ਨਰਿੰਦਰ ਕੌਰ ਗਿੱਲ ਦੀ ਕਲਮ ਤੋਂ,,,,
ਵਟਸਐਪ ਭਾਰਤ ਵਿਚ ਸੰਨ 2009 ਵਿਚ ਆਇਆ। ਅੱਜ ਹਰ ਭਾਸ਼ਾ ‘ਚ ਵਟਸਐਪ ਗਰੁੱਪਾਂ ਦੀ ਭਰਮਾਰ ਹੈ। ਇਹ ਸਮੂਹ ਅਣਗਿਣਤ ਨਾਵਾਂ ਨਾਲ ਜਾਣੇ ਜਾਂਦੇ ਹਨ। ਜਿਵੇਂ: ਵੋਇਸ ਮੈੱਸਜ, ਚੈਟ, ਕਵਿਤਾ, ਗੀਤ, ਗ਼ਜ਼ਲ, ਭਾਸ਼ਾ,ਕਹਾਣੀ, ਅਖ਼ਬਾਰਾ, ਰਸਾਲੇ, ਸੂਚਨਾਵਾਂ, ਹਾਸੇ- ਠੱਠੇ, ਚੁੱਟਕਲੇ, ਬੁਝਾਰਤਾਂ ਸ਼ਾਇਰੀ, ਗੀਤ, ਸੰਗੀਤ, ਧਾਰਮਿਕ, ਸਮਾਜਿਕ, ਸਾਹਿਤਕ, ਸੱਭਿਆਚਾਰਕ, ਪ੍ਰਵਾਰਕ, ਆਦਿ ਬੇਅੰਤ ਕਿਸਮਾਂ ਤੇ ਵਿਸ਼ਿਆਂ, ਨਾਵਾਂ ਦੇ ਵਟਸਐਪ ਗਰੁੱਪ ਹਨ।
ਸਾਥੀਓ! ਪ੍ਰਸ਼ਨ ਪੈਦਾ ਹੁੰਦਾ ਹੈ ਕਿ ਵਟਸਐਪ ਗਰੁੱਪਾਂ ਦੀ ਲੋੜ ਕਿਉਂ ਪਈ? ਇਹਦੇ ਅਨੇਕਾਂ ਕਾਰਨ ਹੋ ਸਕਦੇ ਹਨ।
ਜਿਵੇਂ:- ਮਨੁੱਖੀ ਰਿਸ਼ਤਿਆਂ ਵਿਚਾਲੇ ਨਿੱਤਾਪ੍ਰਤੀ ਨਿਘਾਰ ਆਉਣਾ, ਖ਼ੂਨ ਦੇ ਰਿਸ਼ਤਿਆਂ ਵਿੱਚ ਦੂਰੀਆਂ ਦਾ ਵਧਣਾ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਭੱਜਣਾ, ਪਰਿਵਾਰਾਂ ਦਾ ਟੁੱਟਣਾ, ਵਿਅਕਤੀਗਤ ਜ਼ਿੰਦਗੀ ਨੂੰ ਤਰਜੀਹ ਮਿਲਣੀ, ਮੁੱਠੀ ਭਰ ਔਰਤਾਂ ਨੂੰ ਹਰ ਪੱਖੋਂ ਆਜ਼ਾਦੀ ਮਿਲਣੀ, ਘਰੇਲੂ ਕੰਮਾਂ ਲਈ ਕੰਮ ਕਰਨ ਵਾਲਿਆਂ ਦਾ ਸੌਖਿਆਂ ਹੀ ਮਿਲ ਜਾਣਾ ਆਦਿ ਅਨੇਕਾਂ ਕਾਰਣਾਂ ਕਰਕੇ ਵਟਸਐਪ ਯੂਨੀਵਰਸਿਟੀ ਹੋਂਦ ਵਿਚ ਆਈ। ਜਿਵੇਂ ਜਿਵੇਂ ਗਰੁੱਪਾਂ ਦੀ ਸੰਖਿਆ ਵਧੀ, ਉੱਥੇ ਉਹਦੇ ਮੈਂਬਰਾਂ ਦੀ ਗਿਣਤੀ ਵੀ ਵੱਧਦੀ ਗਈ। ਅੱਜ ਇਹਨਾਂ ਵਟਸਐਪ ਗਰੁੱਪਾਂ ਦੀ ਲੋੜ ਲੋਕ ਬਹੁਤ ਜ਼ਿਆਦਾ ਮਹਿਸੂਸ ਕਰਦੇ ਹਨ।
ਹਰੇਕ ਗਰੁੱਪ ‘ਚ ਜਿੱਥੇ ਖੂਬੀਆਂ ਹੁੰਦੀਆਂ ਹਨ। ਉੱਥੇ ਉਣਤਾਈਆਂ ਵੀ ਵੇਖਣ ਨੂੰ ਮਿਲਦੀਆਂ ਹਨ।
ਇਹਨਾਂ ਦੇ ਲਾਭ ਤੇ ਮੈਨੂੰ ਘੱਟ ਦਿੱਸਦੇ ਨੇ। ਪਰ ਸਰੀਰਕ ਤੇ ਮਾਨਸਿਕ ਨੁਕਸਾਨ ਜ਼ਿਆਦਾ ਮਹਿਸੂਸ ਹੁੰਦੇ ਹਨ।
ਸਾਥੀਓ! ਸਭ ਤੋਂ ਔਖਾ ਕੰਮ ਹੁੰਦਾ ਹੈ। ਆਪਣੇ ਮੋਬਾਈਲ ਫੋਨ ਨੂੰ ਹੈਂਗ ਹੋਣ ਤੋਂ ਬਚਾਉਣਾ। ਉਸ ਲਈ ਰੋਜ਼ਾਨਾ ਆਏ ਮੈੱਸਜਾਂ ਨੂੰ ਡਿਲੀਟ ਕਰਨਾ ਵੀ ਕੋਈ ਸੌਖਾ ਨਹੀਂ ਹੁੰਦਾ।
ਖੂਬੀ ਇਹ ਹੈ ਕਿ ਜਿਨ੍ਹਾਂ ਕੋਲ ਸਮਾਂ ਹੁੰਦਾ ਹੈ। ਉਹ ਆਪਣੇ ਕੰਮਾਂ ਕਾਰਾਂ ‘ਚੋਂ ਵੀ ਫੁਰਸਤ ਕੱਢ ਕੇ ਆਪਣੇ ਕੀਮਤੀ ਸਮੇਂ ਨੂੰ ਇੱਥੇ ਖ਼ਰਚ ਕਰ ਲੈਂਦੇ ਹਨ ।
ਨੌਕਰੀਆਂ ਤੋਂ ਸੇਵਾ-ਮੁਕਤ ਲੋਕ ਯਾ ਘਰ ਤੋਂ ਵਿਹਲੇ, ਭਾਵ ਜਿਨ੍ਹਾਂ ਕੋਲ ਵੀ ਸਮਾਂ ਹੈ। ਉਹਨਾਂ ਲਈ ਇਹ ਸਮੂਹ ਲਾਹੇਵੰਦ ਸਾਬਤ ਹੋ ਸਕਦੇ ਨੇ। ਉਹਨਾਂ ਨੂੰ ਇੱਕਲਾਪਾ ਮਹਿਸੂਸ ਨਹੀਂ ਹੁੰਦਾ।
ਕੁਝ ਦਫ਼ਤਰਾਂ, ਸਕੂਲਾਂ ਵਾਲੇ ਵੀ ਆਪਣੇ ਸਮੂਹ ਬਣਾ ਲੈਂਦੇ ਹਨ। ਜਿੱਥੇ ਉਨ੍ਹਾਂ ਨੂੰ ਘਰ ਬੈਠੇ ਜ਼ਰੂਰੀ ਸੂਚਨਾਵਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ । ਆਪਸ ਵਿੱਚ ਹਲਕਾ – ਫੁਲਕਾ ਮੰਨੋਰੰਜਨ ਵੀ ਕਰਦੇ ਰਹਿੰਦੇ ਹਨ।
ਇਹਨਾਂ ਦੇ ਗਰੁੱਪ ਐਡਮਿਨਜ਼ ਵੀ ਹੁੰਦੇ ਹਨ। ਜਿੰਨਾ ਦਾ ਕੰਮ ਗਰੁੱਪਾਂ ਦੇ ਨਿਯਮ ਬਣਾ ਕੇ,ਗਰੁੱਪ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਹੁੰਦਾ ਹੈ। ਨਵੇਂ ਮੈਂਬਰ ਸ਼ਾਮਲ ਕਰਨੇ ਤੇ ਜੋ ਉਸਦੇ ਬਣਾਏ ਨਿਯਮਾਂ ਅਨੁਸਾਰ ਨਹੀਂ ਚੱਲਦੇ ਉਹਨਾਂ ਨੂੰ ਗਰੁੱਪ ਤੋਂ ਬਾਹਰ ਕਰਨਾ ਆਦਿ। ਕੋਈ ਮੈੱਸਜ ਐਡਮਿਨ ਨੂੰ ਚੰਗਾ ਨਾ ਲੱਗੇ ਉਸ ਮੈੱਸਜ ਨੂੰ ਉਹ ਉਸੀ ਵਕਤ ਹਟਾ ਵੀ ਸਕਦੇ ਹਨ।
ਕਿਸੇ ਕਿਸੇ ਗਰੁੱਪ ‘ਚ ਕੁੱਝ ਸਵਾਰਥੀ ਮੈਂਬਰ ਵੀ ਸ਼ਾਮਲ ਹੋ ਜਾਂਦੇ ਹਨ। ਇਹ ਆਪਣੇ ਕੰਮਾਂ ਦੀ ਹੀ ਮਸ਼ਹੂਰੀ ਕਰਦੇ ਰਹਿੰਦੇ। ਉਹਨਾਂ ਨੂੰ ਵੀ ਸਮੂਹ ਤੋਂ ਬਾਹਰ ਕਰਨਾ ਐਡਮਿਨ ਦੀ ਮਜਬੂਰੀ ਬਣ ਜਾਂਦੀ ਹੈ।
ਕੁੱਝ ਅਜਿਹੇ ਠੱਗ ਵੀ ਗਰੁੱਪ ‘ਚ ਭਰਤੀ ਹੋ ਜਾਂਦੇ ਨੇ, ਜੋ ਜ਼ਿਆਦਾਤਰ ਸੇਵਾ ਮੁਕਤ ਬਜ਼ੁਰਗਾਂ ਦੀਆਂ ਕੋਮਲ ਭਾਵਨਾਵਾਂ ਦਾ ਲਾਭ ਉਠਾ ਕੇ ਉਨ੍ਹਾਂ ਤੋਂ ਪੈਸੇ ਉਧਾਰ ਲੈ ਕੇ ਫਿਰ ਮੋੜਦੇ ਨਹੀਂ।
ਹਰ ਗਰੁੱਪ ਐਡਮਿਨ ‘ਚ ਥੋੜਾ ਬਹੁਤ ਹਉਮੈਂ, ਹੰਕਾਰ, ਈਰਖਾ ਤੇ ਕ੍ਰੋਧ ਦੇ ਵਿਕਾਰ ਵੀ ਹੁੰਦੇ ਹਨ। ਵਿਕਾਰਾਂ ਦੀ ਮਾਤਰਾ ਘੱਟ ਵੱਧ ਹੋ ਸਕਦੀ ਹੈ।
ਸਾਰੇ ਐਡਮਿਨਜ਼ ਤੇ ਐਸੇ ਨਹੀਂ ਹੁੰਦੇ, ਪਰ ਬਹੁਤਾਂਤ ਵਿਚ ਅਜਿਹੇ ਹੀ ਮਿਲਣਗੇ। ਇਸੇ ਕਰਕੇ ਸਾਰੇ ਗਰੁੱਪ ਮੈਂਬਰਸ ਖ਼ਾਸ ਕਰ ਵੋਇਸ ਮੈੱਸਜ ਗਰੁੱਪ ਵਿਚ ਕੁੱਝ ਬੋਲਣ ਤੋਂ ਪਹਿਲਾਂ ਆਪਣੇ ਗਰੁੱਪ ਐਡਮਿਨਜ਼ ਦੇ ਗੁਣਗਾਨ ਕਰਦੇ ਹਨ। ਗਰੁੱਪ ਦਾ ਨਾਮ ਆਰੰਭ ਤੇ ਅੰਤ ਵਿਚ ਵੀ ਹਰੇਕ ਮੈਂਬਰ ਲਈ ਬੋਲਣਾ ਜ਼ਰੂਰੀ ਹੁੰਦਾ ਹੈ। ਬੋਲਣ ਵਾਲਾ ਆਪਣਾ ਨਾਮ ਵੀ ਆਪਣੇ ਮੂੰਹੋਂ ਉਚਾਰਦਾ ਹੈ।
