‘ਤੇ ਇਉਂ ਰੋਲੀਆਂ ਚੰਡੀਗੜ੍ਹ ਦੀਆਂ ਸੜਕਾਂ ਤੇ ਪੰਜਾਬਣ ਧੀਆਂ ..!

Advertisement
Spread information

ਅਸ਼ੋਕ ਵਰਮਾ ,ਚੰਡੀਗੜ੍ਹ 21ਦਸੰਬਰ 2023

     ਪੰਜਾਬ ਦੇ ਸਿੱਖਿਆ ਵਿਭਾਗ ਦੀਆਂ ਬੇਵਫਾਈਆਂ ਦਾ ਦਰਦ ਹੰਢਾ ਰਹੇ 180 ਈ ਟੀ ਟੀ ਅਧਿਆਪਕਾਂ ਜਿੰਨ੍ਹਾਂ ’ਚ ਮਹਿਲਾ ਅਧਿਆਪਕ ਵੀ ਸ਼ਾਮਲ ਸਨ ਦੀ ਅੱਜ ਚੰਡੀਗੜ੍ਹ ਪੁਲੀਸ ਨੇ ਜੰਮ ਕੇ ਖਿੱਚ-ਧੂਹ ਕੀਤੀ।  ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਘੜੀਸ ਘੜੀਸ ਕੇ ਗੱਡੀਆਂ ਵਿੱਚ ਸੁੱਟਣ ਪਿੱਛੋਂ ਥਾਣੇ ਲੈ ਗਈ। ਹਾਲਾਂਕਿ ਇਸ ਦੌਰਾਨ ਪੰਜਾਬ ਦੀ ਮਹਿਲਾ ਸ਼ਕਤੀ ਵਿੱਚ ਰੋਸ ਹੀ ਏਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਕਾਬੂ ਕਰਨ ਦੇ ਚੱਕਰ ਵਿੱਚ ਸਿਟੀ ਬਿਊਟੀਫੁੱਲ ਦੀਆਂ ਲੇਡੀ ਪੁਲਿਸ ਮੁਲਾਜਮਾਂ ਦੇ ਛੱਕੇ ਛੁੱਟ ਗਏ ਅਤੇ ਠੰਢ ਦੌਰਾਨ ਪੁਲਿਸ ਦੀ ਇੱਕ ਮਹਿਲਾ ਮੁਲਾਜਮ ਤਾਂ ਅਧਿਆਪਕਾਂ ਨੂੰ ਸੜਕ ਤੋਂ ਹਟਾਉਣ ਦੇ ਚੱਕਰ ਵਿੱਚ ਪਸੀਨਾ ਪੂੰਝਦੀ ਦਿਖਾਈ ਦਿੱਤੀ। ਚੰਡੀਗੜ੍ਹ ਪੁਲਿਸ ਦੇ ਅਫਸਰਾਂ ਵੱਲੋਂ ਵਾਰ ਵਾਰ ਹੱਲਾਸ਼ਰੀ ਦੇਣ ਦੇ ਬਾਵਜੂਦ ਅਧਿਆਪਕਾਂ ਨੂੰ ਕਾਬੂ ਕਰਨ ਵੇਲੇ ਮਹਿਲਾ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ।                                               
         ਪੁਲਿਸ ਨੂੰ ਦੇਖਕੇ ਇੱਕ ਅਧਿਆਪਕਾ ਦਾ ਬੱਚਾ ਕਾਫੀ ਸਮਾਂ ਰੋਂਦਾ ਰਿਹਾ । ਪਰ ਅਧਿਕਾਰੀਆਂ ਨੇ ਰਤਾ ਤਰਸ ਨਹੀਂ ਕੀਤਾ ਅਤੇ ਅਪਰੇਸ਼ਨ ਧੂਹ ਘੜੀਸ ਜਾਰੀ ਰੱਖਿਆ। ਪ੍ਰਦਰਸ਼ਨਕਾਰੀ ਅਧਿਆਪਕ ਆਪਣੀ ਮੰਗ ਨੂੰ ਲੈਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਪੁੱਜੇ ਸਨ ਤਾਂ ਜੋ ਉਨ੍ਹਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਜੋਰ ਪਾਇਆ ਜਾ ਸਕੇ। ਅੱਜ ਸਵੇਰ ਵਕਤ ਹੀ ਸੈਕਟਰ ਦੋ ਸਥਿੱਤ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਧਿਆਪਕਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ । ਜਿਸ ਨੂੰ ਦੇਖਦਿਆਂ ਚੰਡੀਗੜ੍ਹ ਪੁਲਿਸ ਦੇ ਹੋਸ਼ ਉੱਡ ਗਏ ਅਤੇ ਵੱਡੀ ਪੁਲਿਸ ਨਫਰੀ ਨੂੰ ਮੌਕੇ ਤੇ ਸੱਦ ਲਿਆ। ਇਸ ਮੌਕੇ ਪੁਲਿਸ ਦੇ ਇੱਕ ਇੰਸਪੈਕਟਰ ਨੇ ਅਧਿਆਪਕਾਂ ਨੂੰ ਪੁਲਿਸੀਆ ਅੰਦਾਜ਼ ’ਚ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ । ਪਰ ਅਧਿਆਪਕ ਉਸ ਦੀ ਗੱਲ ਅਣਸੁਣੀ ਕਰਕੇ ਨਾਅਰੇ ਮਾਰਦੇ ਰਹੇ।                                             
