ਲੋਕ ਪਹਿਲਾਂ ਵੀ ਘੱਟਾ ਢੋਂਹਦੇ ਸਨ ਤੇ ਹੁਣ ਵੀ ਢੋਈ ਜਾਂਦੇ ਨੇ…….
ਅਸ਼ੋਕ ਵਰਮਾ ,ਬਠਿੰਡਾ 30 ਦਸੰਬਰ 2023
ਨਵਾਂ ਸਾਲ ਮੁਬਾਰਕ ਕਿਸ ਨੂੰ ਕਹੀਏ ਲੋਕਾਂ ਨੂੰ ਜਾਂ ਜੋਕਾਂ ਨੂੰ ਇਹ ਵੱਡਾ ਸਵਾਲ ਹੈ। ਵੈਸੇ ਮੁਬਾਰਕਬਾਦ ਦੇ ਅਸਲ ਹੱਕਦਾਰ ਉਹ ਲੋਕ ਹਨ । ਜਿਨ੍ਹਾਂ ਤੂਫਾਨਾਂ ’ਚ ਵੀ ਚਿਰਾਗ ਜਗਾਈ ਰੱਖੇ ਹਨ। ਅਸਾਮ ਦੇ ਤਿੰਨਸੁਖੀਆ ਜਿਲ੍ਹੇ ਦੇ ਸਬਜੀ ਵੇਚਣ ਵਾਲੇ ਸੋਬਰਨ ਨੂੰ 30 ਸਾਲ ਦੀ ਉਮਰ ’ਚ ਕੂੜੇ ਦੇ ਢੇਰ ਤੋਂ ਰੋਂਦੀ ਹੋਈ ਬੱਚੀ ਮਿਲੀ ਸੀ। ਮਾਸੂਮ ਬੱਚੀ ਨੂੰ ਦੇਖਕੇ ਵਿਆਹ ਨਾਂ ਕਰਵਾਉਣ ਦਾ ਫੈਸਲਾ ਲਿਆ ਅਤੇ ਉਸ ਦਾ ਨਾਮ ਜੋਤੀ ਰੱਖਿਆ। ਸੋਬਰਨ ਸਬਜੀ ਵੇਚਦਾ ਅਤੇ ਜੋਤੀ ਨੂੰ ਪੜ੍ਹਾਉਂਦਾ ਰਿਹਾ। ਸਾਲ 2014 ਵਿੱਚ ਜੋਤੀ ਅਸਾਮ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੌਰਾਨ ਚੁਣੀ ਗਈ ਤੇ ਹੁਣ ਉਹ ਅਸਾਮ ’ਚ ਇਨਕਮ ਟੈਕਸ ਮਹਿਕਮਾ ਦੀ ਅਸਿਸਟੈਂਟ ਕਮਿਸ਼ਨਰ ਹੈ। ਕੁੜੀਆਂ ਦੇ ਕੁੱਖਾਂ ’ਚ ਕਤਲਾਂ ਦੇ ਵਰਤਾਰੇ ਦੌਰਾਨ ਸੋਬਰਨ ਵਰਗਿਆਂ ਨੂੰ ਸਲਾਮ ਤਾਂ ਬਣਦਾ ਹੈ।
ਗੱਲ ਸਬਰ ਸੰਤੋਖ ਦੀ ਹੁੰਦੀ ਹੈ ਜੇਕਰ ਸਬਰਾਂ ਦਾ ਬੰਨ੍ਹ ਟੁੱਟ ਜਾਏ ਤਾਂ ਹੱਦਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਪ੍ਰਵਾਸੀ ਰਾਮ ਪ੍ਰਸ਼ਾਦ ਦੀ ਚਾਹ ਦੀ ਛੋਟੀ ਜਿਹੀ ਦੁਕਾਨ ਤੇ ਕੋਈ ਕੀਮਤੀ ਮੋਬਾਇਲ ਕੀ ਭੁੱਲ ਗਿਆ, ਉਸ ਦੀ ਨੀਂਦ ਹਰਾਮ ਹੋ ਗਈ। ਸਾਰੀ ਰਾਤ ਰਾਮ ਪ੍ਰਸ਼ਾਦ ਦੇ ਮੋਬਾਇਲ ਫੋਨ ਹੁੱਜਾਂ ਮਾਰਦਾ ਰਿਹਾ । ਜਿਸ ਨੂੰ ਸਵੇਰ ਹੁੰਦਿਆਂ ਮਾਲਕਾਂ ਨੂੰ ਸੌਂਪਕੇ ਸਾਹ ਲਿਆ। ਮੋਬਾਇਲ ਵਾਲੇ ਨੇ ਉਸ ਨੂੰ ਇਨਾਮ ਦੇਣਾ ਚਾਹਿਆ । ਪਰ ਉਸ ਨੇ ਨਿਮਰਤਾ ਨਾਲ ਕਿਹਾ ਕਿ ਮੇਰੀ ਜਮੀਰ ਨੂੰ ਇਹ ਮਨਜੂਰ ਨਹੀਂ । ਅਫਸੋਸ ਸਵਿਸ ਬੈਂਕ ਵਿੱਚ ਪਈ ਮਾਇਆ ਨੂੰ ਇਕੱਤਰ ਕਰਨ ਵਾਲਿਆਂ ਦੀ ਜਮੀਰ ਨੇ ਕਦੇ ਧੱਕੇ ਨਹੀਂ ਮਾਰੇ। ਇਸ ਨੂੰ ਦੇਖਕੇ ਤਾਂ ਇੰਜ ਲੱਗਦਾ ਹੈ ਕਿ ਇਮਾਨ ਕੱਲੇ ਕਿਰਤੀਆਂ ਕੋਲ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਹੁਤਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ।
ਉਮੀਦ ਹੈ ਜੋ ਇਸ ਖਬਰ ਤੋਂ ਬੇਖਬਰ ਹਨ ਉਹ ਹਕੀਕਤ ਪਛਾਨਣ ਦਾ ਯਤਨ ਕਰਨਗੇ। ਲਾਈਨੋਪਾਰ ਇਲਾਕੇ ’ਚ ਦੋ ਮੋਟਰਸਾਈਕਲ ਸਵਾਰ ਮੁੰਡੇ ਇੱਕ ਬਿਰਧ ਮੰਗਤੇ ਤੋਂ ਪੈਸੇ ਖੋਹ ਕੇ ਭੱਜ ਗਏ। ਸਾਰਾ ਦਿਨ ਮੰਗਤਾ ਮੰਗਦਾ ਰਿਹਾ ਅਤੇ ਜਦੋਂ ਵਾਹਵਾ ਪੈਸੋ ਹੋ ਗਏ ਤਾਂ ਝੁੱਗੀ ਵੱਲ ਜਾਂਦੇ ਦੇ ਪੈਸੇ ਖੋਹੇ ਗਏ। ਭੁੱਖਿਆਂ ਨੂੰ ਰਜਾਉਣ ਵਾਲੇ ਪੰਜਾਬ ਦੇ ਬੁਰੇ ਦਿਨਾਂ ਦੀ ਇਸ ਤੋਂ ਇੰਤਹਾ ਨਹੀਂ ਹੋ ਸਕਦੀ । ਜਿੱਥੇ ਮੁੰਡਿਆਂ ਦੇ ਹੱਥ ਮੰਗਤਿਆਂ ਦੀਆਂ ਜੇਬਾਂ ਤੱਕ ਪੁੱਜ ਗਏ ਹਨ। ਕਸੂਰ ਨਵੀਂ ਪਨੀਰੀ ਦਾ ਨਹੀਂ ਸਿਸਟਮ ਦਾ ਹੈ , ਜੋ ਰੁਜ਼ਗਾਰ ਨਹੀਂ ਦਿੰਦਾ । ਬਲਕਿ ਜਿੰਦਾਬਾਦ-ਮੁਰਦਾਬਾਦ ਸਿਖਾਉਂਦਾ ਹੈ। ਮਾਨਸਾ ਦੀ ਲੜਕੀ ਸਿੱਪੀ ਸ਼ਰਮਾ ਨੂੰ ਛੱਤ ਤੇ ਚੜ੍ਹਨੋ ਡਰ ਲੱਗਦਾ ਸੀ । ਪਰ ਰੁਜ਼ਗਾਰ ਖਾਤਰ ਟੈਂਕੀਆਂ ਤੇ ਚੜ੍ਹਨਾ ਪਿਆ । ਫਿਰ ਵੀ ਹੱਥ ਖਾਲੀ ਹੀ ਹਨ।
ਸਿੱਪੀ ਸ਼ਰਮਾ ਇਕੱਲੀ ਨਹੀਂ 650 ਦੇ ਕਰੀਬ ਬੇਰੁਜ਼ਗਾਰ ਪੀਟੀ ਮਾਸਟਰ ਹਨ । ਜਿੰਨ੍ਹਾਂ ਨੇ ਸਕੂਲਾਂ ’ਚ ਵਧੀਆ ਖਿਡਾਰੀ ਪੈਦਾ ਕਰਨ ਦਾ ਸੁਫਨਾ ਲਿਆ ਸੀ , ਜੋ ਹਕੂਮਤਾਂ ਨੇ ਤੋੜ ਕੇ ਰੱਖ ਦਿੱਤਾ ਹੈ। ਬੇਰੁਜ਼ਗਾਰ ਪੀਟੀਆਈ ਕ੍ਰਿਸ਼ਨ ਨਾਭਾ ਆਖਦੇ ਹਨ ਕਾਹਦੇ ਨਵੇਂ ਸਾਲ ਲਗਾਤਾਰ ਤਿੰਨ ਹਕੂਮਤਾਂ ਦੇਖ ਲਈਆਂ , ਪਰ ਪੱਲੇ ਕੱਖ ਨਹੀਂ ਪਿਆ ਹੈ। ਮਾਲਵੇ ਦੇ ਹਜਾਰਾਂ ਮਜ਼ਦੂਰ ਪ੍ਰੀਵਾਰਾਂ ਕੋਲ ਸਿਰ ਢਕਣ ਨੂੰ ਛੱਤ ਨਹੀਂ ਹੈ। ਸਰਕਾਰਾਂ ਹਰ 5 ਸਾਲ ਬਾਅਦ ਪਲਾਟਾਂ ਦੇ ਲਾਰੇ ਲਾਉਂਦੀਆਂ ਤੇ ਮਗਰੋਂ ਸਭ ਕੁੱਝ ਭੁੱਲ ਜਾਂਦੀਆਂ ਹਨ । ਪਰ ਨੇਤਾਵਾਂ ਵੱਲੋਂ ਦੱਬੀ ਜਮੀਨ ਦੀ ਭਿਣਕ ਵੀ ਨਹੀਂ ਲੱਗਣ ਦਿੱਤੀ ਜਾਂਦੀ। ਵੈਸੇ ਵੀ ਇੱਥੇ ਜੋ ਵੰਡ ਵੰਡਾਰਾ ਹੁੰਦਾ ਹੈ ਉਹ ਚੋਣ ਵਰ੍ਹੇ ’ਚ ਹੀ ਹੁੰਦਾ ਹੈ ਤਾਂ ਕਿ ਲੋਕ ਆਪਣੀ ਤਾਕਤ ਭੁੱਲ ਜਾਣ।