ਵੌਇਸ ਮੈੱਸਜ ਸਮੂਹ ‘ਚ ਮੈਂਬਰਾਂ ਦੀ ਗਿਣਤੀ ਦਸ ਤੋਂ ਤੀਹ ਪੈਂਤੀ ਦੇ ਵਿਚ ਹੀ ਰਹਿੰਦੀ ਹੈ। ਬਾਕੀ ਸਮੂਹਾਂ ‘ਚ ਪੰਜ ਤੋਂ ਲੈ ਕੇ 1023 ਤੱਕ ਮੈਂਬਰ ਰੱਖੇ ਜਾ ਸਕਦੇ ਹਨ । ਜ਼ਿਆਦਾਤਰ ਸਮੂਹ ਸਿੱਧੇ ਯਾ ਅਸਿੱਧੇ ਰੂਪ ‘ਚ ਕਿਸੇ ਨ ਕਿਸੇ ਸਵਾਰਥ ਅਧੀਨ ਹੀ ਚੱਲ ਰਹੇ ਹਨ। ਪਿਆਰ, ਮੁਹੱਬਤ, ਸਨੇਹ ਤੇ ਸੁਹਿਰਦਤਾ ਘੱਟ ਤੇ ਈਰਖਾ,ਨਫ਼ਰਤ, ਸਾੜਾ ਤੇ ਸਵਾਰਥ ਜ਼ਿਆਦਾ ਦਿਖਾਈ ਦੇਂਦਾ ਹੈ। ਵੈਸੇ ਆਪਸੀ ਇਸ਼ਕ-ਮੁਸ਼ਕ, ਅੱਖ ਮਟੱਕਾ ਵੀ ਅੰਦਰ ਖਾਤੇ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਾਥੀਓ!ਇਹ ਗਰੁੱਪ ਬਣਾਏ ਤੇ ਮਨ ਦੇ ਸਕੂਨ ਲਈ ਜਾਂਦੇ ਨੇ, ਪਰ ਸਕੂਨ ਘੱਟ ਤੇ ਟੈਂਸ਼ਨ ਜ਼ਿਆਦਾ ਮਹਿਸੂਸ ਹੁੰਦੀ ਹੈ।
ਦੋਸਤੋ ! ਕਹਿਣ ਨੂੰ ਤਾਂ ਹਰ ਗਰੁੱਪ ਵਿਚ ਗਰੁੱਪ- ਐਡਮਿਨਜ਼ ਦੁਆਰਾ ਕਿਹਾ ਜਾਂਦਾ ਕਿ ਇਹ ਗਰੁੱਪ ਇੱਕ ਪ੍ਰਵਾਰ ਹੈ। ਸਾਰੇ ਆਪਣੇ ਦੁੱਖ ਸੁੱਖ ਗਰੁੱਪ ‘ਚ ਸਾਂਝੇ ਕਰ ਸਕਦੇ ਹਨ। ਪਰ ਹਕੀਕਤ ਵਿੱਚ ਕੁੱਝ ਹੋਰ ਹੀ ਹੁੰਦਾ ਹੈ। ਹੁਣ ਤੱਕ ਅਸੀਂ ਸਾਰਿਆਂ ਨੇ ਇਸ ਹਕੀਕਤ ਨੂੰ ਜਾਣ ਹੀ ਲਿਆ ਹੈ ।
ਦੋਸਤੋ ! ਐਸਾ ਨਾ ਹੋਵੇ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਤੇ ਆਪਣੇ ਪ੍ਰਵਾਰ ਦੀ ਪ੍ਰਾਈਵੇਸੀ ਹੀ ਗੁਆ ਬੈਠੀਏ।
