ਅਸ਼ੋਕ ਵਰਮਾ ,ਬਠਿੰਡਾ 21 ਦਸੰਬਰ 2023
ਬਠਿੰਡਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗਿਫਤਾਰ ਕਰਕੇ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਆਪਰੇਸ਼ਨ ਦੌਰਾਨ ਇੱਕ ਕਾਰ ਨੂੰ ਵੀ ਕਬਜੇ ’ਚ ਲਿਆ ਹੈ ਜੋ ਇੰਨ੍ਹਾਂ ਤਸਕਰਾਂ ਵੱਲੋਂ ਵਰਤੀ ਜਾ ਰਹੀ ਸੀ। ਮੁਲਜਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਪਰਮਜੀਤ ਸਿੰਘ ਤੇ ਪੰਕਜ਼ ਛਾਬੜਾ ਉਰਫ ਪੰਕੂ ਪੁੱਤਰ ਰਾਧੇ ਸ਼ਾਮ ਦੋਵੇਂ ਵਾਸੀਅਨ ਗੰਗਾ ਰਾਮ ਵਾਲੀ ਗਲੀ ਮੁਹੱਲਾ ਨੌਹਰੀਆਂ ਵਾਲਾ ਬਠਿੰਡਾ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਗੁਰਮੇਜ਼ ਸਿੰਘ ਵਾਸੀ ਰਾਮਪੁਰਾ ਜਿਲ੍ਹਾ ਫਾਜ਼ਿਲਕਾ ਦੇ ਤੌਰ ਤੇ ਕੀਤੀ ਗਈ ਹੈ। ਮੁਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਵਿਹਲੜ ਹਨ ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਐਸਪੀ ਡੀ ਅਜੇ ਗਾਂਧੀ ਅਤੇ ਡੀਐਸਪੀ ਡੀ ਮਨਮੋਹਨ ਸਿੰਘ ਸਰਨਾ ਦੀ ਦੇਖਰੇਖ ਹੇਠ ਇਹ ਸਫਲਤਾ ਸੀਆਈਏ ਸਟਾਫ 2 ਪੁਲਿਸ ਨੂੰ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ 2 ਪੁਲਿਸ ਨੇ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਜੀਦਾ ਕੋਲ ਫੋਰਡ ਫੀਗੋ ਕਾਰ ਨੂੰ ਰੋਕਿਆ ਸੀ। ਸ਼ੱਕ ਦੇ ਅਧਾਰ ਤੇ ਕਾਰ ਦੀ ਤਲਾਸ਼ੀ ਲੈਣ ਤੇ 400 ਗਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਨਸ਼ਾ ਤਸਕਰਾਂ ਅਤੇ ਹੈਰੋਇਨ ਦੀ ਬਰਾਮਦਗੀ ਦੇ ਸਬੰਧ ’ਚ ਥਾਣਾ ਨੇਹੀਆਂ ਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਾਜਮਾਂ ਦਾ ਅਦਾਲਤ ਚੋਂ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ।
ਪੁਲਿਸ ਅਨੁਸਾਰ ਤੇਜਿੰਦਰ ਸਿੰਘ ਦੀ ਉਮਰ 36 ਸਾਲ ਅਤੇ ਵਿਹਲਾ ਹੈ। ਪੁਲਿਸ ਵੱਲੋਂ ਕਬਜੇ ’ਚ ਲਈ ਕਾਰ ਦਾ ਮਾਲਕ ਵੀ ਤੇਜਿੰਦਰ ਸਿੰਘ ਹੈ। ਉਹ ਕਰੀਬ ਚਾਰ ਮਹੀਨੇ ਪਹਿਲਾਂ ਜੇਲ੍ਹ ਚੋਂ ਆਇਆ ਹੈ। ਤੇਜਿੰਦਰ ਸਿੰਘ ਖਿਲਾਫ ਇਸ ਤੋਂ ਪਹਿਲਾਂ ਲੜਾਈ ਝਗੜੇ, ਕੁੱਟ ਮਾਰ ,ਲੁੱਟਾਂ ਖੋਹਾਂ, ਨਸ਼ਾ ਤਸਕਰੀ ਅਤੇ ਠੱਗੀ ਆਦਿ ਦੇ 10 ਮੁਕੱਦਮੇ ਦਰਜ ਹਨ। ਤੇਜਿੰਦਰ ਸਿੰਘ ਨੇ ਸਾਲ 2010 ’ਚ ਬਠਿੰਡਾ ਜੇਲ੍ਹ ’ਚ ਹਵਾਲਾਤੀ ਵਜੋਂ ਬੰਦ ਹੋਣ ਦੌਰਾਨ ਅਦਾਲਤ ’ਚ ਪੇਸ਼ੀ ਲਈ ਲਿਆਉਣ ਮੌਕੇ ਬੱਸ ਵਿੱਚ ਹੀ ਇੱਕ ਹੋਰ ਹਵਾਲਾਤੀ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ।ਇਸੇ ਤਰਾਂ ਪੰਕਜ਼ ਛਾਬੜਾ ਖਿਲਾਫ ਦੋ ਅਤੇ ਮਨਪ੍ਰੀਤ ਸਿੰਘ ਵਿਰੁੱਧ ਇੱਕ ਕੇਸ ਦਰਜ ਹੋਇਆ ਹੈ।