ਅਸ਼ੋਕ ਵਰਮਾ, ਬਠਿੰਡਾ 23 ਅਕਤੂਬਰ 2023
ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚ ਦੋ ਪਲਾਟ ਖਰੀਦਣ ਦੇ ਮਾਮਲੇ ਨੂੰ ਲੈ ਕੇ ਵਿਜੀਲੈਂਸ ਦਾ ਜਾਂਚ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਮੌਜੂਦਾ ਭਾਰਤੀ ਜਨਤਾ ਪਾਰਟੀ ਆਗੂ ਮਨਪ੍ਰੀਤ ਬਾਦਲ ਨੇ ਆਪਣੀ ਪਿੱਠ ਦਰਦ ਦੇ ਹਵਾਲੇ ਨਾਲ ਵਿਜੀਲੈਂਸ ਤੋਂ 10 ਦਿਨ ਲਈ ਨਿੱਜੀ ਪੇਸ਼ੀ ਵਾਸਤੇ ਛੋਟ ਮੰਗੀ ਹੈ। ਹਾਈ ਕੋਰਟ ਤੋਂ ਅੰਤਰਿਮ ਜਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਵਿੱਤ ਮੰਤਰੀ ਨੂੰ ਪਹਿਲੀ ਵਾਰ ਸੰਮਣ ਜਾਰੀ ਕਰਕੇ ਸੋਮਵਾਰ ਨੂੰ 10 ਵਜੇ ਜਾਂਚ ਵਿੱਚ ਸ਼ਾਮਿਲ ਹੋਣ ਲਈ ਸੱਦਿਆ ਗਿਆ ਸੀ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ’ਚ ਨਾਮਜਦ ਦੂਸਰੇ ਮੁਲਜਮਾਂ ਕੋਲੋਂ ਪੁੱਛਗਿੱਛ ਦੌਰਾਨ ਵਿਜੀਲੈਂਸ ਦੇ ਹੱਥ ਕਈ ਅਹਿਮ ਤੱਥ ਲੱਗੇ ਹਨ ਜਿਸ ਕਰ ਕੇ ਮਨਪ੍ਰੀਤ ਬਾਦਲ ਨੂੰ ਤਲਬ ਕੀਤਾ ਗਿਆ ਸੀ।
ਸਾਬਕਾ ਵਿੱਤ ਮੰਤਰੀ ਖੁਦ ਤਾਂ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਪਰ ਉਨ੍ਹਾਂ ਦੇ ਵਕੀਲ ਨੇ ਅੱਜ ਉਨਾਂ ਦਾ ਪਾਸਪੋਰਟ ਅਤੇ ਪੀਜੀਆਈ ਦੇ ਡਾਕਟਰਾਂ ਵੱਲੋਂ ਜਾਰੀ ਕੀਤਾ ਮੈਡੀਕਲ ਸਰਟੀਫਿਕੇਟ ਵੀ ਵਿਜੀਲੈਂਸ ਹਵਾਲੇ ਕੀਤਾ ਜਿਸ ਵਿੱਚ ਇੱਕ ਹਫਤਾ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਦੱਸੀ ਜਾ ਰਹੀ ਹੈ। ਸਾਬਕਾ ਵਿੱਤ ਮੰਤਰੀ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਦਾ ਕਹਿਣਾ ਸੀ ਕਿ ਮਨਪ੍ਰੀਤ ਬਾਦਲ ਦੀ ਪਿੱਠ ਵਿੱਚ ਪਿਛਲੇ ਲੰਮੇ ਸਮੇਂ ਤੋਂ ਕਾਫ਼ੀ ਦਰਦ ਰਿਹਾ ਹੋ ਰਿਹਾ ਹੈ ਜਿਸ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹਨ। ਉਨ੍ਹਾਂ ਦੱਸਿਆ ਕਿ ਇਸ ਕਾਰਨ ਹੀ ਸਾਬਕਾ ਵਿੱਤ ਮੰਤਰੀ ਨੂੰ ਨਿੱਜੀ ਪੇਸ਼ੀ ਤੋਂ ਛੋਟ ਦੇਣ ਲਈ ਉਨ੍ਹਾਂ ਮੈਡੀਕਲ ਰਿਕਾਰਡ ਵਿਜੀਲੈਂਸ ਨੂੰ ਸੌਂਪਿਆ ਹੈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਬਾਦਲ ਦਾ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਚੱਲ ਰਿਹਾ ਹੈ ਜਿਸ ਕਰਕੇ ਉਹ ਅੱਜ ਪੇਸ਼ ਨਹੀਂ ਹੋ ਸਕੇ।