ਇਹੋ ਹਾਲ ਕਿਸਾਨੀ ਦਾ ਹੈ ਜਿਸ ਨੂੰ ਹਰ ਹਾੜੀ ਸਾਉਣੀ ਕਰਜੇ ਮੋੜਨ ਲਈ ਦਬਕੇ ਮਾਰੇ ਜਾਂਦੇ ਹਨ । ਪਰ ਧਨਾਢਾਂ ਵੱਲੋ ਖਲੋਤੇ ਪੈਸਿਆਂ ਨੂੰ ਵੱਟੇ ਖਾਤੇ ਪਾਉਣ ਵੇਲੇ ਭਾਫ ਵੀ ਬਾਹਰ ਨਹੀਂ ਨਿਕਲਦੀ ਹੈ। ਗੱਲ ਭਾਵੇਂ ਪੁਰਾਣੀ ਹੈ , ਪਰ ਸਾਰ ਤੱਤ ਅੱਜ ਵੀ ਨਵਾਂ ਹੈ। ਸਾਲ 2009 ਦੀ ਲੋਕ ਸਭਾ ਚੋਣ ਦੌਰਾਨ ਜਦੋਂ ਬਾਦਲਾਂ ਦਾ ਬੋਲਬਾਲਾ ਸੀ ਤਾਂ ਯੁਵਰਾਜ ਰਣਇੰਦਰ ਸਿੰਘ ਜਿਸ ਪਿੰਡ ‘ਚ ਗਏ, ਉਥੇ ਭੋਲੇ ਭਾਲੇ ਵਰਕਰਾਂ ਨੂੰ ਕਹਿੰਦੇ ਰਹੇ,‘ ਤੁਸੀਂ ਪਾਰਟੀ ਦੇ ਯੋਧੇ ਹੋ, ਡਟ ਕੇ ਮੁਕਾਬਲਾ ਕਰੋ। ਰਣਇੰਦਰ ਆਖਦੇ ਸਨ ਕਿ ਉਹ ਵਰਕਰਾਂ ਖਿਲਾਫ ਜ਼ਿਆਦਤੀ ਨਹੀਂ ਝੱਲਣਗੇ, ਖੁਦ ਧਰਨਿਆਂ ‘ਤੇ ਬੈਠਣਗੇ। ਦੂਸਰੀ ਤਰਫ ਇਹੋ ਬੋਲੀ ਸੁਖਬੀਰ ਬਾਦਲ ਬੋਲਦੇ ਰਹੇ। ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਦੇ ਲੋਕ ਇਨ੍ਹਾਂ ਭਾਸ਼ਨਾਂ ਦੀ ਸਿਆਸਤ ਨੂੰ ਸਮਝ ਨਹੀਂ ਸਕੇ ਅਤੇ ਆਪਸ ‘ਚ ਭਿੜ ਬੈਠੇ।
ਸੈਂਕੜੇ ਕਾਂਗਰਸੀ ਵਰਕਰਾਂ ‘ਤੇ ਪਰਚੇ ਦਰਜ ਹੋ ਗਏ। ਕੋਈ ਜੇਲ੍ਹ ਚਲਾ ਗਿਆ ਤੇ ਕੋਈ ਕਚਹਿਰੀ ‘ਚ ਤਰੀਕਾਂ ਭੁਗਤਦਾ ਰਿਹੈ। ਪਿੰਡ ਵਾਲਿਆਂ ਦੀ ਕਿਸੇ ਲੀਡਰ ਨੇ ਮੁੜ ਬਾਤ ਨਹੀਂ ਪੁੱਛੀ। ਪੰਜਾਬ ‘ਚ ਇੱਕ ਨਵਾਂ ਰਿਵਾਜ ਬਣ ਗਿਆ ਹੈ। ਜਦੋਂ ਕੋਈ ਚੋਣ ਨੇੜੇ ਆਉਂਦੀ ਹੈ ਤਾਂ ਸਿਆਸੀ ਧਿਰਾਂ ਲੋਕਾਂ ਦੇ ਇਕੱਠ ਕਰਨੇ ਸ਼ੁਰੂ ਕਰ ਦਿੰਦੀਆਂ ਹਨ। ਇੱਕ ਰੈਲੀ ਕਰਦਾ ਹੈ ਤਾਂ ਦੂਜੇ ਰੈਲਾ । ਕੋਈ ਰੈਲੀ ਕਰੇ ਚਾਹੇ ਰੈਲਾ- ਘਾਹੀਆਂ ਦੇ ਪੁੱਤਾਂ ਨੇ ਤਾਂ ਘਾਹ ਹੀ ਖੋਤਣਾ ਹੈ। ਕਿਸੇ ਨਾ ਕਿਸੇ ਮਜਬੂਰੀ ‘ਚ ਬੱਝੀ ਜਨਤਾ ਤਾਂ ਭੇਡਾਂ ਬੱਕਰੀਆਂ ਵਾਂਗੂ ਟਰੱਕਾਂ ਦੇ ਡਾਲਿਆਂ ‘ਤੇ ਬੈਠ ਕੇ ਕਦੇ ਕਿਸੇ ਦਾ ਤਮਾਸ਼ਾ ਦੇਖਣ ਲਈ ਚਾਲੇ ਪਾਉਂਦੀ ਹੈ ਤੇ ਕਦੇ ਕਿਸੇ ਦਾ। ਲੋਕ ਪਹਿਲਾਂ ਵੀ ਘੱਟਾ ਢੋਂਹਦੇ ਸਨ ਤੇ ਹੁਣ ਵੀ ਢੋਈ ਜਾਂਦੇ ਹਨ । ਖੱਟਣ ਵਾਲਿਆਂ ਨੇ ਤਾਂ ਹਰ ਵਾਰ ਖੱਟਿਆ ਹੀ ਹੈ।
ਜਿੰਨਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਦਿਸਦਾ ਹੈ ਜਾਂ ਦਿਖਾਉਣ ਦੀ ਆਦਤ ਪੈ ਗਈ ਹੈ । ਉਹ ਆਪਣੇ ਦਿਮਾਗ ’ਤੇ ਬੋਝ ਪਾ ਕੇ ਇਸ ਬਾਰੇ ਜਰੂਰ ਸੋਚਣ। ਆਮ ਬੰਦੇ ਨੂੰ ਤਾਂ ਕਬੀਲਦਾਰੀ ਹੀ ਸਾਹ ਲੈਣ ਨਹੀਂ ਦਿੰਦੀ । ਜਦੋਂ ਉਹ ਸਮਝ ਜਾਏਗਾ ਤਾਂ ਉਸਦੇ ਬੱਚਿਆਂ ਨੂੰ ਰੋਟੀ ਦੇ ਸਮਾਨ ਦੀ ਉਡੀਕ ਨਹੀਂ ਕਰਨੀ ਪੈਣੀ। ਮਿੱਟੀ ਨਾਲ ਮਿੱਟੀ ਹੋ ਕੇ ਸਭ ਦੇ ਪੇਟ ਭਰਨ ਵਾਲੇ ਨੇ ਖੁਦਕਸ਼ੀ ਦੇ ਰਾਹ ਨਹੀਂ ਪੈਣਾ ਬਲਕਿ ਬੋਹਲ ਖਾਣ ਵਾਲਿਆਂ ਨੂੰ ਉਡੀਕਣਗੇ। ਜਦੋਂ ਲੋਕਾਂ ਦਾ ਅੰਦਰਲਾ ਜਾਗ ਪਿਆ ਤਾਂ ਉਦੋਂ ਹੀ ਨਵੇਂ ਸਾਲ ਦੁੱਖਾਂ ਦੇ ਦਾਰੂ ਬਨਣਗੇ। ਯਾਦ ਰੱਖਿਓ ਆਉਂਦੇ ਦਿਨੀ ਫਿਰ ਵੱਡੀਆਂ ਵੋਟਾਂ ਵਾਲੇ ਹੱਥ ਜੋੜਦੇ ਨੇਤਾ ਮਿਲਣੇ ਹਨ। ਚੋਣਾਂ ਵਾਲੇ ਸਿਆਸੀ ਅਖਾੜੇ ’ਚ ਉਹ ਵੀ ਆਉਣਗੇ ਜੋ 5 ਵਰ੍ਹੇ ਦੁਰਲੱਭ ਹੀ ਰਹੇ ਹਨ। ਇਸੇ ਕਾਰਨ ਨਵਾਂ ਵਰ੍ਹਾ ਸੰਭਲਣ, ਸੋਚਣ ਤੇ ਵਿਚਾਰਨ ਦਾ ਹੈ।