ਸਾਥੀਓ !ਮੇਰਾ ਇੱਥੇ ਆਪ ਜੀ ਨਾਲ ਇੱਕ ਸਵਾਲ ਹੈ। ਕਿਉਂ ਨਾ ਅਸੀਂ ਕੁਪੋਸ਼ਣ ਦੇ ਸ਼ਿਕਾਰ ਹੋਏ ਬੱਚਿਆਂ ਤੇ ਔਰਤਾਂ ਬਾਰੇ ਸੋਚੀਏ। ਬਜ਼ੁਰਗ ਜੋ ਅਨਾਥ – ਆਸ਼ਰਮਾਂ ‘ਚ ਪਏ ਹਨ। ਆਪ ਜੀ ਦੇ ਆਂਢ ਗੁਆਂਢ ਬੈਠੇ ਹਨ। ਆਪ ਜੀ ਦੇ ਘਰ ਪਰਿਵਾਰ ‘ਚ ਬੈਠੇ ਹਨ। ਆਪ ਜੀ ਨਾਲ ਗੱਲ ਕਰਨ ਨੂੰ ਤਰਸਦੇ ਪਏ ਹਨ। ਉਨ੍ਹਾਂ ਨਾਲ ਦੋ ਚਾਰ ਪਲ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਦੇ ਚਿਹਰਿਆਂ ਤੇ ਮੁਸਕਾਨ ਲਿਆ ਸਕੀਏ। ਬਹੁਤ ਲੋਕ ਧਰਮ ਅਸਥਾਨਾਂ ਦੇ ਬਾਹਰ ਬੈਠੇ ਹਨ ਅਤੇ ਬਹੁਤ ਸੜਕਾਂ ਤੇ ਰਾਤ ਕੱਟਣ ਨੂੰ ਮਜਬੂਰ ਹਨ। ਇੱਕ ਚੰਗੇ ਇਨਸਾਨ, ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਹਨਾਂ ਬਾਰੇ ਜੋ ਵੀ ਉਪਰਾਲਾ ਕਰ ਸਕਦੇ ਹਾਂ ਉਹ ਕਰੀਏ।
ਦੋਸਤੋ ! ਕੋਵਿਡ ਦੀ ਮਾਰ ਕਿਵੇਂ ਭੁੱਲ ਸਕਦੇ ਹਾਂ। ਸਾਫ਼ ਵਾਤਾਵਰਨ ਅਤੇ ਸ਼ੁਧ ਪਉਣ – ਪਾਣੀਂ ਲਈ ਜਨ ਜਨ ਨੂੰ ਜਾਗਰੂਕ ਕਰੀਏ ।ਇਸ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਤੇ ਉੱਚ ਸਿੱਖਿਆ ਬਾਰੇ ਸੋਚੀਏ। ਜਿੱਥੇ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸਿੱਖਿਆ ਦਾ ਹੱਕ ਹੋਵੇ। ਕੋਈ ਵੀ ਬੱਚਾ ਪੈਸੇ ਖੁਣੋਂ ਵਿੱਦਿਆ ਤੋਂ ਵਾਂਝਾ ਨਾ ਰਹਿ ਜਾਵੇ। ਸਾਡੇ ਆਲੇ ਦੁਆਲੇ ਗਰੀਬੀ, ਭੁੱਖਮਰੀ, ਮਹਿੰਗਾਈ, ਖ਼ਾਸ ਕਰ ਨਸ਼ੇ ,ਅਨਪੜ੍ਹਤਾ,ਅੰਧ ਵਿਸ਼ਵਾਸ,ਵਹਿਮ- ਭਰਮ, ਛੂਤਛਾਤ, ਜਾਤਪਾਤ, ਚੋਰੀ – ਚਕਾਰੀ ਅਪਰਾਧ ਬਿਰਤੀ,ਬਾਲ ਮਜ਼ਦੂਰੀ,ਰਿਸ਼ਵਤਖੋਰੀ, ਲੁੱਟ
