ਹਰਪ੍ਰੀਤ ਕੌਰ ਬਬਲੀ, ਸੰਗਰੂਰ, 7 ਨਵੰਬਰ 2023
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ 2022 ਵਿੱਚ ਜਾਰੀ ਕੀਤੇ “ਕਾਗਜ਼ੀ ਨੋਟੀਫਿਕੇਸ਼ਨ” ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉ ਦਾ ਤਿਉ ਲਟਕਿਆ ਹੋਇਆ ਹੈ। ਜਿਸਦੇ ਖ਼ਿਲਾਫ਼ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀਆਂ ਸੰਗਰੂਰ ਅਤੇ ਭਵਾਨੀਗੜ੍ਹ ਇਕਾਈਆ ਦੇ ਸੰਯੁਕਤ ਸੱਦੇ ਤੇ ਐੱਨ ਪੀ. ਐੱਸ. ਮੁਲਾਜ਼ਮਾਂ ਵੱਲੋਂ ਸੂਬਾ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਵਿੱਚ ਐੱਮ ਐੱਲ ਏ ਨਰਿੰਦਰ ਕੌਰ ਭਰਾਜ ਨੂੰ 19 ਨਵੰਬਰ ਦੀ ਸੰਗਰੂਰ ਵਿਖੇ ਕੀਤੀ ਜਾਣ ਵਾਲੀ “ਪੈਨਸ਼ਨ ਪ੍ਰਾਪਤੀ ਰੈਲੀ” ਦਾ ਸੰਘਰਸ਼ੀ ਪੱਤਰ ਅਤੇ ਚਿਤਾਵਨੀ ਪੱਤਰ ਸੌਂਪਿਆ ਗਿਆ।
ਇਸ ਮੌਕੇ ਐੱਨ. ਪੀ. ਐੱਸ. ਮੁਲਾਜ਼ਮਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੇਵਲ ਕਾਗਜੀ ਜੁਮਲਾ ਸਾਬਿਤ ਹੋਇਆ ਹੈ ਅਤੇ ਇਸ ਨਾਲ ਪੰਜਾਬ ਦੇ ਇੱਕ ਵੀ ਐੱਨ. ਪੀ. ਐੱਸ. ਮੁਲਾਜ਼ਮ ‘ਤੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੋ ਸਕੀ ਹੈ। ਪੰਜਾਬ ਸਰਕਾਰ ਵੱਲੋਂ ਐੱਸ.ਓ.ਪੀ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਦੀ ਅਗਵਾਈ ਵਿੱਚ ਗਠਿਤ ਕੀਤੀ ਸਬ ਕਮੇਟੀ ਇੱਕ ਸਾਲ ਬੀਤਣ ਦੇ ਬਾਵਜੂਦ ਵੀ ਹੁਣ ਤੱਕ ਪੁਰਾਣੀ ਪੈਨਸ਼ਨ ਦਾ ਵਿਧੀ ਵਿਧਾਨ ਜਾਰੀ ਕਰਨ ਵਿੱਚ ਨਾਕਾਮ ਸਾਬਿਤ ਹੋਈ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਅਮਨ ਵਿਸ਼ਿਸ਼ਟ, ਕਰਮਜੀਤ ਨਦਾਮਪੁਰ, ਦੀਨਾ ਨਾਥ ਅਤੇ ਕੁਲਵੰਤ ਸਿੰਘ ਖਨੌਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਦੇ ਮੁੱਦੇ ਤੇ ਕੇਵਲ ਚੁਣਾਵੀ ਪ੍ਰੋਪੇਗੰਡਾ ਕਰ ਰਹੀ ਹੈ ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਪੰਜਾਬ ਵਿੱਚ ਮੁਲਾਜ਼ਮਾਂ ਦੀ ਨਾ ਹੀ ਐੱਨ.ਪੀ.ਐੱਸ ਕਟੌਤੀ ਹੋਣੀ ਬੰਦ ਹੋਈ ਹੈ ਅਤੇ ਨਾ ਹੀ ਕੋਈ ਜੀ.ਪੀ.ਐੱਫ. ਖ਼ਾਤਾ ਖੋਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੱਧਰ ਦੀਆਂ ਕਮੇਟੀਆਂ ਬਣਾਕੇ ਐੱਨ.ਪੀ.ਐੱਸ ਮੁਲਾਜ਼ਮਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਹੋਰਨਾਂ ਸੂਬਿਆਂ ਵਿੱਚ ਸਿਆਸੀ ਲਾਹਾ ਲੈਣ ਲਈ,ਪੰਜਾਬ ਵਿੱਚ ਕੀਤੀ ਕਥਿਤ ਪੁਰਾਣੀ ਪੈਨਸ਼ਨ ਦੀ ਬਹਾਲੀ, ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਆਗੂਆਂ ਕਮਲਜੀਤ ਸਿੰਘ ਬਨਭੌਰਾ ਅਤੇ ਸੁਖਬੀਰ ਸਿੰਘ ਨੇ ਕਿਹਾ ਗਿਆ ਕਿ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ “ਪੈਨਸ਼ਨ ਪ੍ਰਾਪਤੀ ਰੈਲੀ” ਰਾਹੀਂ ਸਰਕਾਰ ਨੂੰ ਸੰਘਰਸ਼ੀ ਚੁਣੌਤੀ ਦੇਣਗੇ। ਇਸ ਮੌਕੇ ਮੈਡਮ ਗੁਰਮੀਤ ਕੌਰ, ਮੈਡਮ ਮਨਪ੍ਰੀਤ ਕੌਰ, ਲਾਲ ਸਿੰਘ, ਸੁੰਦਰ ਸਿੰਘ, ਕੁਲਵਿੰਦਰ ਸਿੰਘ, ਦੀਪਕ ਕੁਮਾਰ, ਏਕਮ ਸਿੰਘ, ਸੁਖਦੇਵ ਸਿੰਘ ਬਾਲਦ ਅਮਨਦੀਪ ਸ਼ਰਮਾਂ, ਪੁਸ਼ਪਿੰਦਰ ਸਿੰਘ, ਗੁਰਧੀਰ ਸਿੰਘ, ਹੇਮੰਤ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।