ਹਰਿੰਦਰ ਨਿੱਕਾ , ਬਰਨਾਲਾ 13 ਦਸੰਬਰ 2023
ਯੂਵੀ ਨਵੇਂ ਮੁੰਡਿਆਂ ਨੂੰ ਨਸ਼ੇ ਤੇ ਲਾ ਰਿਹਾ ਹੈ ਤੇ ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਆਪਣੇ ਹੋਰ ਜੋੜੀਦਾਰਾਂ ਨੇ ਰੋਕਣ ਵਾਲੇ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਫਰਾਰ ਹੋ ਗਏ। ਪੁਲਿਸ ਕੋਲ ਦਿੱਤੇ ਬਿਆਨ ‘ਚ ਇਹ ਦੋਸ਼ ਲਵਪ੍ਰੀਤ ਸਿੰਘ ਵਾਸੀ ਗਲੀ ਨੰਬਰ 2 ਹੰਡਿਆਇਆ ਰੋਡ ਬਰਨਾਲਾ ਨੇ ਲਾਇਆ ਹੈ। ਪੁਲਿਸ ਨੇ ਯੂਵੀ ਸਣੇ 6 ਜਣਿਆਂ ਖਿਲਾਫ ਕੇਸ ਦਰਜ ਕਰਕੇ, ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਹ ਘਟਨਾਕ੍ਰਮ ਗਿਆਰਾਂ ਦਸੰਬਰ ਨੂੰ ਬਾਹੱਦ ਨੇੜੇ ਲੁੱਕਸ ਸੋਅ ਰੂਮ ਲੱਖੀ ਕਲੌਨੀ ਬਰਨਾਲਾ ਪਾਸ ਵਾਪਰਿਆ। ਮੁਦੱਈ ਲਵਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗਲੀ ਨੰਬਰ 02, ਹੰਡਿਆਇਆ ਰੋਡ ਬਰਨਾਲਾ ਨੇ ਦੱਸਿਆ ਕਿ ਯੂਵੀ ਸਰਮਾ, ਬਾਲੀਆ ਨੇ ਆਪਣੇ 3/4 ਹੋਰ ਅਣਪਛਾਤੇ ਸਾਥੀਆਂ ਨੂੰ ਨਾਲ ਲੈ ਕੇ , ਉਸ ਦੀ ਘੇਰ ਕੇ ਕੁੱਟਮਾਰ ਕੀਤੀ ਤੇ ਸੱਟਾਂ ਮਾਰ ਕੇ ਮੌਕਾ ਤੋਂ ਫਰਾਰ ਹੋ ਗਏ। ਮੁਦਈ ਅਨੁਸਾਰ ਘਟਨਾ ਦੀ ਵਜ੍ਹਾ ਰੰਜਿਸ ਇਹ ਹੈ ਕਿ ਦੋਸੀ ਯੂਵੀ ਸ਼ਰਮਾ ਨਵੇਂ ਮੁੰਡਿਆ ਨੂੰ ਨਸ਼ੇ ਪਰ ਲਗਾਉਦਾ ਹੈ,ਜਿਸ ਦਾ ਮੁਦਈ ਵਿਰੋਧ ਕਰਦਾ ਹੈ। ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਓ. ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ‘ਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਯੂਵੀ ਸ਼ਰਮਾ, ਬਾਲੀਆ ਅਤੇ ਉਨ੍ਹਾਂ ਦੇ ਤਿੰਨ ਚਾਰ ਹੋਰ ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜੁਰਮ 323/324/341/148/149 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ, ਮਾਮਲੇ ਦੀ ਤਫਤੀਸ਼ ਏ.ਐਸ.ਆਈ. ਗੁਰਜੰਟ ਸਿੰਘ ਨੂੰ ਸੌਂਪ ਦਿੱਤੀ ਹੈ। ਦੋਸ਼ੀਆਂ ਦੀ ਤਲਾਸ਼ ਜਾਰੀ ਹੈ,ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਸ਼ੇ ਨਾਲ ਹੀ ਸਬੰਧਿਤ ਦੂਜਾ ਕੇਸ , ਥਾਣਾ ਸਦਰ ਬਰਨਾਲਾ ਦੇ ਪਿੰਡ ਹੰਡਿਆਇਆ ਦਾ ਹੈ। ਸੀਆਈਏ ਹੰਡਿਆਇਆ ‘ਚ ਤਾਇਨਾਤ ਐਸ.ਆਈ. ਗੁਰਬਚਨ ਸਿੰਘ ਅਨੁਸਾਰ, ਉਹ ਲੰਘੀ ਕੱਲ੍ਹ ਬਾਅਦ ਦੁਪਿਹਰ ਕਰੀਬ ਪੌਣੇ ਦੋ ਵਜੇ ਪੁਲਿਸ ਪਾਰਟੀ ਸਣੇ, ਸੈਂਸੀ ਮੁਹੱਲਾ ਕਿਲ੍ਹਾ ਪੱਤੀ ਹੰਡਿਆਇਆ ਵਿਚ ਪੁੱਜਿਆ ਤਾਂ ਇਕ ਵਿਅਕਤੀ ਸਨੀ ਸਿੰਘ ਉਰਫ ਕਾਲਾ ਪੁੱਤਰ ਰਾਜੂ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਕਿਲਾ ਪੱਤੀ ਹੰਡਿਆਇਆ ਘਰ ਦੇ ਮੇਨ ਗੇਟ ਦੇ ਅੱਗੇ ਗਲੀ ਵਿਚ ਬੈਠਾ ਸੀ । ਪਰ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਇਕ ਦਮ ਖੜਾ ਹੋ ਕੇ ਤੁਰਨ ਲੱਗਿਆ, ਪੁਲਿਸ ਪਾਰਟੀ ਨੇ ਸ਼ੱਕ ਹੋਣ ਤੇ , ਉਸ ਦੀ ਤਲਾਸੀ ਕੀਤੀ ਤਾਂ ਉਸ ਦੇ ਕਬਜੇ ਵਿੱਚੋਂ 200 ਨਸੀਲੀਆਂ ਗੋਲੀਆ ਬ੍ਰਾਮਦ ਹੋਈਆਂ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸਆਈ ਗੁਰਬਚਨ ਸਿੰਘ ਨੇ ਕਿਹਾ ਕਿ ਦੋਸ਼ੀ ਤੋਂ ਪੁੱਛਗਿੱਛ ਜ਼ਾਰੀ ਹੈ।