ਹਰਿੰਦਰ ਨਿੱਕਾ , ਬਰਨਾਲਾ 7 ਨਵੰਬਰ 2023
ਇਸ ਨੂੰ ਪ੍ਰਸ਼ਾਸ਼ਨ ਦੀ ਲਾਪਰਵਾਹੀ ਸਮਝੋ ,ਕਥਿਤ ਮਿਲੀਭੁਗਤ ਜ਼ਾਂ ਫਿਰ ਸ਼ਹਿਰ ਅੰਦਰ ਸੱਟਾ ਕਿੰਗ ਵਜੋਂ ਸਰਗਰਮ ਤਿੱਕੜੀ ਦੀਆਂ ਤਿਕੜਮਾਂ । ਹਰ ਦਿਨ ਸ਼ਹਿਰ ਅੰਦਰ ਕ੍ਰਿਕਟ ਮੈਚਾਂ ਤੇ ਕਰੋੜਾਂ ਰੁਪਏ ਦਾ ਸੱਟਾ ਲੁਆਇਆ ਜਾ ਰਿਹਾ ਹੈ। ਕ੍ਰਿਕਟ ਬੁੱਕੀ ਤਿੱਕੜੀ ਦੇ ਅੱਡਿਆਂ ਤੇ ਦਿਨ ਭਰ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਕਰੋੜਾਂ ਰੁਪਏ ਦੀ ਜਿੱਤ ਹਾਰ ਦਾ ਹਿਸਾਬ ਕਿਤਾਬ ਅਤੇ ਭੁਗਤਾਨ ਵੱਖ-ਵੱਖ ਥਾਂਵਾ ਉੱਤੇ ਪ੍ਰਸ਼ਾਸ਼ਨ ਦੀ ਨੱਕ ਹੇਠ ਹੋ ਰਿਹਾ ਹੈ। ਦੀਵਾਲੀ ਦੇ ਚਲਦਿਆਂ ਸ਼ਹਿਰ ਦੀ ਸੁਰੱਖਿਆਂ ਬਰਕਰਾਰ ਰੱਖਣ ਲਈ ਚੱਪੇ ਚੱਪੇ ਤੇ ਤਾਇਨਾਤ ਪੁਲਿਸ ਦੀ ਮੁਸਤੈਦੀ ਨੂੰ ਵੀ ਬੁੱਕੀਆਂ ਦੀ ਤਿਕੜੀ ਟਿੱਚ ਹੀ ਸਮਝਦੀ ਹੈ। ਵਰਨਣਯੋਗ ਹੈ ਕਿ ਸ਼ਹਿਰ ਅੰਦਰ ਚਾਲੂ ਵਰ੍ਹੇ ਦੌਰਾਨ ਹੀ ਕ੍ਰਿਕਟ ਮੈਚਾਂ ਦੇ ਬੁੱਕੀਆਂ ਦੀ ਭੇਂਟ ਚੜ੍ਹ ਕੇ ਕਈ ਲੋਕ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ। ਪਰੰਤੂ ਪ੍ਰਸ਼ਾਸ਼ਨ ਦੀ ਚੁੱਪ ਅਤੇ ਸੱਤਾਧਾਰੀਆਂ ਦੇ ਥਾਪੜੇ ਸਦਕਾ, ਸੱਟੇਬਾਜਾਂ ਦੀਆਂ ਪੌਂਬਾਰਾਂ ਹੀ ਹਨ।
ਇਹ ਹੈ ਕ੍ਰਿਕਟ ਬੁੱਕੀਆਂ ਦੀ ਤਿੱਕੜੀ,,