ਖਸੁੱਟ,ਮਿਲਾਵਟ ਖੋਰੀ,ਗੁਲਾਮੀ, ਸਰੀਰਕ ਰੋਗ,ਮਾਨਸਿਕ ਰੋਗ, ਬੇਰੋਜ਼ਗਾਰੀ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਨੇ ਵਿਕਰਾਲ ਰੂਪ ਧਾਰਿਆ ਹੋਇਆ ਹੈ।
ਵਿੱਦਿਆ,ਸਿਹਤ ਸੰਬੰਧੀ,ਰੇਹੜੀ ਖੌਮਚੇ ਵਾਲੇ, ਕਾਮੇ ਕਿਰਤੀਆਂ, ਕਿਸਾਨਾਂ, ਛੋਟੇ ਵਪਾਰੀਆਂ, ਖਿਡਾਰੀਆਂ,ਪਹਿਲਵਾਨਾਂ, ਦਿਹਾੜੀਦਾਰਾਂ, ਮਜ਼ਦੂਰਾਂ,ਜੀਵ ਜੰਤੂਆਂ, ਪਸ਼ੂ ਪੰਛੀਆਂ,ਜਾਨਵਰਾਂ ਬਾਰੇ ਸੋਚੀਏ। ਹੋਰ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਹੱਲ ਕੱਡੀਏ। ਇਹ ਕੂੜੇ ‘ਚੋਂ ਕੁੱਝ ਲੱਭ ਲੱਭ ਕੇ ਖਾਣ ਵਾਲੇ ਲੋਕ ਵੀ ਤਾਂ ਸਾਡੇ ਹੀ ਸਮਾਜ ਦਾ ਅੰਗ ਹਨ। ਇਹਨਾਂ ਬਾਰੇ ਆਪਣੇ ਵਿਚਾਰ ਸਾਂਝੇ ਕਰੀਏ ਇਹਨਾਂ ਵਟਸਐਪ ਗਰੁੱਪਾਂ ਦੀ ਮਹੱਤਤਾ, ਸਾਰਥਿਕਤਾ,ਉਪਯੋਗਿਤਾ ਬਾਰੇ ਆਪ ਜੀ ਤੋਂ ਸੁਝਾਅ ਦੀ ਵੀ ਆਸ ਰੱਖਦੀ ਹਾਂ ਜੀ। ਜਿੱਥੇ ਸਮੇਂ ਨਾਲ ਚਲਣਾ ਜ਼ਰੂਰੀ ਹੈ। ਉੱਥੇ ਫਰਜ਼ਾਂ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ। ਸੋ ਚੇਤੰਨ ਰਹਿਣਾ ਅਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।
ਦੋਸਤੋ! ਕਿਤੇ ਐਸਾ ਤਾਂ ਨਹੀਂ ਕਿ ਇਹਨਾਂ ਗਰੁੱਪਾਂ ਦੀ ਭੀੜ ‘ਚ ਬਹੁਤ ਜ਼ਿਆਦਾ ਗਲਤਾਨ ਹੋ ਕੇ, ਇਹ ਰੱਬ ਦਾ ਦਿੱਤਾ ਖੂਬਸੂਰਤ ਜੀਵਨ ਜਿਊਣਾ ਹੀ ਅਸੀਂ ਭੁੱਲ ਗਏ ਹਾਂ। ਕਿਤੇ ਰਾਹ ਭਟਕ ਗਏ ਹਾਂ।
ਆਓ! ਇਸ ਵਿਸ਼ੇ ਤੇ ਵਿਚਾਰ ਕਰੀਏ। ਜਿਉਂਦੇ ਵਸਦੇ ਰਹੋ।ਰੱਬ ਰਾਖਾ ! whatsapp university.
(ਨਰਿੰਦਰ ਕੌਰ ਗਿੱਲ)