‘ਤੇ ਇੰਝ ਮੌਤ ਦੇ ਘਾਟ ਉਤਾਰਿਆ ਨਸ਼ਾ ਤਸਕਰ,,,,!

Advertisement
Spread information

ਨਸ਼ਾ ਛੁਡਾਊ ਕਮੇਟੀ ਦੇ ਪ੍ਰਧਾਨ ਸਣੇ 2 ਗ੍ਰਿਫਤਾਰ ‘ਤੇ ਹੋਰ 12 ਜਣਿਆਂ ਦੀ ਭਾਲ ਜ਼ਾਰੀ,,,
ਅਸ਼ੋਕ ਵਰਮਾ , ਬਠਿੰਡਾ 22 ਅਕਤੂਬਰ 2023

     ਨਸ਼ਾ ਤਸਕਰੀ ਦੇ ਸ਼ੱਕ ‘ਚ ਨਸ਼ਾ ਛੁਡਾਊ ਕਮੇਟੀ ਪਿੰਡ ਘੁੰਮਣ ਕਲਾਂ ਦੇ ਮੈਬਰਾਂ ਵੱਲੋਂ ਕੋਠੇ ਮੈਰਕੀ ਪਿੰਡ ਮਹਿਰਾਜ਼ ਦੇ ਰਹਿਣ ਵਾਲੇ ਦਲਜਿੰਦਰ ਸਿੰਘ ਉਰਫ ਨੂਰ ਨੂੰ ਅਗਵਾ ਕਰਕੇ ਕੁੱਟ ਕੁੱਟਕੇ ਮੌਤ ਦੇ ਘਾਟ ਉਤਾਰ ਦੇਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਬਠਿੰਡਾ ਪੁਲਿਸ ਨੇ ਇਸ ਕਤਲ ਕੇਸ ‘ਚ ਦੋਸ਼ੀ ਨਾਮਜਦ ਕੀਤੇ 14 ਵਿਅਕਤੀਆਂ ਵਿੱਚੋਂ ਦੋ ਜਣਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ । ਜਦੋਂਕਿ ਹੋਰ 12 ਜਣਿਆਂ ਨੂੰ ਫੜ੍ਹਨ ਲਈ ਪੁਲਿਸ ਵੱਲੋਂ ਛਾਪੇ ਮਾਰੇ ਜਾ ਰਹੇ ਹਨ । ਇਸ ਮਾਮਲੇ ਵਿੱਚ ਨਾਮਜਦ ਵਿਅਕਤੀ ਪਿੰਡ ਘੁੰਮਣ ਕਲਾਂ ਦੀ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਹੀ ਹਨ।                             
     ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਮਿਤੀ 10 ਅਕਤੂਬਰ ਨੂੰ ਪਿੰਡ ਮਹਿਰਾਜ਼ ਦੇ ਕੋਠਿਆਂ ਦਾ ਦਲਜਿੰਦਰ ਸਿੰਘ ਉਰਫ ਨੂਰ ਅਚਾਨਕ ਗਾਇਬ ਹੋ ਗਿਆ ਸੀ। ਉਹ ਘਰ ਤੋਂ ਮੋਟਰਸਾਈਕਲ ਲੈ ਕੇ ਰਾਮਪੁਰਾ ਗਿਆ, ਪਰ ਵਾਪਿਸ ਨਹੀਂ ਮੁੜਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਇਸ ਨੌਜਵਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਥਾਣਾ ਸਿਟੀ ਰਾਮਪੁਰਾ ਨੂੰ ਉਸ ਦੇ ਪਤੀ ਨੂੰ ਅਣਪਛਾਤਿਆਂ ਵੱਲੋਂ ਅਗਵਾ ਕਰ ਲੈਣ ਬਾਰੇ ਸੂਚਨਾ ਦਿੱਤੀ ਸੀ।  
    ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਮਾਮਲੇ ਨੂੰ ਹੱਲ ਕਰਨ ਲਈ ਐਸਪੀ ਡੀ ਅਜੇ ਗਾਂਧੀ , ਡੀਐਸਪੀ ਫੂਲ ਮੋਹਿਤ ਅਗਰਵਾਲ ਅਤੇ ਡੀਐਸਪੀ ਮੌੜ ਰਾਹੁਲ ਭਾਰਦਵਾਜ਼  ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਟੀਮ ’ਚ ਥਾਣਾ ਸਿਟੀ ਰਾਮਪੁਰਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸੀਆਈਏ ