ਇਹ ਨੇ ਉਹ ਕਬੱਡੀ ਖਿਡਾਰੀ, ਜਿੰਨ੍ਹਾਂ ਨੇ ਲਈ ਹੌਲਦਾਰ ਦੀ ਜਾਨ…..!

Advertisement
Spread information

ਹਰਿੰਦਰ ਨਿੱਕਾ , ਬਰਨਾਲਾ 23 ਅਕਤੂਬਰ 2023 

   ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਨਾਲ ਸ਼ਹਿਰ ਦੇ ਪਟਿਆਲਾ ਚਿਕਨ ਕੌਰਨਰ ਰੈਸਟੋਰੈਂਟ ਤੇ ਲੰਘੀ ਰਾਤ ਰੈਸਟੋਰੈਂਟ ਮਾਲਿਕ ਨਾਲ ਹੋਈ ਲੜਾਈ ਉਪਰੰਤ ਮੌਕਾ ਵਾਰਦਾਤ ਤੇ ਪਹੁੰਚੇ ਪੁਲਿਸ ਹੌਲਦਾਰ ਦਰਸ਼ਨ ਸਿੰਘ ਦੀ ਹੱਤਿਆ ਕਰਨ ਵਾਲੇ ਚਾਰੋਂ ਕਬੱਡੀ ਖਿਡਾਰੀਆਂ ਨੇ ਜਿੱਥੇ ਹੌਲਦਾਰ ਦਰਸ਼ਨ ਸਿੰਘ ਦੇ ਘੁੱਗ ਵਸਦੇ ਪਰਿਵਾਰ ‘ਚ ਹਨ੍ਹੇਰ ਪਾ ਦਿੱਤਾ,ਉੱਥੇ ਹੀ ਉਨ੍ਹਾਂ ਭਰ ਜੁਆਨੀ ‘ਚ  ਸਖਤ ਮਿਹਨਤਾਂ ਨਾਲ ਕਾਇਮ ਕੀਤਾ ਆਪਣਾ ਮੁਕਾਮ ਅਤੇ ਸ਼ੌਹਰਤ ਵੀ ਮਿੱਟੀ ਵਿੱਚ ਮਿਲਾ ਲਈ ।                                                                    ਜਿੰਨ੍ਹਾਂ ਦਾ ਹਾਲੀਆ ਮੁਕਾਮ ਜੇਲ੍ਹ ਦੀ ਕੋਠੜੀ ਹੀ ਬਣ ਗਿਆ ਹੈ। ਹੌਲਦਾਰ ਦੀ ਹੱਤਿਆ ਦੇ ਜੁਰਮ ਵਿੱਚ ਨਾਮਜ਼ਦ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਨੂੰ ਸਪੋਰਟਸ ਕੋਟੇ ਵਿੱਚੋਂ ਹੀ ਹੈਲਥ ਵਿਭਾਗ ਵਿੱਚ ਨੌਕਰੀ ਮਿਲੀ ਹੋਈ ਸੀ। ਪੰਮਾ ਠੀਕਰੀਵਾਲੀਆ ਆਪਣੇ ਦੂਸਰੇ ਸਾਥੀ ਕਬੱਡੀ ਖਿਡਾਰੀਆਂ ਜੁਗਰਾਜ ਸਿੰਘ ਰਾਜਾ ਰਾਏਸਰੀਆ, ਗੁਰਮੀਤ ਸਿੰਘ ਮੀਤਾ ਚੀਮਾ ਅਤੇ ਵਜ਼ੀਰ ਸਿੰਘ ਉਰਫ ਵਜੀਰਾ ਅਮਲੇਵਾਲੀਆ ਦੇ ਨਾਲ ਪਟਿਆਲਾ ਚਿਕਨ ਕੌਰਨਰ ਤੇ ਪਹੁੰਚਿਆ ਸੀ। ਸੂਤਰਾਂ ਅਨੁਸਾਰ ਇੱਨ੍ਹਾਂ ਸਾਰੇ ਜਣਿਆਂ ਦੀ ਰੈਸਟੋਰੈਂਟ ਦਾ ਬਿੱਲ 2 ਕੁ ਸੌ ਰੁਪਏ ਜਿਆਦਾ ਯਾਨੀ 1800 ਰੁਪਏ ਬਣਾਉਣ ਨੂੰ ਲੈ ਕੇ ਤਕਰਾਰ ਹੋ ਗਈ। ਇਹੋ ਤਕਰਾਰਬਾਜੀ ਤੋਂ ਵੱਧ ਕੇ ਸ਼ੁਰੂ ਹੋਈ ਲੜਾਈ ਵਿੱਚ ਪੁਲਿਸ ਹੌਲਦਾਰ ਦਰਸ਼ਨ ਸਿੰਘ ਦੀ ਮੌਤ ਤੱਕ ਪਹੁੰਚ ਗਈ।

Advertisement

ਇੱਕ ਨਿੱਜੀ ਹਸਪਤਾਲ ‘ਚ ਕਾਰ ਖੜ੍ਹੀ ਕਰਕੇ ਹੋਏ ਫਰਾਰ ਹੋਏ ਦੋਸ਼ੀ !

    ਪਤਾ ਇਹ ਵੀ ਲੱਗਿਆ ਹੈ ਕਿ ਹੌਲਦਾਰ ਦਰਸ਼ਨ ਸਿੰਘ ਦੇ ਕਤਲ ਤੋਂ ਬਾਅਦ ,ਨਾਮਜ਼ਦ ਦੋਸ਼ੀ ਆਪਣੀ ਕਾਰ ਵਿੱਚ ਫਰਾਰ ਹੋ ਗਏ ਅਤੇ ਉਹ ਕਾਰ, ਉਨ੍ਹਾਂ ਇੱਕ ਨਿੱਜੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀ ਕਰ ਦਿੱਤੀ। ਜਿਸ ਦੀ ਅਗਲੀ ਅਤੇ ਪਿਛਲੀ ਨੰਬਰ ਪਲੇਟ ਤੋੜ ਕੇ ਕਿੱਧਰੇ ਸੁੱਟ ਦਿੱਤੀ। ਤਫਤੀਸ਼ ਕਰਦੀ ਕਰਦੀ ਪੁਲਿਸ ,ਉਹ ਨਿੱਜੀ ਹਸਪਤਾਲ  ਤੱਕ ਵੀ ਪਹੁੰਚ ਗਈ ਅਤੇ ਪੁਲਿਸ ਨੇ ਉਹੀ ਬਿਨਾਂ ਨੰਬਰੀ ਕਾਰ ਅੱਜ ਬਾਅਦ ਦੁਪਹਿਰ ਕਬਜੇ ਵਿੱਚ ਲੈ ਲਈ। ਵਰਨਣਯੋਗ ਹੈ ਕਿ ਪੁਲਿਸ ਹੌਲਦਾਰ ਦੀ ਹੱਤਿਆ ਦੀ ਘਟਨਾ ਲੰਘੀ ਕੱਲ ਰਾਤ ਬਾਬਾ ਕਾਲਾ ਮਹਿਰ ਸਟੇਡੀਅਮ ਦੇ ਨੇੜੇ ਸਥਿਤ 25 ਏਕੜ ਖੇਤਰ ਵਿੱਚ ,ਪਟਿਆਲਾ ਚਿਕਨ ਕੌਰਨਰ ਤੇ ਵਾਪਰੀ ਸੀ। ਪੁਲਿਸ ਨੇ ਚਾਰੋਂ ਨਾਮਜਦ ਦੋਸ਼ੀਆਂ ਖਿਲਾਫ ਕਤਲ ਦੇ ਜੁਰਮ ਵਿੱਚ ਐਫਆਈਆਰ ਦਰਜ ਕਰ ਲਈ ਹੈ । ਪੋਸਟਮਾਰਟਮ ਤੋਂ ਬਾਅਦ ਹੌਲਦਾਰ ਦਰਸ਼ਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ।                                  ਇਸ ਮੌਕੇ ਪਰਿਵਾਰ ਅਤੇ ਉਸ ਦੇ ਸਾਕ ਸਬੰਧੀਆਂ ਤੋਂ ਇਲਾਵਾ ਹਰ ਪੁਲਿਸ ਅਧਿਕਾਰੀ ਤੇ ਕਰਮਚਾਰੀ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਸ ਮੌਕੇ ਐਸਐਸਪੀ ਸੰਦੀਪ ਮਲਿਕ,ਡੀਐਸਪੀ ਸਤਵੀਰ ਸਿੰਘ,ਡੀਐਸਪੀ ਕੁਲਵੰਤ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ,ਜਿੰਨ੍ਹਾਂ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਹੌਲਦਾਰ ਦਰਸ਼ਨ ਸਿੰਘ ਨੂੰ ਸ਼ਰਧਾਜ਼ਲੀ ਭੇਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।                                       

CM ਨੇ ਦੁੱਖ ਪ੍ਰਗਟਾਇਆ ਤੇ ਕੀਤਾ 2 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ    ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ, ਮ੍ਰਿਤਕ ਹੌਲਦਾਰ ਦਰਸ਼ਨ ਸਿੰਘ ਦੀ ਅਣਹੋਣੀ ਮੌਤ ਤੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਰਕਾਰ ਦੀ ਤਰਫੋਂ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਮ੍ਰਿਤਕ ਹੌਲਦਾਰ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ਵੱਲੋਂ ਵੀ ਵੱਖਰੇ ਤੌਰ ਤੇ ਇੱਕ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। 

Advertisement
Advertisement
Advertisement
Advertisement
Advertisement
error: Content is protected !!