ਹਰਿੰਦਰ ਨਿੱਕਾ , ਬਰਨਾਲਾ 12 ਦਸੰਬਰ 2023
ਤਾਜੋਕੇ ਰੋਡ ਤਪਾ ਤੇ ਸਥਿਤ ਮੈਸਰਜ ਟੀ.ਕੇ ਇੰਟਰਨੈਸਨਲ ਕੰਪਨੀ ਦੀ ਲਾਪਰਵਾਹੀ , ਦੋ ਜਣਿਆਂ ਤੇ ਭਾਰੀ ਪੈ ਗਈ। ਪੁਲਿਸ ਨੇ ਕੰਪਨੀ ਅਤੇ ਹਾਦਸੇ ਲਈ ਜੁੰਮੇਵਾਰ ਕੰਪਨੀ ਦੇ ਕਰਮਚਾਰੀਆਂ ਖਿਲਾਫ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਪਰੰਤੂ ਹਾਲੇ ਤੱਕ ਕਿਸੇ ਦੀ ਕੋਈ ਗਿਰਫਤਾਰੀ ਨਹੀਂ ਹੋਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਨੀਲ ਕੁਮਾਰ ਪੁੱਤਰ ਓਮ ਸਿੰਘ ਵਾਸੀ ਨਾਰਸਲ ਕਲਾ ਜਿਲ੍ਹਾ, ਹਰਿਦੁਆਰ ਨੇ ਲਿਖਵਾਇਆ ਕਿ ਉਸਦਾ ਭਰਾ ਅਨਿਲ ਕੁਮਾਰ ਅਤੇ ਮੋਹਿਤ ਕੁਮਾਰ ਪੁੱਤਰ ਸੰਜੀਵ ਰਾਠੀ ਵਾਸੀ ਨਾਰਸਲ ਕਲਾਂ ਪਿਛਲੇ 6 ਮਹੀਨਿਆਂ ਤੋਂ ਮੈਸ: ਟੀ.ਕੇ ਇੰਟਰਨੈਸਨਲ ਤਾਜੋਕੇ ਰੋਡ ਤਪਾ ਵਿੱਚ ਕੰਮ ਕਰਦੇ ਸਨ। ਦਸ ਦਸੰਬਰ ਨੂੰ ਕੰਪਨੀ ਦੇ ਹੁਕਮਾਂ ਅਧੀਨ ਗੈਸ ਪਲਾਂਟ ਵਿੱਚ ਲੱਗੀ ਪਾਈਪ ਨੂੰ ਠੀਕ ਕਰ ਰਹੇ ਸਨ ਤਾਂ ਅਚਾਨਕ ਹੀ ਪੌੜੀ ਫਿਸਲਣ ਕਾਰਨ ਅਨਿਲ ਕੁਮਾਰ ਗੈਸ ਪਲਾਟ ਵਿੱਚ ਡਿੱਗ ਗਿਆ । ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਮੋਹਿਤ ਕੁਮਾਰ ਅਤੇ ਅਨਿਲ ਕੁਮਾਰ ਦੀ ਗੈਸ ਚੜ੍ਹ ਜਾਣ ਕਾਰਨ ਮੌਤ ਹੋ ਗਈ । ਇਨ੍ਹਾਂ ਦੋਵਾਂ ਜਣਿਆਂ ਦੀ ਮੌਤ ਮੈਸ: ਟੀ.ਕੇ ਇੰਟਰਨੈਸ਼ਨਲ ਕੰਪਨੀ ਵੱਲੋਂ ਕੋਈ ਵੀ ਸੁਰੱਖਿਆ ਉਪਕਰਨ ਨਾ ਵਰਤਣ ਕਾਰਣ ਅਤੇ ਲਾਪ੍ਰਵਾਹੀ ਵਰਤਣ ਕਾਰਨ ਹੋਈ ਹੈ । ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਮੁਦਈ ਸੁਨੀਲ ਕੁਮਾਰ ਦੇ ਬਿਆਨ ਪਰ, ਮੈਸ: ਟੀ.ਕੇ ਇੰਟਰਨੈਸ਼ਨਲ ਕੰਪਨੀ ਅਤੇ ਕੰਪਨੀ ਦੇ ਦੋ ਨਾਮਾਲੂਮ ਕਰਮਚਾਰੀਆਂ ਦੇ ਖਿਲਾਫ ਅਧੀਨ ਜ਼ੁਰਮ 304 ਏ ਆਪੀਸੀ ਤਹਿਤ ਥਾਣਾ ਤਪਾ ਵਿਖੇ ਮੁਕੱਦਮਾਂ ਦਰਜ ਕੀਤਾ ਗਿਆ ਹੈ। ਮਾਮਲੇ ਦੀ ਤਫਤੀਸ਼ ਅਤੇ ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।