ਹਰਿੰਦਰ ਨਿੱਕਾ , ਬਰਨਾਲਾ 23 ਅਕਤੂਬਰ 2023
ਬਾਬਾ ਕਾਲਾ ਮਹਿਰ ਸਟੇਡੀਅਮ ਦੇ ਨੇੜੇ ਪੈਂਦੇ 25 ਏਕੜ ਇਲਾਕੇ ‘ਚ ਲੰਘੀ ਰਾਤ ਹੌਲਦਾਰ ਦਰਸ਼ਨ ਸਿੰਘ ਦੀ ਹੱਤਿਆ ਕਰਨ ਵਾਲਿਆਂ ਦੀ ਪੁਲਿਸ ਨੇ ਸ਼ਨਾਖਤ ਕਰਕੇ,ਚਾਰ ਨਾਮਜ਼ਦ ਦੋਸ਼ੀਆਂ ਖਿਲਾਫ ਥਾਣਾ ਸਿਟੀ 1 ਬਰਨਾਲਾ ਵਿਖੇ ਹੱਤਿਆ ਦੇ ਜ਼ੁਰਮ ‘ਚ ਕੇਸ ਦਰਜ ਕਰਕੇ,ਉਨ੍ਹਾਂ ਦੀ ਫੜੋ-ਫੜੀ ਲਈ ਯ਼ਤਨ ਤੇਜ਼ ਕਰ ਦਿੱਤੇ ਹਨ। ਪੁਲਿਸ ਨੇ ਜਿੰਨ੍ਹਾਂ ਦੋਸ਼ੀਆਂ ਦੇ ਖਿਲਾਫ ਹੌਲਦਾਰ ਦੀ ਹੱਤਿਆ ਦੇ ਦੋਸ਼ ਵਿੱਚ ਕੇਸ ਦਰਜ਼ ਕੀਤਾ ਹੈ, ਉਨ੍ਹਾਂ ਵਿੱਚ ਵਰਕਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਠੀਕਰੀਵਾਲਾ , ਜਗਰਾਜ ਸਿੰਘ ਰਾਜਾ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਰਾਏਸਰ, ਗੁਰਮੀਤ ਸਿੰਘ ਮੀਤਾ ਵਾਸੀ ਪਿੰਡ ਚੀਮਾ ਅਤੇ ਵਜੀਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਸ਼ਾਮਿਲ ਹਨ। ਅਪੁਸ਼ਟ ਖਬਰ ਇਹ ਵੀ ਹੈ ਕਿ ਪੁਲਿਸ ਨੇ ਹੱਤਿਆ ਦੀ ਵਾਰਦਾਤ ਉਪਰੰਤ ਧਨੌਲਾ ਦੇ ਸਰਕਾਰੀ ਹਸਪਤਾਲ ‘ਚ ਦਾਖਿਲ ਹੋਏ ਹੈਲਥ ਵਰਕਰ ਪਰਮਜੀਤ ਸਿੰਘ ਪੰਮਾ ਨੂੰ ਅੱਜ ਸਵੇਰੇ ਕਰੀਬ ਪੰਜ ਕੁ ਵਜੇ ਹਿਰਾਸਤ ਵਿੱਚ ਵੀ ਲੈ ਲਿਆ ਹੈ।
ਵਰਨਣਯੋਗ ਹੈ ਕਿ 22 ਅਕਤੂਬਰ ਦੀ ਰਾਤ ਕਰੀਬ ਸਾਢੇ ਕੁ 10 ਵਜੇ ਪਟਿਆਲਾ ਚਿਕਨ ਕੌਰਨਰ ਵਿਖੇ ,ਹੋਏ ਲੜਾਈ ਝਗੜੇ ਤੋਂ ਬਾਅਦ ਥਾਣਾ ਸਿਟੀ 1 ਬਰਨਾਲਾ ਵਿਖੇ ਤਾਇਨਾਤ ਹੌਲਦਾਰ ਦਰਸ਼ਨ ਸਿੰਘ ਹੋਰ ਸਾਥੀ ਪੁਲਿਸ ਕਰਮਚਾਰੀਆਂ ਨਾਲ ਮੌਕਾ ਵਾਰਦਾਤ ਤੇ ਪਹੁੰਚਿਆ ਸੀ। ਉੱਥੇ ਮੌਜੂਦ ਅਣਪਛਾਤੇ ਵਿਅਕਤੀਆਂ ਨੇ HC ਦਰਸ਼ਨ ਸਿੰਘ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਫਿਰ ਮੌਕਾ ਪਰ ਪਹੁੰਚੀ ਪੁਲਿਸ ਵੱਲੋਂ ਹੌਲਦਾਰ ਦਰਸ਼ਨ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ ਗਿਆ ਹੈ। ਪੁਲਿਸ ਨੇ ਹੱਤਿਆ ਦੀ ਵਾਰਦਾਤ ਤੋਂ ਬਾਅਦ ਨਾਮਜ਼ਦ ਦੋਸ਼ੀ ਪਰਮਜੀਤ ਸਿੰਘ ਪੰਮਾ ਪੁੱਤਰ ਸੁਰਜੀਤ ਸਿੰਘ ਵਾਸੀ ਠੀਕਰੀਵਾਲ, ਜਗਰਾਜ ਸਿੰਘ ਰਾਜਾ ਪੁੱਤਰ ਟਹਿਲ ਸਿੰਘ ਵਾਸੀ ਰਾਏਸਰ, ਗੁਰਮੀਤ ਸਿੰਘ ਮੀਤਾ ਵਾਸੀ ਚੀਮਾ ਅਤੇ ਵਜੀਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਦੇ ਖਿਲਾਫ ਖਿਲਾਫ ਮੁਕੱਦਮਾ ਨੰਬਰ 494 ਮਿਤੀ 23-10-2023 ਅ/ਧ 302, 148, 149 ਆਈ.ਪੀ.ਸੀ. ਥਾਣਾ ਸਿਟੀ-1 ਬਰਨਾਲਾ ਵਿਖੇ ਦਰਜ਼ ਕਰਕੇ,ਦੋਸ਼ੀਆਂ ਦੀ ਫੜੋ-ਫੜੀ ਦੇ ਯਤਨ ਤੇਜ਼ ਕਰ ਦਿੱਤੇ ਹਨ। ਫਿਲਹਾਲ ਪੁਲਿਸ ਨੇ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਅਤੇ ਪਟਿਆਲਾ ਚਿਕਨ ਕੌਰਨਰ ਤੇ ਲੰਘੀ ਰਾਤ ਵਪਾਰੇ ਪੂਰੇ ਘਟਨਾਕ੍ਰਮ ਦਾ ਅਧਿਕਾਰਿਤ ਤੌਰ ਤੇ ਕੋਈ ਖੁਲਾਸਾ ਨਹੀਂ ਕੀਤਾ ਹੈ। ਹੌਲਦਾਰ ਦੀ ਹੱਤਿਆ ਦੇ ਜ਼ੁਰਮ ਵਿੱਚ ਨਾਮਜ਼ਦ ਸਾਰੇ ਹੀ ਦੋਸ਼ੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਨ।