ਹਰਿੰਦਰ ਨਿੱਕਾ , ਬਰਨਾਲਾ 31 ਦਸੰਬਰ 2023
ਸ਼ਹਿਰ ਦੀ 40 ਫੁੱਟੀ ਗਲੀ ‘ਚ ਕੈਪਸ ਸੂਜ ਦੇ ਮਾਲਿਕ ਦੇ ਘਰ ਦੇਰ ਰਾਤ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁਟੇਰੇ ਗੁਆਂਢੀਆਂ ਦੀ ਛੱਤ ਉਪਰੋਂ ਦਾਖਿਲ ਹੋ ਕੇ ਸ਼ੋਅਰੂਮ ਮਾਲਿਕ ਵਿਕਾਸ ਜਿੰਦਲ ਦੇ ਬੈਡਰੂਮ ਤੱਕ ਪਹੁੰਚ ਗਏ। ਜਦੋਂ ਪਤਾ ਲੱਗਿਆ ਤਾਂ ਲੁਟੇਰਾ ਕਹਿੰਦਾ ਜੇ ਬੋਲਿਆ ਤਾਂ ਗੋਲੀ ਮਾਰਦੂੰ, ਜਾਨ ਗੁਆਉਣ ਤੋਂ ਡਰਿਆ ਸਹਿਮਿਆ ਦੁਕਾਨਦਾਰ ਚੁੱਪ ਹੋ ਗਿਆ ਅਤੇ ਲੁਟੇਰੇ 50 ਹਜ਼ਾਰ ਤੋਂ ਵੱਧ ਦਾ ਕੈਸ਼ ,ਦੋ ਆਈਫੋਨ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਵੱਲੋਂ ਅੰਜਾਮ ਦਿੱਤੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕਾ ਵੇਖਣ ਅਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਮੌਕਾ ਵਾਰਦਾਤ ਦੇ ਪਹੁੰਚ ਗਈ। ਲੁੱਟ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਕੈਪਸ ਸ਼ੋਅ ਰੂਮ ਦੇ ਮਾਲਿਕ ਵਿਕਾਸ ਜਿੰਦਲ ਨੇ ਦੱਸਿਆ ਕਿ ਲੰਘੀ ਰਾਤ ਕਰੀਬ 4 ਵਜੇ ਉਸ ਨੇ ਆਪਣੇ ਬੈਡਰੂਮ ਕੋਲ ਖੜ੍ਹਕਾ ਸੁਣਿਆਂ,ਜਦੋਂ ਉੱਠ ਕੇ ਦੇਖਿਆ ਤਾਂ ਇੱਕ ਵਿਅਕਤੀ ਅਲਮਾਰੀ ਦੀ ਫਰੋਲਾ ਫਰਾਲੀ ਕਰ ਰਿਹਾ ਸੀ। ਜਦੋਂ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਕਿਹਾ ਕਿ ਪਿੱਛੇ ਹੱਟ ਜਾਹ, ਜੇ ਬੋਲਿਆ ਜਾਂ ਰੌਲਾ ਪਾਇਆ ਤਾਂ ਫਿਰ ਪਿਸਤੌਲ ਨਾਲ ਗੋਲੀ ਮਾਰ ਦਿਆਂਗਾ। ਇਹ ਸੁਣ ਕੇ,ਉਹ ਡਰ ਗਿਆ। ਵਿਕਾਸ ਜਿੰਦਲ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਵਾਰਦਾਤ ਤੋਂ ਪਤਾ ਲੱਗਿਆ ਹੈ ਕਿ ਲੁਟੇਰਿਆਂ ਦੀ ਗਿਣਤੀ ਚਾਰ ਸੀ। ਜਿੰਨ੍ਹਾਂ ਵਿੱਚੋਂ ਇੱਕ ਸਰਦਾਰ ਅਤੇ ਦੂਜਿਆਂ ਦੇ ਟੋਪੀਆਂ ਲਈਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਲੁਟੇਰੇ ਪੂਜਾ ਵਾਲੇ ਮੰਦਿਰ ਦੇ ਰੁਪਿਆ ਤੋਂ ਇਲਾਵਾ 50 ਹਜ਼ਾਰ ਰੁਪਏ ਕੈਸ਼,ਇੱਕ ਲੇਡੀਜ ਪਰਸ, ਜਿਸ ਵਿੱਚ ਵੀ ਕਾਫੀ ਰੁਪਏ ਕੈਸ਼ ਸੀ। ਉਨਾਂ ਕਿਹਾ ਕਿ ਲੁਟੇਰੇ ਜਾਂਦੇ ਹੋਏ ਮੇਰਾ ਅਤੇ ਮੇਰੀ ਪਤਨੀ ਦਾ ਆਈਫੋਨ ਵੀ ਲੈ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਲੁਟੇਰੇ ਗੁਆਂਢੀਆਂ ਦੀ ਛੱਤ ਉਤੋਂ ਦੀ ਸਾਡੇ ਘਰ ਅੰਦਰ ਪੋੜੀਆਂ ਵਾਲੇ ਗੇਟ ਨੂੰ ਲੱਗੀ ਜਾਲੀ ਅਤੇ ਕੁੰਡੀ ਤੋੜ ਕੇ ਦਾਖਿਲ ਹੋਏ ਸਨ। ਉਨ੍ਹਾਂ ਕਿਹਾ ਕਿ ਜੇ ਮੈਂ ਲੁਟਰਿਆਂ ਦਾ ਵਿਰੋਧ ਕਰਦਾ ਤਾਂ ਉਹ ਗੋਲੀ ਮਾਰਕੇ ਜਾਨ ਤੋਂ ਮਾਰ ਦਿੰਦੇ। ਬੇਹੱਦ ਸਹਿਮੇ ਵਿਕਾਸ ਨੇ ਕਿਹਾ ਕਿ ਜੇ ਅਸੀਂ ਆਪਣੇ ਘਰਾਂ ਅੰਦਰ ਵੜਕੇ ਰਾਤ ਨੂੰ ਸੁਰੱਖਿਅਤ ਨਹੀਂ ਤਾਂ ਦਿਨ ਸਮੇਂ ਤਾਂ ਰੱਬ ਹੀ ਰਾਖਾ ਹੈ। ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਬਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੁਲਿਸ ਮੌਕਾ ਵਾਰਦਾਤ ਦੇ ਪਹੁੰਚ ਗਈ ਹੈ। ਪਰਿਵਾਰ ਤੇ ਬਿਆਨ ਦੇ ਅਧਾਰ ਪਰ, ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।