Skip to content
- Home
- ਗੁੱਝੀਆਂ ਗੱਲਾਂ-ਐਸਪੀ ਲੈਂਦਾ ਰਿਹਾ ਨਸ਼ਾ ਕਿੰਗ ਰਿੰਕੂ ਮਿੱਤਲ ਦੀ ਗੱਡੀ ,ਚ ਝੂਟੇ,,
Advertisement

- ਐਸਐਸਪੀ ਗੋਇਲ ਨੇ ਕਿਹਾ,, ਸਭ ਫੜ੍ਹੇ ਜਾਣਗੇ ਬਈ, ਸਭ ਫੜ੍ਹੇ ਜਾਣਗੇ

ਬਰਨਾਲਾ ਟੂਡੇ ਬਿਊਰੋ,
ਬਰਨਾਲਾ ਦੀ ਜਿਲ੍ਹੇ ਦੀ ਪਿੱਚ ਐਸਐਸਪੀ ਸੰਦੀਪ ਗੋਇਲ ਨੂੰ ਹੁਣ ਤੱਕ ਸਭ ਤੋਂ ਵਧੇਰੇ ਰਾਸ ਆਈ ਹੈ। ਜਦੋਂ ਤੋਂ ਉਨ੍ਹਾਂ ਦੇ ਹੱਥ ਬੈਟਿੰਗ ਲਈ ਬੱਲਾ ਆਇਆ ਤਾਂ ਉੱਨ੍ਹਾਂ ਨੇ ਕ੍ਰਿਕਟਰ ਯੁਵਰਾਜ ਉਰਫ ਯੁਵੀ ਦੀ ਤਰਾਂ ਹੀ ਇੱਕ ਉਵਰ ਦੀਆਂ 6 ਦੀਆਂ 6 ਗੇਂਦਾਂ ਤੇ ਹੀ ਛਿੱਕੇ ਲਾ ਕੇ ਪੰਜਾਬ ਦੀ ਹੋਰ ਜਿਲ੍ਹਿਆਂ ਦੀ ਪੁਲਿਸ ਨੂੰ ਐਨੀ ਵੱਡੀ ਚੁਣੌਤੀ ਪੇਸ਼ ਕਰ ਦਿੱਤੀ ਕਿ ਸ੍ਰੀ ਗੋਇਲ ਦੇ ਰਿਕਾਰਡ ਨੂੰ ਤੋੜਨਾ, ਹਰ ਕਿਸੇ ਦੇ ਵੱਸ ਦੀ ਗੱਲ ਨਹੀ ਰਿਹਾ। ਸਫਲਤਾ ਦੀ ਖੁਸ਼ੀ ਚ, ਝੂਮ ਰਹੇ ਐਸਐਸਪੀ ਸੰਦੀਪ ਗੋਇਲ ਨੇ ਸੋਮਵਾਰ ਨੂੰ ਆਪਣੇ ਦਫਤਰ ਵਿੱਚ ਕੀਤੀ ਪ੍ਰੈਸ ਵਾਰਤਾ ਵਿੱਚ ਪੱਤਰਕਾਰਾਂ ਦੇ ਕੁਝ ਤਿੱਖੇ ਤੇ ਗੁੱਝੇ ਸਵਾਲਾ ਦਾ ਇੱਕੋ ਜਵਾਬ ,ਪਰਮੀਸ਼ ਵਰਮਾ ਦੇ ਪ੍ਰਸਿੱਧ ਗੀਤ ਦੇ ਬੋਲਾਂ ਨਾਲ ਕੁਝ ਇਉਂ ਦਿੱਤਾ, ਸਭ ਫੜ੍ਹੇ ਜਾਣਗੇ ਬਈ, ਸਭ ਫੜ੍ਹੇ ਜਾਣਗੇ। ਗੱਲ ਭਾਂਵੇ ਉਨ੍ਹਾਂ ਮਜਾਕੀਆ ਅੰਦਾਜ ਵਿੱਚ ਹੀ ਕਹੀ, ਪਰ ਉਨ੍ਹਾਂ ਦੇ ਮੂੰਹੋਂ ਇਹ ਗੱਲ ਜੱਚਦੀ ਵੀ ਹੈ। ਕਿਉਂਕਿ ਪਿਛਲੇ ਦਸ ਵਰ੍ਹਿਆਂ ਚ, ਰਿੰਕੂ ਮਿੱਤਲ ਦਾ ਕਾਰੋਬਾਰ ਅਮਰਵੇਲ ਦੀ ਤਰਾਂ ਵੱਧਦਾ ਹੀ ਗਿਆ ਹੈ। ਉਸ ਨੂੰ ਫੜ੍ਹਨਾ ਤਾਂ ਦੂਰ, ਕਿਸੇ ਨੇ ਉਸ ਵੱਲ ਸ਼ੱਕ ਦੀ ਉਂਗਲ ਵੀ ਨਹੀ ਸੀ ਚੁੱਕੀ। ਭਾਂਵੇ ਐਸਐਸਪੀ ਸੰਦੀਪ ਗੋਇਲ ਖੁਦ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਦੀ ਰਿਕਵਰੀ ਦਾ ਸਿਹਰਾ ਆਪਣੀ ਪੂਰੀ ਟੀਮ ਦੇ ਸਿਰ ਬੰਨ੍ਹਦੇ ਨਹੀਂ ਥੱਕਦੇ, ਪਰ
