ਨਿਊਜ ਨੈਟਵਰਕ , ਅੰਮ੍ਰਿਤਸਰ , 26 ਦਸੰਬਰ 2023
ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚੋਂ ਅਗਾਉਂ ਜਮਾਨਤ ਕਰਵਾਉਣ ਸਮੇਂ ਮੱਦਦ ਕਰਨ ਦੇ ਨਾਮ ਤੇ ਰਿਸ਼ਵਤ ਲੈਂਦਾ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦਫ਼ਤਰ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਤਾਇਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਵਿਜੀਲੈਂਸ ਦੀ ਕੁੜਿੱਕੀ ਵਿੱਚ ਫਸ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰੰਗੇ ਹੱਥੀ ਕਾਬੂ ਕੀਤੇ ਸਬ ਇੰਸਪੈਕਟਰ ਕੁਲਵੰਤ ਸਿੰਘ ਤੋਂ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਦੇ ਤੌਰ ਤੇ ਵਸੂਲ ਕੀਤੇ 50 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੂਰਜ ਮਹਿਤਾ ਵਾਸੀ ਗੋਪਾਲ ਦਾਸ ਰੋਡ, ਅੰਮ੍ਰਿਤਸਰ ਦੀ ਸ਼ਿਕਾਇਤ ‘ਤੇ ਐਸ.ਆਈ. ਨੂੰ ਗਿਰਫਤਾਰ ਕੀਤਾ ਗਿਆ ਹੈ।
ਫੜਿਆ ਐਸ.ਆਈ. ਪਹਿਲਾਂ ਵੀ ਲੈ ਚੁੱਕਾ ਹੈ 1 ਲੱਖ ਰੁਪਏ
ਕੇਸ ਦੇ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਐਸ.ਆਈ. ਕੁਲਵੰਤ ਸਿੰਘ , ਹਾਈਕੋਰਟ ਤੋਂ ਉਸ ਦੇ ਪਿਤਾ ਦੀ ਗ੍ਰਿਫਤਾਰੀ ‘ਤੇ ਅੰਤਰਿਮ ਸਟੇਅ ਮਿਲਣ ਤੋਂ ਬਾਅਦ, ਉਸ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਵਾਉਣ ਅਤੇ ਹਾਈਕਰੋਟ ਵਿੱਚੋਂ ਪੱਕੀ ਜਮਾਨਤ ਦਿਵਾਉਣ ਲਈ ਮੱਦਦ ਕਰਨ ਦੇ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਉਨਾਂ ਦੱਸਿਆ ਕਿ ਥਾਣੇਦਾਰ ਨੇ ਆਪਣੇ ਪਿਤਾ ਦੀ ਸਾਂਝੀ ਫਰਮ ਵਿੱਚ ਭਰਾਵਾਂ ਖ਼ਿਲਾਫ਼ ਦਰਜ ਹੋਏ ਇੱਕ ਵੱਖਰੇ ਕੇਸ ਵਿੱਚ ਮੱਦਦ ਕਰਨ ਦੇ ਨਾਂ ’ਤੇ ਇੱਕ ਲੱਖ ਰੁਪਏ ਪਹਿਲਾਂ ਵੀ ਲੈ ਲਏ ਹਨ।
ਵਿਜੀਲੈਂਸ ਨੇ ਵਿਛਾਇਆ ਜਾਲ ‘ਤੇ….
ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਐਸ.ਆਈ.ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਤਫਤੀਸ਼ ਜਾਰੀ ਹੈ।