ਹਰਪ੍ਰੀਤ ਕੌਰ ਬਬਲੀ, ਸੰਗਰੂਰ, 03 ਨਵੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਹੁਕਮਾਂ ਮੁਤਾਬਿਕ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਵਫਦ ਵੱਲੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂਅ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮੰਗ ਪੱਤਰ ਸੌਂਪ ਕਿ 13 ਸਾਲ ਬਾਅਦ ਹੋ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਸੰਬੰਧੀ ਵੋਟਾਂ ਪੈਣ ਦੀ ਤਾਰੀਖ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਗਈ |
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਇਹ ਮੰਗ ਪੱਤਰ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ, ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਪਾਲ ਕੌਰ, ਦਫਤਰ ਇੰਚਾਰਜ ਕੁਲਵੰਤ ਸਿੰਘ ਲੱਡੀ, ਸ਼ਹਿਰੀ ਪ੍ਰਧਾਨ ਸੁਖਵਿੰਦਰ ਸਿੰਘ,ਹਰਪ੍ਰੀਤ ਸਿੰਘ ਸੰਗਰੂਰ, ਯੂਥ ਆਗੂ ਹਰਸ਼ਦੀਪ ਸਿੰਘ ਚਹਿਲ, ਰਾਮ ਆਸਰਾ ਸਿੰਘ ਮਾਝੀ ਸਮੇਤ ਹੋਰ ਆਗੂਆਂ ‘ਤੇ ਅਧਾਰਿਤ ਵਫਦ ਵੱਲੋਂ ਸੌਂਪਿਆ ਗਿਆ | ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਡੇ ਦੇਸ਼ ਦਾ ਵਿਧਾਨ ਜਮਹੂਰੀਅਤ ਦੀ ਜੋਰਦਾਰ ਪੈਰਵੀ ਕਰਦਾ ਹੈ, ਜਿਸ ਕਰਕੇ ਹਰ ਤਰ੍ਹਾਂ ਦੀਆਂ ਚੋਣ ਨਿਰਧਾਰਤ 5 ਸਾਲ ਬਾਅਦ ਕਰਵਾਈਆਂ ਜਾਂਦੀਆਂ ਹਨ ਪਰ ਅਫਸੋਸ ਦੀ ਗੱਲ ਹੈ ਕਿ ਗੁਰਦੁਆਰਾ ਐਕਟ ਤਹਿਤ 1925 ਤੋਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਲੰਬਾ ਲੰਬਾ ਸਮਾਂ ਨਹੀਂ ਕਰਵਾਈਆਂ ਜਾਂਦੀਆਂ | 1947 ਵਿੱਚ ਦੇਸ਼ ਦੀ ਆਜਾਦੀ ਤੋਂ ਬਾਅਦ ਦੇਸ਼ ਦੀ ਪਾਰਲੀਮੈਂਟ ਦੀਆਂ ਚੋਣਾਂ ਵੀ 17 ਵਾਰ ਹੋ ਚੁੱਕੀਆਂ ਹਨ, ਜਦੋਂਕਿ ਐਸਜੀਪੀਸੀ ਦੀਆਂ ਚੋਣਾਂ 1925 ਤੋਂ ਲੈ ਕੇ ਹੁਣ ਤੱਕ ਮਸਾਂ 8 ਵਾਰ ਕਰਵਾਈਆਂ ਗਈਆਂ ਹਨ |
ਹੁਣ ਤੱਕ ਸੱਤਾ ‘ਤੇ ਕਾਬਜ ਰਹੀ ਕਿਸੇ ਵੀ ਪਾਰਟੀ ਨੇ ਸਿੱਖ ਕੌਮ ਦੇ ਲੰਬੇ ਸਮੇਂ ਤੋਂ ਕੁਚਲੇ ਜਾ ਰਹੇ ਜਮਹੂਰੀਅਤ ਦੇ ਹੱਕ ਨੂੰ ਬਹਾਲ ਕਰਵਾਉਣ ਲਈ ਸਹੀ ਜਿੰਮੇਵਾਰੀ ਨਹੀਂ ਨਿਭਾਈ | ਹੁਣ ਜਦੋਂ ਸਿੱਖ ਕੌਮ ਦੀ ਆਵਾਜ ਬੁਲੰਦ ਹੋਣ ਉਪਰੰਤ ਕੇਂਦਰੀ ਗ੍ਰਹਿ ਵਿਭਾਗ ਵੱਲੋਂ ਗੁਰਦੁਆਰਾ ਸਾਹਿਬ ਦੇ ਚੋਣ ਕਮਿਸ਼ਨ ਨੂੰ ਸਿੱਖਾਂ ਦੀਆਂ ਨਵੀਆਂ ਵੋਟਾ ਬਨਾਉਣ, ਵੋਟ ਸੂਚੀ ਤਿਆਰ ਕਰਨ ਅਤੇ ਚੋਣਾਂ ਕਰਵਾਉਣ ਨੂੰ 13 ਸਾਲ ਬਾਅਦ ਹਰੀ ਝੰਡੀ ਦੇ ਦਿੱਤੀ ਹੈ ਤਾਂ ਚੋਣਾਂ ਦੀ ਤਾਰੀਖ ਸੰਬੰਧੀ ਵੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ, ਤਾਂ ਜੋਸਿੱਖ ਕੌਮ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਚੋਣਾਂ ਦੀ ਤਾਰੀਖ ਸੰਬੰਧੀ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ | ਆਗੂਆਂ ਨੇ ਉਮੀਦ ਪ੍ਰਗਟਾਈ ਕਿ ਗ੍ਰਹਿ ਵਿਭਾਗ ਵੱਲੋਂ ਜਲਦੀ ਹੀ ਐਸਜੀਪੀਸੀ ਦੀਆਂ ਚੋਣਾਂ ਦੀ ਤਾਰੀਖ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਯੂ.ਟੀ. ਤੇ ਹਿਮਾਸਲ ਵਿੱਚ ਜਿੱਥੇ ਐਸਜੀਪੀਸੀ ਦਾ ਇੱਕ-ਇੱਕ ਹਲਕਾ ਹੈ, ਉੱਥੇ ਹੀ ਵੋਟਾ ਬਨਾਉਣ ਲਈ ਅਤੇ ਅਗਲੀ ਪ੍ਰਕਿਰਿਆ ਲਈ ਅਮਲ ਸ਼ੁਰੂ ਕਰਵਾਓਗੇ |