ਅਨੁਭਵ ਦੂਬੇ , ਬਰਨਾਲਾ 20 ਨਵੰਬਰ 2023
ਨਸ਼ਿਆਂ ਨੂੰ ਨਕੇਲ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਗਠਿਤ ਸਪੈਸ਼ਲ ਟਾਸਕ ਫੋਰਸ ਦਾ ਇੰਚਾਰਜ ਹੀ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗਿਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਰਮਨਦੀਪ ਸਿੰਘ ਵਾਸੀ ਬਰਨਾਲਾ ਦੀ ਸ਼ਕਾਇਤ ਦੇ ਅਧਾਰ ਪਰ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਰਮਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਰਨਾਲਾ ਨੇ ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਭਤੀਜੇ ਬਲਜਿੰਦਰ ਸਿੰਘ ਵਾਸੀ ਬਰਨਾਲਾ ਨੂੰ ਐਸਟੀਐਫ ਬਰਨਾਲਾ ਦੇ ਇੰਚਾਰਜ ਏ.ਐਸ.ਆਈ. ਸਤਵਿੰਦਰ ਸਿੰਘ ਨੇ ਹੈਰੋਇਨ ਦੇ ਕੇਸ ਵਿੱਚ ਗਿਰਫਤਾਰ ਕੀਤਾ ਸੀ। ਇਸ ਕੇਸ ਵਿੱਚ ਬਲਜਿੰਦਰ ਸਿੰਘ ਦਾ ਫਾਇਦਾ ਕਰਨ ਲਈ, ਏ.ਐਸ.ਆਈ. ਸਤਵਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈ ਲਈ ਸੀ। ਪਰੰਤੂ ਉਸ ਨੇ ਕੇਸ ਵਿੱਚ ਬਲਜਿੰਦਰ ਸਿੰਘ ਦਾ ਕੋਈ ਫਾਇਦਾ ਨਹੀਂ ਕੀਤਾ। ਵਿਜੀਲੈਂਸ ਬਿਊਰੋ ਨੇ ਇਸ ਸ਼ਕਾਇਤ ਦੀ ਪੜਤਾਲ ਉਪਰੰਤ ਏ.ਐਸ.ਆਈ. ਸਤਵਿੰਦਰ ਸਿੰਘ ਦੇ ਖਿਲਾਫ 20 ਨਵੰਬਰ 2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਬਿਊਰੋ ਰੇਂਜ ਪਟਿਆਲਾ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ। ਬੁਲਾਰੇ ਅਨੁਸਾਰ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਏ.ਐਸ.ਆਈ. ਸਤਗੁਰ ਸਿੰਘ , ਹੌਲਦਾਰ ਗੁਰਜਿੰਦਰ ਸਿੰਘ, ਰਾਜ ਕੁਮਾਰ ਤੇ ਅਧਾਰਿਤ ਟੀਮ ਨੇ ਅੱਜ ਕੇਸ ਦਰਜ ਹੁੰਦਿਆਂ ਹੀ ਸਪੈਸ਼ਲ ਟਾਸਕ ਫੋਰਸ ਦੇ ਇੰਚਾਰਜ ਏ.ਐਸ.ਆਈ. ਸਤਵਿੰਦਰ ਸਿੰਘ ਨੂੰ ੳਸ ਦੇ ਘਰ ਤੋਂ ਹੀ ਗਿਰਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀ ਥਾਣੇਦਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ, ਅਗਲੀ ਕਾਨੂੰਨੀ ਪ੍ਰਕਿਰਿਆ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।