ਦੂਜੇ ਪਾਸੇ ਵਿਜੀਲੈਂਸ ਮਨਪ੍ਰੀਤ ਬਾਦਲ ਵੱਲੋਂ ਪੇਸ਼ ਕੀਤੇ ਮੈਡੀਕਲ ਰਿਕਾਰਡ ਦੀ ਪੜਤਾਲ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਵਿਜੀਲੈਂਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅੱਜ ਤਫਤੀਸ਼ ਵਿੱਚ ਸ਼ਾਮਿਲ ਹੋਣ ਲਈ ਤਲਬ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਉਹ ਖੁਦ ਨਹੀਂ ਪੇਸ਼ ਹੋਏ ਪਰ ਉਨ੍ਹਾਂ ਆਪਣੇ ਵਕੀਲ ਰਾਹੀਂ ਆਪਣਾ ਮੈਡੀਕਲ ਸਰਟੀਫਿਕੇਟ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉੱਚ ਅਧਿਕਾਰੀਆਂ ਅਤੇ ਕਾਨੂੰਨੀ ਮਾਹਿਰਾਂ ਦੀ ਸਲਾਹ ਲੈਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਸਿੱਧੇ ਤੌਰ ਤੇ ਵਿਜੀਲੈਂਸ ਅਧਿਕਾਰੀਆਂ ਨੇ ਇਸ ਮੁੱਦੇ ਤੇ ਕੁੱਝ ਵੀ ਨਹੀਂ ਕਿਹਾ ਪਰ ਅੰਦਰੋਂ ਨਿਕਲ ਕੇ ਆਈ ਜਾਣਕਾਰੀ ਮੁਤਾਬਿਕ ਮੈਡੀਕਲ ਸਰਟੀਫਿਕੇਟ ਦੀ ਸੱਚਾਈ ਜਾਨਣ ਲਈ ਇੱਕ ਮੈਡੀਕਲ ਬੋਰਡ ਵੀ ਬਣਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਬੀਤੀ 24 ਸਤੰਬਰ ਨੂੰ ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ, ਕਾਰੋਬਾਰੀ ਰਾਜੀਵ ਕੁਮਾਰ ਵਿਕਾਸ ਕੁਮਾਰ ਅਤੇ ਸ਼ਰਾਬ ਦੇ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਧਾਰਾ 409, 420, 467, 468, 471, 120 5ਬੀ, 66 ਸੀ ਆਈਟੀ ਐਕਟ ਤਹਿਤ ਕੇਸ ਦਰਜ ਕਰ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਮਨਪ੍ਰੀਤ ਬਾਦਲ ਲਗਾਤਾਰ ਰੂਪੋਸ਼ ਚੱਲੇ ਆ ਰਹੇ ਸਨ ਅਤੇ ਵਿਜੀਲੈਂਸ ਗ੍ਰਿਫਤਾਰ ਕਰਨ ਲਈ ਛਾਪੇ ਮਾਰ ਰਹੀ ਸੀ। ਮਨਪ੍ਰੀਤ ਬਾਦਲ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਹੋਇਆ ਸੀ ਅਤੇ ਵਰੰਟ ਵੀ ਜਾਰੀ ਕੀਤੇ ਗਏ ਸਨ।
ਇਸ ਦੌਰਾਨ ਅਗਾਂਊ ਜਮਾਨਤ ਦੀ ਅਰਜੀ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੁੱਝ ਦਿਨ ਪਹਿਲਾਂ ਉਹਨਾਂ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਅਤੇ ਵਿਜੀਲੈਂਸ ਵਿੱਚ ਜਾਂਚ ਵਿੱਚ ਸ਼ਾਮਿਲ ਹੋਣ ਦੇ ਆਦੇਸ਼ ਦਿੱਤੇ ਸਨ।ਵਿਜੀਲੈਂਸ ਕੇਸ ਅਨੁਸਾਰ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਵਿੱਤ ਮੰਤਰੀ ਹੁੰਦਿਆਂ ਆਪਣਾ ਪ੍ਰਭਾਵ ਵਰਤਦਿਆਂ ਸਾਲ 2021 ਵਿੱਚ ਸ਼ਹਿਰ ਦੇ ਮਾਡਲ ਟਾਊਨ ਖੇਤਰ ’ਚ 1560 ਗਜ਼ ਦੇ ਦੋ ਪਲਾਟ ਖ਼ਰੀਦੇ ਸਨ। ਇਸ ਕੇਸ ਵਿੱਚ ਨਾਮਜ਼ਦ ਤਿੰਨ ਮੁਲਜ਼ਮਾਂ ਨੂੰ ਵਿਜੀਲੈਂਸ ਗ੍ਰਿਫ਼ਤਾਰ ਕਰ ਚੁੱਕੀ ਹੈ ਜਦੋਂਕਿ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ਼ ਕਾਲੀਆ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੋਈ ਹੈ। ਜੇਲ੍ਹ ਵਿੱਚ ਬੰਦ ਰਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨੇ ਵੀ ਅਦਾਲਤ ਤੋਂ ਰੈਗੂਲਰ ਜਮਾਨਤ ਦੀ ਮੰਗ ਕੀਤੀ ਹੋਈ ਹੈ।