ਹਰਿੰਦਰ ਨਿੱਕਾ , ਬਰਨਾਲਾ 23 ਅਕਤੂਬਰ 2023
ਲੰਘੀ ਦੇਰ ਰਾਤ ਸ਼ਹਿਰ ਦੇ 25 ਏਕੜ ਖੇਤਰ ‘ਚ ਸਥਿਤ ਪਟਿਆਲਾ ਚਿਕਨ ਰੈਸਟੋਰੈਂਟ ਮਾਲਿਕ ਦਰਮਿਆਨ ਹੋਈ ਕਬੱਡੀ ਖਿਡਾਰੀਆਂ ਦੀ ਲੜਾਈ ਦਾ ਮੌਕਾ ਵੇਖਣ,ਪੁਲਿਸ ਪਾਰਟੀ ਸਣੇ ਪਹੁੰਚੇ ਹੌਲਦਾਰ ਦੀ ਹੌਲਨਾਕ ਹੱਤਿਆ ਕਰ ਦਿੱਤੀ ਗਈ। ਪੁਲਿਸ ਹੌਲਦਾਰ ਦੀ ਹੱਤਿਆ ਦੀ ਘਟਨਾ ਨੇ ਸ਼ਹਿਰੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸਤਵੀਰ ਸਿੰਘ ਬੈਂਸ, ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਤੇ ਵੱਡੀ ਸੰਖਿਆਂ ਵਿੱਚ ਪੁਲਿਸ ਪਾਰਟੀ ਲੈ ਕੇ ਪਹੁੰਚ ਗਏ। ਪੁਲਿਸ ਨੇ ਦੋ ਦੋਸ਼ੀਆਂ ਨੂੰ ਦੇਰ ਰਾਤ ਅਤੇ ਇੱਕ ਹੈਲਥ ਵਰਕਰ ਪੰਮਾ ਨੂੰ ਅੱਜ ਤੜਕੇ ਗਿਰਫਤਾਰ ਵੀ ਕਰ ਲਿਆ ਹੈ,ਪਰੰਤੂ ਇਸ ਦੀ ਪੁਸ਼ਟੀ ਹਾਲੇ ਕੋਈ ਪੁਲਿਸ ਅਧਿਕਾਰੀ ਕਰਨ ਲਈ ਤਿਆਰ ਨਹੀਂ ਹੈ। ਮੌਕੇ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ, 25 ਏਕੜ ਖੇਤਰ ‘ਚ ਸਥਿਤ ਪਟਿਆਲਾ ਚਿਕਨ ਰੈਸਟੋਰੈਂਟ ਤੇ ਬੈਠੇ ਹੈਲਥ ਵਰਕਰ ਪਰਮਜੀਤ ਸਿੰਘ ਉਰਫ ਪੰਮਾ ਪਿੰਡ ਠੀਕਰੀਵਾਲਾ ਤੇ ਉਸ ਦੇ ਸਾਥੀ ਕਬੱਡੀ ਖਿਡਾਰੀਆਂ ਦੀ ਕਿਸੇ ਗੱਲ ਤੋ ਰੈਸਟੋਰੈਂਟ ਮਾਲਿਕ ਨਾਲ ਤਕਰਾਰਬਾਜੀ ਹੋ ਗਈ। ਜਦੋਂ ਮਾਮੂਲੀ ਤਕਰਾਰ ਨੇ ਲੜਾਈ ਦਾ ਰੂਪ ਲੈ ਲਿਆ ਤਾਂ ਰੈਸਟੋਰੈਂਟ ਮਾਲਿਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਪਹਿਲਾਂ ਘਟਨਾ ਵਾਲੀ ਥਾਂ ਤੇ ਪੀਸੀਆਰ ਦੀ ਟੀਮ ਪਹੁੰਚੀ, ਫਿਰ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਪਾਰਟੀ ਵੀ ਉੱਥੇ ਪਹੁੰਚ ਗਈ। ਪੁਲਿਸ ਪਾਰਟੀ ਦੀ ਗਿਣਤੀ 7/8 ਦੱਸੀ ਜਾ ਰਹੀ ਹੈ। ਪੁਲਿਸ ਪਾਰਟੀ ਵਿੱਚ ਸ਼ਾਮਿਲ ਹੌਲਦਾਰ ਦਰਸ਼ਨ ਸਿੰਘ ਨੇ ਜਦੋਂ ਝਗੜਾ ਕਰ ਰਹੇ ਤਿੰਨੋ ਜਣਿਆਂ ਨੂੰ ਪੁਲਿਸ ਦੀ ਗੱਡੀ ਵਿੱਚ ਬਹਿ ਕੇ ਥਾਣੇ ਜਾਣ ਲਈ ਕਿਹਾ ਤਾਂ ਦੋਸ਼ੀ ਪੁਲਿਸ ਪਾਰਟੀ ਨਾਲ ਵੀ ਉਲਝ ਪਏ ‘ਤੇ ਕਬੱਡੀ ਖਿਡਾਰੀਆਂ ਨੇ ਪੰਚ ਨਾਲ ਹੌਲਦਾਰ ਦਰਸ਼ਨ ਸਿੰਘ ਤੇ ਹਮਲਾ ਕਰ ਦਿੱਤਾ। ਸਿਰ ਅਤੇ ਮੱਥੇ ਤੇ ਗਹਿਰੀ ਸੱਟ ਲੱਗਣ ਕਾਰਣ, ਹੌਲਦਾਰ ਦਰਸ਼ਨ ਸਿੰਘ ਬੇਹੋਸ਼ ਹੋ ਕੇ ਉੱਥੇ ਡਿੱਗ ਪਿਆ। ਜਦੋਂ ਪੁਲਿਸ ਪਾਰਟੀ ਆਪਣੇ ਸਾਥੀ ਮੁਲਾਜਮ ਨੂੰ ਸੰਭਾਲਣ ਲੱਗੀ ਤਾਂ ਦੋਸ਼ੀ ਉੱਥੋ ਫਰਾਰ ਹੋ ਗਏ। ਜਖਮੀ ਹੌਲਦਾਰ ਦਰਸ਼ਨ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਘਟਨਾ ਦੇ ਚਸ਼ਮਦੀਦ ਸਿੱਧੂ ਟੀ ਸਟਾਲ ਦੇ ਮਾਲਿਕ ਅਨੁਸਾਰ ਪੁਲਿਸ ਹੌਲਦਾਰ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੁਲਿਸ ਪਾਰਟੀ ਦੇ 7/8 ਮੁਲਾਜਮਾਂ ਤੇ ਭਾਰੂ ਪੈ ਗਏ। ਉਹ ਤਿੰਨੋਂ ਜਣਿਆਂ ਦੀ ਸ਼ਰਾਬ ਪੀਤੀ ਹੋਈ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਜਣੇ ਪੰਮਾ ,ਗੋਰਾ ਤੇ ਰਾਜਾ ਕਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਸਨ। ਅਪੁਸ਼ਟ ਸੂਚਨਾ ਇਹ ਵੀ ਹੈੈ ਕਿ ਹੌਲਦਾਰ ਦਾ ਹੱਤਿਆਰਾ ਹੈਲਥ ਵਰਕਰ ਪਰਮਜੀਤ ਸਿੰਘ ਉਰਫ ਪੰਮਾ ਪਿੰਡ ਠੀਕਰੀਵਾਲਾ ਵਿਖੇ ਤਾਇਨਾਤ ਸੀ। ਲੰਘੀ ਰਾਤ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਉਹ ,ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਿਲ ਹੋ ਗਿਆ ਸੀ। ਜਿਸ ਨੂੰ ਅੱਜ ਤੜਕੇ ਸਵੱਖਤੇ ਹੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।