ਮਨਪ੍ਰੀਤ ਪਲਾਟ ਮਾਮਲਾ: ਭੱਤਾ ਢੋਏ ਦੀ ਕਦਰ ਨਾਂ ਪਾਈ-ਡੰਡੀਆਂ ਤੋਂ ਮੁੱਕਰ ਗਿਓਂ

Advertisement
Spread information

ਅਸ਼ੋਕ ਵਰਮਾ, ਬਠਿੰਡਾ 20 ਨਵੰਬਰ 2023


     ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲਏ ਬਿਨਾਂ ਢੰਗ ਸਿਰ ਸਰਕਾਰ ਚਲਾਉਣ ਦੀ ਨਸੀਹਤ ਦਿੱਤੀ। ਉਨ੍ਹਾਂ ਅੱਜ ਸਰਕਾਰ ’ਚ ਰਹਿੰਦਿਆਂ ਮੁਫਤ ਹੋਣ ਦੇ ਬਾਵਜੂਦ ਨਾਂ ਚਾਹ ਦਾ ਕੱਪ ਪੀਣ ਤੇ ਨਾਂਹੀ ਕਿਸੇ ਨੂੰ ਪਿਆਉਣ ਦੀ ਗੱਲ ਨੂੰ ਵਿਚਾਰ ’ਚ ਨਾਂ ਰੱਖਣ ਸਬੰਧੀ ਉਲਾਂਭਾ ਵੀ ਦਿੱਤਾ । ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਪੱਲੇ ਕੁੱਝ ਵੀ ਨਹੀਂ ਸਿਰਫ ਗੱਲਾਂ ਨਾਲ ਹੀ ਜਮ੍ਹਾਂ ਖਰਚ ਕੀਤਾ ਜਾ ਰਿਹਾ ਹੈ। ਸਾਬਕਾ ਵਿੱਤ ਮੰਤਰੀ ਬਠਿੰਡਾ ਵਿਕਾਸ ਅਥਾਰਟੀ ਤੋਂ  ਪਲਾਟ ਖਰੀਦਣ ਦੇ ਬਹੁਚਰਚਿਤ ਮਾਮਲੇ ਦੀ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਆਏ ਸਨ ਜਿੱਥੇ ਉਨ੍ਹਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਕੀਤੀ ਗਈ।
          ਵਕੀਲ ਸੁਖਦੀਪ ਸਿੰਘ ਭਿੰਡਰ ਸਾਬਕਾ ਵਿੱਤ ਮੰਤਰੀ ਨਾਲ ਮੌਜੂਦ ਸਨ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਨ ਲਾਲ ਝੁੰਬਾ ਨੂੰ ਛੱਡਕੇ ਬਠਿੰਡਾ ਨਾਲ ਸਬੰਧਤ ਉਨ੍ਹਾਂ ਦੇ ਹਮਾਇਤੀ ਆਗੂ ਅੱਜ ਗਾਇਬ ਰਹੇ।  ਮਨਪ੍ਰੀਤ ਬਾਦਲ ਅੱਜ ਪੂਰੀ ਤਰਾਂ ਸਿਹਤਯਾਬ ਦਿਖਾਈ ਦਿੱਤੇ ਜਦੋਂਕਿ ਪਿਛਲੀ ਵਾਰ ਉਨ੍ਹਾਂ ਦੇ ਲੱਕ ਤੇ ਦਰਦ ਤੋਂ ਅਰਾਮ ਦਿਵਾਉਣ ਵਾਲੀ ਬੈਲਟ ਬੰਨ੍ਹੀ ਹੋਈ ਸੀ। ਸਾਬਕਾ ਵਿੱਤ ਮੰਤਰੀ ਨੇ ਅੱਜ ਫਿਰ ਦੁਹਰਾਇਆ ਕਿ ਵਿਜੀਲੈਂਸ ਸੌ ਵਾਰ ਸੱਦੇ ਉਹ ਸੌ ਵਾਰ ਆਉਣਗੇ। ਭਗਵੰਤ ਮਾਨ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਉਨ੍ਹਾਂ ਕਿਹਾ ਕਿ  ਅਸਲ ਵਿੱਚ ਸਰਕਾਰ ਆਪਣੀ ਖੁਦਪਸੰਦੀ ਵਿੱਚ ਐਨੀ ਫਸੀ ਹੋਈ ਹੈ ਕਿ ਇੰਨ੍ਹਾਂ ਨੂੰ ਆਪਣੇ ਨੱਕ ਤੋਂ ਅੱਗੇ ਕੁੱਝ ਨਜ਼ਰ ਨਹੀਂ ਆਉਂਦਾ ਹੈ।
               ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਵਾਸੀਆਂ ਨੇ ਸਰਕਾਰ ਚਲਾਉਣ ਅਤੇ ਪੰਜਾਬ ਨੂੰ ਪੱਕੇ ਪੈਰੀ ਕਰਨ ਵਾਸਤੇ ਮੌਕਾ ਦਿੱਤਾ ਹੈ ਇਸ ਨੂੰ ਗਵਾਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕਈ ਵਾਰ ਬੰਦੇ ਦੇ ਹੱਥ ਵਿੱਚ ਰੇਤ ਹੁੰਦੀ ਹੈ ਜੋ ਜਿੰਨੀ ਜੋਰ ਦੀ ਮੁੱਠੀ ਘੁੱਟੋ ਓਨੀ ਜਲਦੀ ਕਿਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕੱਤਰੇਤ ’ਚ ਮੰਤਰੀਆਂ ਅਤੇ ਉਨ੍ਹਾਂ ਨੂੰ ਮਿਲਣ ਲਈ ਆਉਣ ਵਾਲੇ ਮਹਿਮਾਨਾਂ ਲਈ ਚਾਹ ਤੇ ਖਾਣ ਪੀਣ ਵਾਲਾ ਸਮਾਨ ਮੁਫਤ  ਹੈ। ਉਨ੍ਹਾਂ ਕਿਹਾ ਕਿ ਮੁਲਕ ਦੀ ਸ਼ਾਇਦ ਇਹ ਪਹਿਲੀ ਮਿਸਾਲ ਹੈ ਕਿਸੇ ਮੰਤਰੀ ਨੇ ਚਾਹ ਪਾਣੀ ਤੇ ਸਰਕਾਰੀ ਖਰਚ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਲੋਕ ਇਸ ਗੱਲ ਦਾ ਗੁੱਸਾ ਵੀ ਕਰਦੇ ਸਨ ਕਿ ਮਨਪ੍ਰੀਤ ਦੇ ਦਫਤਰ ਗਏ ਸੀ ਉਸ ਨੇ ਚਾਹ ਵੀ ਨਹੀਂ ਪਿਆਈ ਹੈ।