ਯਹ ਪਬਲਿਕ ਹੈ, ਸਭ ਜਾਣਤੀ ਹੈ, ਕਿ ਜਿਲ੍ਹੇ ਦਾ ਇੱਕ ਐਸਪੀ ਰੈਂਕ ਦਾ ਅਧਿਕਾਰੀ ਵੀ ਸਾਈਕੋਟਰੋਪਿਕ ਨਸ਼ਾ ਸਮਗਲਿੰਗ ਰੈਕਟ ਦੇ ਮੁਖੀ ਰਿੰਕੂ ਮਿੱਤਲ ਦੀਆਂ ਗੱਡੀਆਂ ਵਿੱਚ ਝੂਟੇ ਤੇ ਮੋਟੀਆਂ ਵਗਾਰਾਂ ਲੈਂਦਾ ਰਿਹਾ। ਭਾਂਵੇ ਇਹ ਗੱਲ ਵੀ ਕਹੀ ਜਾਂਦੀ ਹੈ ਕਿ ਜਦੋਂ ਤੱਕ ਰਿੰਕੂ ਨਸ਼ਾ ਤਸਕਰ ਦੇ ਰੂਪ ਚ, ਸਾਹਮਣੇ ਨਹੀਂ ਸੀ ਆਇਆ, ਉਦੋਂ ਤੱਕ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਵਿਅਕਤੀ ਉਸ ਦੀਆਂ ਸਿੱਖਿਆ ਸੰਸਥਾਵਾਂ ਕਰਕੇ ਵੀ ਉਸ ਦੇ ਸੰਪਰਕ ਵਿੱਚ ਆਉਂਦੇ ਰਹੇ। ਪਰ ਲੋਕਾਂ ਦੇ ਮਨਾਂ ਚ, ਸਵਾਲ ਇਹ ਵੀ ਉੱਠਦਾ ਹੈ ਕਿ ਹੁਣ ਇਹੋ ਜ਼ਿਹੀ ਕਿਹੜੀ ਗਿੱਦੜਸਿੰਗੀ ਪੁਲਿਸ ਦੇ ਹੱਥ ਲੱਗ ਗਈ, ਜਿਸ ਨਾਲ ਇੱਕ ਦਮ ਹੀ ਰਿੰਕੂ ਦਾ ਤੇ ਇਲਾਕੇ ਵਿੱਚ ਹੀ ਸ਼ਰੇਆਮ ਘੁੰਮਦੇ ਫਿਰਦੇ ਉਸ ਦੇ ਤਸਕਰ ਸਾਥੀਆਂ ਦਾ ਸੁਰਾਗ ਹੱਥ ਲੱਗ ਗਿਆ।
-ਪਹਿਲਾਂ ਲੁੱਟਦੇ ਰਹੇ, ਹੁਣ ਕੁੱਟਦੇ ਰਹੇ,,
ਦਵਾਈਆਂ ਦੀ ਪ੍ਰਸਿੱਧ ਫਰਮ ਬੀਰੂ ਰਾਮ ਠਾਕੁਰ ਦਾਸ ਦੇ ਸੰਚਾਲਕ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦਾ ਸ਼ਰਾਫਤ ਦੀ ਆੜ ਚ, ਲੁੱਕਿਆ ਚਿਹਰਾ ਬੇਨਕਾਬ ਹੁੰਦਿਆਂ ਹੀ ਉਹ ਹੀਰੋ ਤੋਂ ਇੱਕ ਦਮ ਵਿਲੀਅਨ ਬਣ ਗਿਆ ਹੈ। ਹਰ ਕੋਈ ਉਸ ਨੂੰ ਨਫਰਤ ਦੀਆਂ ਨਜ਼ਰਾਂ ਨਾਲ ਵੇਖਦਾ ਹੈ, ਦੇਖੇ ਵੀ ਕਿਉਂ ਨਾ, ਪੁਲਿਸ ਦੀਆਂ ਫਾਇਲਾਂ ਤੇ ਦਾਅਵਿਆਂ ਮੁਤਾਬਿਕ ਜਦੋਂ ਉਹ ਨਸ਼ਿਆਂ ਦੀ ਤਸਕਰੀ ਕਰਕੇ ਲੋਕਾਂ ਦੇ ਧੀਆਂ-ਪੁੱਤਰਾਂ ਦੀਆਂ ਲੋਥਾਂ ਤੇ ਆਪਣੇ ਮਹਿਲ ਉਸਾਰਨ ਦੀਆਂ ਵਿਉਂਤਾਂ ਘੜ੍ਹਦਾ ਰਿਹਾ ਹੈ।