ਕ੍ਰਿਕਟ ਮੈਚਾਂ ਤੇ ਸੱਟਾ ਲਾਉਣ ਵਾਲੇ ਗ੍ਰਾਹਕਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਬੇਸ਼ੱਕ ਬਰਨਾਲਾ ਸ਼ਹਿਰ ਅੰਦਰ ਤਿੰਨ ਚਾਰ ਬੁੱਕੀ ਇਸ ਧੰਦੇ ਨਾਲ ਜੁੜੇ ਹੋਏ ਹਨ। ਪਰੰਤੂ ਬੁੱਕੀਆਂ ਦੀ ਤਿੱਕੜੀ ਕ੍ਰਿਕਟ ਮੈਚਾਂ ਸਮੇਂ ਜਿਆਦਾ ਸਰਗਰਮ ਰਹਿੰਦੀ ਹੈ। ਇੱਨ੍ਹਾਂ ਵਿਅਕਤੀਆਂ ਖਿਲਾਫ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਵਿੱਚ ਕ੍ਰਿਕਟ ਮੈਚਾਂ ਤੇ ਸੱਟਾ ਲਵਾਉਣ ਦੇ ਜ਼ੁਰਮ ਵਿੱਚ ਪੁਲਿਸ ਨੇ ਪਰਚਾ ਦਰਜ ਕਰਕੇ,ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਉਸ ਤੋਂ ਬਾਅਦ ਇਸ ਤਿਕੜੀ ਨੇ ਆਪਣਾ ਠਿਕਾਣਾ ਧੂਰੀ ਤੋਂ ਬਦਲ ਕੇ ਬਰਨਾਲਾ ਸ਼ਹਿਰ ਦੇ ਧਨੌਲਾ ਰੋਡ / ਸੇਖਾ ਰੋਡ/ ਹੰਡਿਆਇਆ ਰੋਡ/ਦਾਣਾ ਮੰਡੀ ਰੋਡ ਨੇੜੇ ਖੁੱਡੀ ਚੁੰਗੀ ਨਾਕਾ ਅਤੇ ਗਿੱਲ ਕਲੋਨੀ ਆਦਿ ਖੇਤਰਾਂ ਨੂੰ ਆਪਣਾ ਪ੍ਰਮੁੱਖ ਕੇਂਦਰ ਬਣਾਇਆ ਗਿਆ ਹੈ। ਇਨ੍ਹਾਂ ਬੁੱਕੀਆਂ ਦੇ ਰਾਹੀਂ ਔਸਤਨ 100/150/200 ਆਈਡੀ ਬਣਾਈਆਂ ਹੋਈਆਂ ਹਨ। ਇੱਕ ਆਈਡੀ ਬਣਾਉਣ ਲਈ ਆਈਡੀ ਯਾਨੀ ਅਮਾਨਤੀ ਰਕਮ ਭਰ ਕੇ ਆਪਣਾ ਖਾਤਾ ਬਣਵਾਉਣ ਵਾਲੇ ਤੋਂ ਇੱਕ ਲੱਖ ਰੁਪਏ ਵਸੂਲਿਆ ਜਾਂਦਾ ਹੈ। ਜਦੋਂਕਿ ਬੁੱਕੀਆਂ ਦੀ ਤਿੱਕੜੀ ਇਹ ਆਈ ਡੀ ਦੇ ਮਾਸਟਰ ਵਜੋਂ ਪ੍ਰਸਿੱਧ ਫਰੀਦਕੋਟ ਇਲਾਕੇ ਵਾਲੇ ਨੂੰ 23 ਤੋਂ 25 ਹਜ਼ਾਰ ਰੁਪਏ ਹੀ ਦਿੰਦੀ ਹੈ । ਕਰੀਬ 75 ਹਜ਼ਾਰ ਰੁਪਏ ਪ੍ਰਤੀ ਆਈਡੀ ਬੁੱਕੀਆਂ ਦੀ ਤਿੱਕੜੀ ਆਪਣੇ ਕੋਲ ਰੱਖਦੀ ਹੈ। ਜਾਣਕਾਰ ਇਹ ਵੀ ਦੱਸਦੇ ਹਨ ਕਿ ਫਰੀਦਕੋਟ ਇਲਾਕੇ ਵਾਲਾ ਆਈਡੀ ਮਾਸਟਰ ,ਕ੍ਰਿਕਟ ਮੈਚਾਂ ਦੇ ਸੱਟੇ ਦੇ ਮੁੱਖ ਸਰਗਨਿਆਂ ਕੋਲ 14 ਤੋਂ 15 ਹਜ਼ਾਰ ਰੁਪਏ ਹੀ ਜਮ੍ਹਾ ਕਰਵਾਉਂਦਾ ਹੈ। ਇਕ ਸਰਸਰੀ ਅਨੁਮਾਨ ਅਨੁਸਾਰ ਹਰ ਬੁੱਕੀ ਪ੍ਰਤੀ ਮਹੀਨਾ 15 ਤੋਂ 20 ਲੱਖ ਰੁਪਏ ਕਮਾਉਂਦਾ ਹੈ। ਯਾਨੀ ਹੁਣ ਤੱਕ ਇਹ ਬੁੱਕੀ ਕਰੋੜਪਤੀ ਬਣ ਚੁੱਕੇ ਹਨ।
ਮੌਜ ਬਹਾਰਾਂ ,ਵੱਡੀਆਂ ਕੋਠੀਆਂ ਤੇ ਮਹਿੰਗੀਆਂ ਕਾਰਾਂ,,
ਸ਼ਹਿਰ ਦੇ ਬੁੱਕੀਆਂ ਦੀ ਤਿੱਕੜੀ ਆਪਣੀਆਂ ਤਿਕੜਮਾਂ ਅਤੇ ਜੁਗਾੜ ਰਾਹੀਂ ਮੌਜ ਬਹਾਰ ਦੀ ਲਗਜ਼ਰੀ ਜਿੰਦਗੀ ਬਸਰ ਕਰ ਰਹੀ ਹੈ । ਇੱਨ੍ਹਾਂ ਵਿੱਚੋਂ ਇੱਕ ਨੇ ਤਾਂ ਧਨੌਲਾ ਅੰਡਰ ਬ੍ਰਿਜ ਦੇ ਨੇੜੇ ਕ੍ਰਿਸ਼ਨ ਢਾਬੇ ਦੇ ਲੱਗਭੱਗ ਸਾਹਮਣੇ ਮਾਰਕਿਟ ਵਿੱਚ ਕਾਫੀ ਪ੍ਰੋਪਰਟੀ ਵੀ ਬਣਾ ਰੱਖੀ ਹੈ। ਇਸੇ ਬੁੱਕੀ ਦਾ ਧਨੌਲਾ ਰੋਡ ਉੱਤੇ ਇੱਕ ਪ੍ਰੋਪਰਟੀ ਸੇਲ ਪ੍ਰਚੇਜ ਦੇ ਦਫਤਰ ਦੀ ਆੜ ਵਿੱਚ ਵੀ ਆਪਣਾ ਠਿਕਾਣਾ ਬਣਾਇਆ ਹੋਇਆ ਹੈ। ਗਿੱਲ ਕਲੋਨੀ ਵਿੱਚ ਇਸ ਦੀ ਆਲੀਸ਼ਾਨ ਕੋਠੀ ਵੀ ਬਣ ਰਹੀ ਹੈ। ਇਸੇ ਤਰਾਂ ਦੀ ਲਗਜ਼ਰੀ ਲਾਈਫ ਬਾਕੀ ਦੋਵੇਂ ਬੁੱਕੀ ਵੀ ਜਿਉਂ ਰਹੇ ਹਨ। ਜਦੋਂਕਿ ਇੱਨ੍ਹਾਂ ਦਾ ਕ੍ਰਿਕਟ ਮੈਚਾਂ ਦਾ ਸੱਟਾ ਲਵਾਉਣ ਤੋਂ ਬਿਨ੍ਹਾਂ ਕੋਈ ਹੋਰ ਕਾਰੋਬਾਰ ਵੀ ਨਹੀਂ ਹੈ। ਬੁੱਕੀਆਂ ਦੀ ਚੌਕੜੀ ਦੇ ਲੱਗਭੱਗ ਸਾਰੇ ਹੀ ਸਰਗਨਿਆਂ ਦੇ ਖਿਲਾਫ ਬਰਨਾਲਾ ਅੰਦਰ ਵੱਖ ਵੱਖ ਸਮਿਆਂ ਦੇ ਕ੍ਰਿਕਟ ਮੈਚਾਂ ਤੇ ਸੱਟਾ ਲਾਉਣ ਦੇ ਜੁਰਮਾਂ ਤਹਿਤ ਕੇਸ ਵੀ ਦਰਜ਼ ਹੁੰਦੇ ਰਹੇ ਹਨ।
ਕ੍ਰਿਕਟ ਮੈਚ ਦੇ ਹਰ ਸ਼ੈਸ਼ਨ ਤੇ ਬੋਲਿਆ ਜਾਂਦੈ ਲੱਖਾਂ ਦਾ ਸੱਟਾ,,,
ਹੁਣ ਯੁੱਗ ਅਧੁਨਿਕ ਹੋ ਚੁੱਕਿਆ ਹੈ, ਅਧੁਨਿਕ ਯੁੱਗ ਦੀ ਤਕਨੀਕ ਦਾ ਸਹਾਰਾ ਬੁੱਕੀ ਵੀ ਲੈ ਰਹੇ ਹਨ। ਪਹਿਲਾਂ ਸੱਟਾ ਲਿਖਿਆ ਜਾਂਦਾ ਸੀ, ਹੁਣ ਗ੍ਰਾਹਕਾਂ ਦੀ ਵਧਦੀ ਗਿਣਤੀ ਕਾਰਣ, ਕ੍ਰਿਕਟ ਮੈਚ ਦੇ ਹਰ ਸ਼ੈਸ਼ਨ ਤੇ ਹੀ ਆਈਡੀ ਵਾਲੇ ਗ੍ਰਾਹਕਾਂ ਵੱਲੋਂ ਲੱਖਾਂ ਰੁਪਏ ਦਾ ਸੱਟਾ ਬੋਲਿਆ ਜਾਂਦਾ ਹੈ। ਇਸ ਦੀ ਰਿਕਾਰਡਿੰਗ ਦੇ ਅਧਾਰ ਤੇ ਬੋਲੇ ਸੱਟੇ ਅਨੁਸਾਰ ਹੀ, ਜਿੱਤ ਹਾਰ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ। ਗ੍ਰਾਹਕਾਂ ਨੂੰ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕਰਨ ਲਈ, ਬੁੱਕੀਆਂ ਨੇ 100 ਦੇ ਕਰੀਬ ਕਮਿਸ਼ਨ ਏਜੰਟ / ਮੁਲਾਜਮ ਵੀ ਰੱਖੇ ਹੋਏ ਹਨ। ਗ੍ਰਾਹਕ ਲਿਆਉਣ ਵਾਲਿਆਂ ਨੂੰ ਵੀ 4/5 ਪ੍ਰਸੈਂਟ ਕਮਿਸ਼ਨ ਦਿੱਤਾ ਜ਼ਾਂਦਾ ਹੈ। ਕਿਉਂਕਿ ਸ਼ਹਿਰ ਦੇ ਕਾਫੀ ਸਫੈਦਪੋਸ਼ ਵਿਅਕਤੀ ਸਿੱਧੇ ਤੌਰ ਤੇ ਕਿਸੇ ਕਿਸਮ ਦੇ ਕੇਸ ਵਿੱਚ ਉਲਝਣ ਦਾ ਜੋਖਮ ਉਠਾਉਣ ਤੋਂ ਬਚਾਅ ਰੱਖਦੇ ਹਨ।
ਯੈੱਸ ਨੋ,,ਤੇ ਟਿਕੀ ਸੱਟੇ ਦੀ ਖੇਡ,,,
ਜਾਣਕਾਰੀ ਮੁਤਾਬਿਕ ਕ੍ਰਿਕਟ ਮੈਚ ਤੇ ਖੇਡਿਆ ਜਾਂਦਾ ਸੱਟਾ, ਯੈੱਸ / ਨੋ ਤੇ ਟਿਕਿਆ ਹੋਇਆ ਹੈ। ਉਦਾਹਰਣ ਦੇ ਤੌਰ ਤੇ ਸ਼ੈਸ਼ਨ ਸ਼ੁਰੂ ਹੁੰਦਿਆਂ ਹੀ, ਅਵਾਜਾਂ ਪੈਂਦੀਆਂ ਹਨ, 68 ਰਣ ਬਣਨਗੇ/ 