ਅਸ਼ੋਕ ਵਰਮਾ , ਬਠਿੰਡਾ 30 ਦਸੰਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਇੱਕ ਪੈਰੋਕਾਰ ਨੇ ਭਾਖੜਾ ਨਹਿਰ ’ਚ ਅਚਾਨਕ ਜਾ ਡਿੱਗੇ ਬਠਿੰਡਾ ਦੇ ਇੱਕ ਵਕੀਲ ਨੂੰ ਬਚਾਉਣ ਲਈ ਜਾਨ ਦੀ ਬਾਜੀ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕੜਾਕੇ ਦੀ ਪੈ ਰਹੀ ਠੰਢ ਦੌਰਾਨ ਜਿੱਥੇ ਆਮ ਲੋਕ ਘਰੋਂ ਬਾਹਰ ਨਿਕਲਣਾ ਤੋਂ ਗੁਰੇਜ਼ ਕਰਦੇ ਹਨ ਤਾਂ ਇਸ ਮਹੌਲ ’ਚ ਡੇਰਾ ਪ੍ਰੇਮੀ ਜਰਨੈਲ ਸਿੰਘ ਵਾਸੀ ਮਵੀ ਕਲਾਂ ਨੇ ਇਨਸਾਨੀਅਤ ਲਈ ਨਿਵੇਕਲੀ ਮਿਸਾਲ ਕਾਇਮ ਕਰ ਦਿਖਾਈ ਹੈ। ਆਮ ਲੋਕਾਂ ਵੱਲੋਂ ਡੇਰਾ ਪੈਰੋਕਾਰ ਵੱਲੋਂ ਕੀਤੇ ਇਸ ਕਾਰਜ ਦੀ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ। ਨਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਬਠਿੰਡਾ ਨਿਵਾਸੀ ਵਕੀਲ ਐਡਵੋਕੇਟ ਨਵੀਨ ਭੁੱਲਰ ਹੈ ਜੋ ਚੰਡੀਗੜ੍ਹ ਤੋਂ ਬਠਿੰਡਾ ਵਾਪਸ ਆ ਰਿਹਾ ਸੀ।
ਇਸ ਮੌਕੇ ਉਹ ਪਸਿਆਣਾ ਨਹਿਰ ’ਤੇ ਰੁਕਿਆ ਤਾਂ ਇਸ ਦੌਰਾਨ ਉਸ ਦਾ ਪੈਰ ਕਿਸੇ ਕਾਰਨ ਅਜਿਹਾ ਤਿਲਕਿਆ , ਜਿਸ ਦੇ ਸਿੱਟੇ ਵਜੋਂ ਉਹ ਨਹਿਰ ਵਿੱਚ ਜਾ ਡਿੱਗਿਆ । ਇਸ ਦੌਰਾਨ ਮਵੀ ਕਲਾਂ ਵਾਸੀ ਡੇਰਾ ਪ੍ਰੇਮੀ ਜਰਨੈਲ ਸਿੰਘ ਜੋ ਕਿ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਾਣਾ ਨਜ਼ਦੀਕ ਕੰਮ ’ਤੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਫੋਨ ਰਾਹੀਂ ਇੱਕ ਵਿਅਕਤੀ ਦੇ ਨਹਿਰ ਵਿੱਚ ਰੁੜ੍ਹਦਾ ਆਉਣ ਦੀ ਜਾਣਕਾਰੀ ਮਿਲੀ ਸੀ। ਜਰਨੈਲ ਸਿੰਘ ਆਪਣੇ ਕੰਮ ਦੀ ਪਰਵਾਹ ਕੀਤੇ ਬਿਨਾਂ ਇਨਸਾਨੀ ਫਰਜ਼ ਸਮਝਦਿਆਂ ਨਹਿਰ ਕੋਲ ਪੁੱਜਾ ਅਤੇ ਬਿਨਾਂ ਕਿਸੇ ਡਰ ਤੋਂ ਨਹਿਰ ਵਿੱਚ ਕੁੱਦ ਗਿਆ । ਇਸ ਮੌਕੇ ਜਰਨੈਲ ਸਿੰਘ ਨੇ ਹੋਰਨਾਂ ਲੋਕਾਂ ਦੇ ਸਹਿਯੋਗ ਨਾਲ ਰੱਸੇ ਸਹਾਰੇ ਉਸ ਵਿਅਕਤੀ ਨੂੰ ਬਿਲਕੁਲ ਸੁਰੱਖਿਅਤ ਬਾਹਰ ਕੱਢ ਲਿਆ।
ਕੁਝ ਦੇਰ ਬਾਅਦ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਇਹ ਨੌਜਵਾਨ ਨਵੀਨ ਭੁੱਲਰ ਹੈ ਅਤੇ ਉਹ ਬਠਿੰਡਾ ਦਾ ਰਹਿਣ ਵਾਲਾ ਹੈ। ਇਸ ਮੌਕੇ ਹਾਜ਼ਰ ਲੋਕਾਂ ਅਤੇ ਜਰਨੈਲ ਸਿੰਘ ਨੇ ਨਵੀਨ ਭੁੱਲਰ ਦੇ ਪ੍ਰੀਵਾਰਕ ਮੈਂਬਰਾਂ ਨੂੰ ਫੋਨ ਕਰਕੇ ਸੱਦਿਆ ਅਤੇ ਪੀੜਤ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ। ਨਵੀਨ ਭੁੱਲਰ ਅਤੇ ਪ੍ਰੀਵਾਰ ਨੇ ਆਪਣੇ ਪ੍ਰੀਵਾਰਕ ਮੈਂਬਰ ਦੀ ਜਾਨ ਬਚਾਉਣ ਲਈ ਡੇਰਾ ਪੈਰੋਕਾਰ ਜਰਨੈਲ ਸਿੰਘ ਦਾ ਧੰਨਵਾਦ ਕੀਤਾ। ਬਠਿੰਡਾ ਦੇ ਸੀਨੀਅਰ ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਜਰਨੈਲ ਸਿੰਘ ਡੇਰਾ ਸੱਚਾ ਸੌਦਾ ਦੀ ਸਮਾਜ ਸੇਵਾ ਲਈ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦਾ ਵਲੰਟੀਅਰ ਹੈ ਜਿਸ ਨੇ ਐਡਵੋਕੇਟ ਨਵੀਨ ਭੁੱਲਰ ਦੀ ਜਾਨ ਬਚਾਕੇ ਜਾਂਬਾਜ ਸੇਵਾਦਾਰ ਹੋਣ ਦਾ ਸਬੂਤ ਦਿੱਤਾ ਹੈ।