       ਇਸ ਮੌਕੇ ਕਾਫੀ ਤਕਰਾਰ ਹੋਈ ਅਤੇ ਨਾਅਰਿਆਂ ਦੀ ਗੂੰਜ ਦੌਰਾਨ ਪੁਲਿਸ ਅਧਿਆਪਕਾਂ ਨੂੰ ਟੁੱਟ ਕੇ ਪੈ ਗਈ ਅਤੇ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮਹਿਲਾ ਪੁਲਿਸ ਵੱਲੋਂ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਦੌਰਾਨ ਮਹਿਲਾ ਅਧਿਆਪਕ ਸੜਕ ਤੇ ਲੇਟ ਗਈਆਂ ਜੋ ਪੁਲਿਸ ਮੁਲਾਜਮਾਂ ਲਈ ਚੁਣੌਤੀ ਬਣਿਆ ਰਿਹਾ। ਇਸ ਮੌਕੇ ਅਧਿਆਪਕ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਕੌਮ ਦਾ ਨਿਰਮਾਤਾ ਅਖਵਾਉਂਦੇ ਅਧਿਆਪਕਾਂ ਨਾਲ ਧੱਕੇਸ਼ਾਹੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਪੌਣੇ ਦੋ ਸਾਲਾਂ ਤੋਂ ਲਗਾਤਾਰ ਲਾਰਿਆਂ ਵਿੱਚ ਰੱਖਿਆ ਅਤੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੇ ਬਾਹਾਂ ਉਲਾਰਦਿਆਂ ਮਿਹਣੇ ਮਾਰੇ ਕਿ ਉਨ੍ਹਾਂ ਦੀ ਸਾਰ ਲੈਣ ਦਾ ਕੀਤਾ ਵਾਅਦਾ ਰੱਦੀ ਦੀ ਟੋਕਰੀ ‘ਚ ਸੁੱਟ ਕੇ ਸਰਕਾਰ ਅਧਿਆਪਕ ਵਰਗ ਨਾਲ ਧਰੋਹ ਕਮਾ ਰਹੀ ਹੈ ।                                                                           
        ਇਸ ਮੌਕੇ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੇ ਸੂਬਾ ਪ੍ਰਧਾਨ ਕਮਲ ਠਾਕੁਰ ਨੇ ਨਸੀਹਤ ਦਿੱਤੀ ਕਿ ਸਿੱਖਿਆ ਵਿਭਾਗ ਵੱਲੋਂ ਕੇਂਦਰੀ ਸਕੇਲਾਂ ‘ਚ ਨੂੜੇ 180 ਅਧਿਆਪਕਾਂ ਨੂੰ ਫਾਡੀ ਬਣਾਕੇ ਕੀਤੀ ਜਾ ਰਹੀ ਬੇਇਨਸਾਫੀ ਦੇ ਖਾਤਮੇ ਲਈ ਪੰਜਾਬ ਸਰਕਾਰ ਢੁੱਕਵੀਂ ਪਹਿਲਕਦਮੀ ਕਰੇ। ਉਨਾਂ ਆਮ ਆਦਮੀ ਪਾਰਟੀ ਪਾਰਟੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਅਤੇ 180 ਅਧਿਆਪਕਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਯਾਦ ਦਿਵਾਉਂਦਿਆਂ ਚਿਤਾਵਨੀ ਦਿੱਤੀ ਕਿ ਸੱਤਾ ਤੇ ਕਾਬਜ ਹੋਕੇ ਕੀਤੀਆਂ ਵਾਅਦਾ ਖਿਲਾਫੀਆਂ ਦਾ ਮੁੱਲ ਪਾਰਟੀ ਨੂੰ ਅਗਾਮੀ ਲੋਕ ਸਭਾ ਚੋਣਾਂ ਮੌਕੇ ਤਾਰਨਾ ਪਵੇਗਾ । ਕਿਉਂਕਿ ਉਨ੍ਹਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਿਆ ਹੈ। ਦੱਸਣਯੋਗ ਹੈ ਕਿ ਸਾਲ 2016 ਵਿੱਚ ਤੱਤਕਾਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਸੀ।