                ਇਸ ਮੌਕੇ ਮੇਅਰ ਨੂੰ ਹਟਾਉਣ ਸਬੰਧੀ ਪੁੱਛੇ ਸਵਾਲ ਦਾ ਉਹ ਬਿਨਾਂ ਉੱਤਰ ਦਿੱਤਿਆਂ ਆਪਣੀ ਗੱਡੀ ’ਚ ਬੈਠਕੇ ਚਲੇ ਗਏ। ਗੌਰਤਲਬ ਹੈ ਕਿ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਸ਼ਕਾਇਤ ’ਤੇ ਵਿਜੀਲੈਂਸ ਬਿਊਰੋ ਲੰਘੀ 24 ਸਤੰਬਰ ਨੂੰ ਪੰਜਾਬ ਨੇ ਮਨਪ੍ਰੀਤ ਬਾਦਲ , ਬਠਿੰਡਾ ਵਿਕਾਸ ਅਥਾਰਟੀ ਦੇ ਪ੍ਰਸ਼ਾਸ਼ਕ ਬਿਕਰਮਜੀਤ ਸਿੰਘ ਸ਼ੇਰਗਿੱਲ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ, ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਕਾਰੋਬਾਰੀ ਦੇ ਮੁਲਾਜਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ। ਵਿਜੀਲੈਂਸ ਕੇਸ ਅਨੁਸਾਰ ਮਨਪ੍ਰੀਤ ਬਾਦਲ ਨੇ ਵਿੱਤ ਮੰਤਰੀ ਦੇ ਤੌਰ ’ਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਆਪਣਾ ਕਥਿਤ ਪ੍ਰਭਾਵ ਵਰਤਦਿਆਂ ਸਾਲ 2021 ਵਿੱਚ ਸ਼ਹਿਰ ਦੇ ਮਾਡਲ ਟਾਊਨ ਖੇਤਰ ’ਚ 1560 ਗਜ਼ ਦੇ ਦੋ ਪਲਾਟ ਖ਼ਰੀਦੇ ਸਨ।
                 ਵਿਜੀਲੈਂਸ ਨੇ ਪੜਤਾਲ ’ਚ ਦਾਅਵਾ ਕੀਤਾ ਸੀ ਕਿ ਇਸ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਨੂੰ ਫਾਇਦਾ ਪਹੁੰਚਾਉਣ ਲਈ ਬੀਡੀਏ ਦੇ ਅਧਿਕਾਰੀਆਂ ਨੇ ਨਿਯਮਾਂ ਦੀ ਕਥਿਤ ਉਲੰਘਣਾ ਕੀਤੀ ਹੈ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਵਿਜੀਲੈਂਸ ਨੇ ਤਿੰਨ ਪ੍ਰਾਈਵੇਟ ਲੋਕਾਂ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਪਰ ਸਾਬਕਾ ਵਿੱਤ ਮੰਤਰੀ ਅਤੇ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਨ ’ਚ ਵਿਜੀਲੈਂਸ ਫੇਲ੍ਹ ਰਹੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੰਘੀ 16 ਅਕਤੂਬਰ ਨੂੰ ਮਨਪ੍ਰੀਤ ਬਾਦਲ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ।
            ਸਾਬਕਾ ਵਿੱਤ ਮੰਤਰੀ ਨੂੰ 23 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਸਨ ਪਰ ਉਨ੍ਹਾਂ ਨੇ ਪਿੱਠ ਦਰਦ ਦਾ ਇਲਾਜ ਚੱਲਦਾ ਹੋਣ ਕਰਕੇ ਆਪਣਾ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ। ਇਸ ਮਗਰੋਂ ਮਨਪ੍ਰੀਤ ਬਾਦਲ ਲੰਘੀ 30 ਅਕਤੂਬਰ ਨੂੰ ਵਿਜੀਲੈਂਸ ਜਾਂਚ ’ਚ ਸ਼ਾਮਲ ਹੋਏ ਸਨ । ਇਸ ਮੌਕੇ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਸੀ। ਵਿਜੀਲੈਂਸ ਨੇਂ ਮਨਪ੍ਰੀਤ ਬਾਦਲ ਤੋਂ ਕੁੱਝ ਦਸਤਾਵੇਜ਼ ਮੰਗੇ ਸਨ ਜੋ ਕੋਲ ਨਾਂ ਹੋਣ ਕਰਕੇ ਉਨ੍ਹਾਂ ਅਗਲੀ ਪੇਸ਼ੀ ਤੇ ਸੌਂਪਣ ਬਾਰੇ ਕਿਹਾ ਸੀ। ਆਪਣੀ ਜਾਂਚ ਨੂੰ ਅੰਤਿਮ ਛੋਹਾਂ ਦੇਣ ਲਈ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਨੂੰ ਅੱਜ ਮੁੱੜ ਤੋਂ ਸੱਦਿਆ ਸੀ।
     
