬਹਿਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੀ ਇੱਕ ਹੋਰ ਵੱਖਰੀ ਘਟਨਾ ਵੀ ਸਾਹਮਣੇ ਆਈ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਮੁਦਈ ਨੇ ਦੱਸਿਆ ਕਿ9 ਜਨਵਰੀ 2024 ਸਮਾਂ ਬਾਅਦ ਦੁਪਹਿਰ ਕਰੀਬ 2.00 ਵਜੇ ਮੁਦਈ ਦੀ ਲੜਕੀ ਇਹ ਕਹਿ ਘਰੋਂ ਚਲੀ ਗਈ ਕਿ ਉਹ ਪਿੰਡ ਵਿੱਚ ਹੀ ਬਿਊਟੀ ਪਾਰਲਰ ਦੀ ਦੁਕਾਨ ਪਰ ਜਾ ਰਹੀ ਹੈ। ਪਰ ਉਹ ਮੁੜਕੇ ਘਰ ਵਾਪਿਸ ਨਹੀ ਆਈ । ਚਿੰਤਿਤ ਪਰਿਵਾਰ ਨੇ ਲੜਕੀ ਦੀ ਕਾਫੀ ਭਾਲ ਕੀਤੀ, ਪਰ ਦੌਰਾਨ ਏ ਪੜਤਾਲ ਉਨ੍ਹਾਂ ਨੂੰ ਪਤਾ ਲੱਗਿਆ ਕਿ ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਿਆਨ ਕਲੋਨੀ ਸੂਲਰ, ਥਾਣਾ ਪਸਿਆਣਾ, ਮੁਦਈ ਦੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਕਿੱਧਰੇ ਭਜਾ ਕੇ ਲੈ ਗਿਆ। ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜਦ ਦੋਸ਼ੀ ਦੀਪ ਸਿੰਘ ਦੇ ਖਿਲਾਫ ਅਧੀਨ ਜੁਰਮ 363/366-A IPC ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।