       ਅਧਿਆਪਕਾਂ ਮੁਤਾਬਕ ਇਸ ਭਰਤੀ ਚੋਂ 180 ਅਧਿਆਪਕਾਂ ਦੀਆਂ ਦੀਆਂ ਸੇਵਾਵਾਂ ਸਮਾਪਤ ਕਰਕੇ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਸਨ ਜੋ ਸਾਰੇ ਪੁਆੜੇ ਦੀ ਜੜ੍ਹ ਅਤੇ ਸੰਘਰਸ਼ ਦਾ ਮੁੱਖ ਕਾਰਨ ਹੈ। ਇਸ ਤੋਂ ਮਗਰੋਂ ਅਧਿਆਪਕਾਂ ਨੇ ਪੰਜ ਸਾਲ ਕਾਂਗਰਸ ਸਰਕਾਰ ਨਾਲ ਲਗਾਤਾਰ ਲੜਾਈ ਲੜੀ। ਆਪਣੇ ਸੰਘਰਸ਼ ਦੌਰਾਨ ਇੰਨ੍ਹਾਂ ਈ ਟੀ ਟੀ ਅਧਿਆਪਕਾਂ ਦਾ ਇੱਕ ਸਾਥੀ ਅਧਿਆਪਕ ਸੋਹਣ ਸਿੰੰਘ 27 ਨਵੰਬਰ 2021 ਨੂੰ ਪੰਜਾਬ ਅਤੇ ਚੰਡੀਗੜ੍ਹ ਦੀਆਂ ਖੁਫੀਆ ਏਜੰਸੀਆਂ ਦੇ ਅੱਖੀਂ ਘੱਟਾ ਪਾਕੇ ਵੀ ਵੀ ਆਈ ਪੀ ਸੁਰੱਖਿਆ ਵਾਲੇ ਖੇਤਰ ਵਿਚਲੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਸੰਨ੍ਹ ਲਾਉਣ ਪਿੱਛੋਂ ਐਮ ਐਲ ਏ ਹੋਸਟਲ ਵਿਚਲੇ ਮੋਬਾਈਲ ਟਾਵਰ ’ਤੇ ਪੈਟਰੋਲ ਦੀ ਬੋਤਲ ਸਮੇਤ ਚੜ੍ਹ ਗਿਆ ਸੀ। ਉਸ ਵਕਤ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਆਉਣ ਤੇ ਅਧਿਆਪਕਾਂ ਨਾਲ ਹੋਈ ਬੇਇਨਸਾਫੀ ਦੂਰ ਕਰਨ ਦਾ ਵਾਅਦਾ ਕੀਤਾ ਸੀ।
      ਪ੍ਰਦਰਸ਼ਨਕਾਰੀ ਅਧਿਆਪਕ ਆਖਦੇ ਹਨ ਕਿ ਦੋ ਸਾਲ ਤੋ ਵੱਧ ਦਾ ਸਮਾਂ ਹੋ ਗਿਆ ਹੈ । ਪਰ ਵੱਡੇ ਬਹੁਮੱਤ ਨਾਲ ਬਣੀ ਸਰਕਾਰ ਨੇ ਵਾਅਦਾ ਨਹੀਂ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿੱਖਿਆ ਮੰਤਰੀ ਸਰਕਾਰੀ ਸਕੂਲਾਂ ਨੂੰ ਪ੍ਰਫੁੱਲਤ ਕਰਨ ਦੇ ਦਮਗਜੇ ਮਾਰ ਰਹੇ ਹਨ । ਜਦੋਂਕਿ ਦੂਸਰੀ ਤਰਫ ਅਧਿਆਪਕਾਂ ਨੂੰ ਇੱਕ ਸਜਿਸ਼ ਤਹਿਤ ਸੜਕਾਂ ਤੇ ਰੁਲਣ ਲਈ ਮਜਬੂਰ ਕਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦਾ ਸਬਰ ਨਾ ਪਰਖੇ , ਸਗੋਂ ਸਿਆਸੀ ਲਾਹੇ ਲਈ ਨਿੱਤ ਵੱਖ ਵੱਖ ਥਾਵਾਂ ਤੇ ਕੀਤੇ ਜਾ ਰਹੇ ਸਮਾਗਮਾਂ ਵਿੱਚ ਰੁੱਝੇ ਰਹਿਣ ਵਾਲੇ ਮੁੱਖ ਮੰਤਰੀ 180 ਅਧਿਆਪਕਾਂ ਨੂੰ ਵੀ ਦਰਸ਼ਨ ਦੇਣ ਤੇ ਉਨ੍ਹਾਂ ਦੀ ਪੰਜਾਬ ਦੇ ਸਕੇਲ ਲਾਗੂ ਕਰਨ ਵਾਲੀ ਹੱਕੀ ਤੇ ਜਾਇਜ਼ ਮੰਗ ਦਾ ਨਿਪਟਾਰਾ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗ ਪ੍ਰਵਾਾਨ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ।

Advertisement

Advertisement
Advertisement
Advertisement
Advertisement
Advertisement
error: Content is protected !!