   ਜਾਣਕਾਰੀ ਲਈ ਪੁੱਛਗਿਛ:ਐਸਐਸਪੀ
  ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਦੇ ਐਸ ਐਸ ਪੀ ਹਰਪਾਲ ਸਿੰਘ ਦਾ ਕਹਿਣਾ ਸੀ ਕਿ ਪਲਾਟ ਖਰੀਦ ਮਾਮਲੇ ਨਾਲ ਜੁੜੀਆਂ ਕੁੱਝ ਜਾਣਕਾਰੀ ਹਾਸਲ ਕਰਨ ਦੀ ਲੋੜ ਸੀ ਜਿਸ ਨੂੰ ਲੈਕੇ ਅੱਜ ਸਾਬਕਾ ਵਿੱਤ ਮੰਤਰੀ ਤੋਂ ਪੁੱਛਗਿਛ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ ਦਾ ਜਾਇਜਾ ਲਿਆ ਜਾਏਗਾ ਤੇ ਜੇ ਜਰੂਰਤ ਪਈ ਤਾਂ ਉਨ੍ਹਾਂ ਨੂੰ ਫਿਰ ਤੋਂ ਬੁਲਾਇਆ ਜਾ ਸਕਦਾ ਹੈ।

Advertisement
Advertisement
Advertisement
Advertisement
Advertisement
Advertisement
error: Content is protected !!