ਜੇਲ੍ਹ ਅੰਦਰ ਰਿੰਕੂ ਮਿੱਤਲ ਮਿਲਣ ਗਏ ਉਹਦੇ ਕਰੀਬੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਉਹ ਜੇਲ੍ਹ ਅੰਦਰ ਡਾਹਢਾ ਦੁਖੀ ਹੈ ਕਿ ਉਸ ਦਾ ਦਰਦ ਤੇ ਦਾਸਤਾਨ ਸੁਣਨ ਵਾਲਾ ਕੋਈ ਨਹੀ ਹੈ। ਉਸ ਨੇ ਆਪਣੇ ਇੱਕ ਕਰੀਬੀ ਕੋਲ ਢਿੱਡ ਫਰੋਲਦਿਆਂ ਕਿਹਾ ਕਿ ਮੈਂ ਕਸੂਰ ਕੀਤਾ, ਮੈਨੂੰ ਸਜ਼ਾ ਵੀ ਮਿਲ ਰਹੀ ਹੈ। ਪਰ ਉਸ ਨੂੰ ਝੋਰਾ ਇਸ ਗੱਲ ਦਾ ਵੀ ਹੈ ਕਿ ਜਿਹੜੇ ਪਹਿਲਾਂ ਉਸ ਨੂੰ ਵਗਾਰਾਂ ਲੈ ਕੇ ਲੁੱਟਦੇ ਰਹੇ, ਉਹੀ ਹੁਣ ਬੁਰਾ ਵਖਤ ਆਉਣ ਤੇ ਉਸ ਨੂੰ ਕੁੱਟਦੇ ਰਹੇ, ਰਿੰਕੂ ਦਾ ਇਸ਼ਾਰਾ ਕਿੱਧਰ ਹੈ, ਇਹ ਤੇ ਉਹੀ ਬੇਹਤਰ ਜਾਣਦਾ ਹੋਵੇਗਾ, ਪਰ ,ਐਸਐਸਪੀ ਦੀ ਪ੍ਰੈਸ ਕਾਨਫਰੰਸ ਵਿੱਚ ਗੀਤ ਦੀਆਂ ਲਾਈਨਾਂ ਦੇ ਰੂਪ ਚ, ਕਹੀ ਇਹ ਗੱਲ, ਸਭ ਫੜ੍ਹੇ ਜਾਣਗੇ ਬਈ, ਵੀ ਕੁਝ ਹੋਰ ਵੱਡੀ ਕਾਰਵਾਈ ਹੋਣ ਵੱਲ ਸੰਕੇਤ ਜਰੂਰ ਕਰ ਰਹੀ ਹੈ। ਲੋਕਾਂ ਨੂੰ ਸ੍ਰੀ ਗੋਇਲ ਦੀ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਉ ਚ, ਬੋਲੀਆਂ ਗੱਲਾਂ ਕਿ , ਸਾਡੀਆਂ ਕਾਲੀਆਂ ਭੇਡਾਂ ਨੂੰ ਵੀ ਬਖਸ਼ਿਆ ਨਹੀ ਜਾਵੇਗਾ ਤੇ ਅਮਲੀ ਜਾਮਾ ਪਹਿਣਾਉਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਤਾਂ ਸਮੇਂ ਦੇ ਗਰਭ ਵਿੱਚ ਛੁਪਿਆ ਸਵਾਲ ਹੈ, ਜੋ ਸਮਾਂ ਆਉਣ ਤੇ ਹੀ ਮਿਲੇਗਾ।
Advertisement

Advertisement

Advertisement

Advertisement

error: Content is protected !!