70 ਨਹੀਂ ਬਣਦੇ। ਇਸ ਅਵਾਜ ਤੇ ਯੈੱਸ / ਨੋ ਹੀ ਬੋਲਿਆ ਜਾਂਦਾ ਹੈ। ਗੇਮ ਮਿੰਟਾਂ ਸਕਿੰਟਾ ਦੀ ਹੀ ਹੁੰਦੀ ਹੈ। ਹਰ ਸ਼ੈਸ਼ਨ ਤੋਂ ਇਲਾਵਾ ਫਾਈਨਲ ਪਾਰੀ ਤੇ , ਮੈਚ ਦੀ ਜਿੱਤ ਹਾਰ ਅਤੇ ਵੱਖ ਵੱਖ ਖਿਡਾਰੀਆਂ ਦੀ ਕਾਰਗੁਜਾਰੀ ਦੇ ਅਧਾਰ ਤੇ ਵੱਖਰਾ ਸੱਟਾ ਲਾਇਆ ਜਾਂਦਾ ਹੈ। ਸੱਟਾ ਤਾਂ ਸੱਟਾ ਹੀ ਹੈ, ਜਿੱਤਣ ਵਾਲਾ ਮਾਲਾਮਾਲ ਤੇ ਹਾਰਨ ਵਾਲਾ ਇੱਕ ਇੱਕ ਮੈਚ ਤੇ ਵੀ ਕੰਗਾਲ ਹੋ ਜਾਂਦਾ ਹੈ। ਪਤਾ ਇਹ ਵੀ ਲੱਗਿਆ ਹੈ ਕਿ ਸੱਟੇ ਦੀ ਖੇਡ ਵਿੱਚ 9 ਨਗਦ/13 ਉਧਾਰ ਦੀ ਤਰਾਂ ਭੁਗਤਾਨ ਵਿੱਚ ਕੋਈ ਦੇਰੀ ਵੀ ਨਹੀਂ ਕੀਤੀ ਜਾਂਦੀ। ਬੁੱਕੀਆਂ ਦੀਆਂ ਗੱਡੀਆਂ ਵਿੱਚ ਲੱਖਾਂ/ਕਰੋੜਾਂ ਰੁਪਏ ਦੇ ਨੋਟ ਜਮ੍ਹਾ ਰੱਖੇ ਜਾਂਦੇ ਹਨ। ਕ੍ਰਿਕਟ ਮੈਚਾਂ ਦਾ ਮੁੱਖ ਸਰਗਨਾ ਹਫਤੇ ਵਿੱਚ ਦੋ ਦਿਨ ਭੁਗਤਾਨ ਕਰਨ ਲਈ, ਬਰਨਾਲਾ ਜਾਂ ਕਿਸੇ ਹੋਰ ਸੁਰੱਖਿਅਤ ਠਿਕਾਣੇ ਤੇ ਅੱਪੜਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਕਰੋੜਾਂ ਰੁਪਏ ਦੀ ਹਰ ਦਿਨ ਤੇ ਹਰ ਪਲ ਹੁੰਦੀ ਜਿੱਤ ਹਾਰ ਦੇ ਇਸ ਗੈਰਕਾਨੂੰਨੀ ਧੰਦੇ ਨੂੰ ਵਧਣ ਫੁੱਲਣ ਦਾ ਮੌਕਾ ਪ੍ਰਸ਼ਾਸ਼ਨ ਦੀ ਧਾਰੀ ਚੁੱਪ ਅਤੇ ਸੱਤਾਧਾਰੀ ਧਿਰ ਦੀ ਸ੍ਰਪਰਸਤੀ ਹੀ ਦਿੰਦੀ ਹੈ। ਦੇਵੇ ਵੀ ਕਿਉਂ ਨਾ, ਜਦੋਂ ਲੀਡਰਾਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਕਾਰਾਂ ਵਗਾਰਾਂ ਇਲਾਕੇ ਦੇ ਬੁੱਕੀ ਹੀ ਭਰਦੇ ਹਨ।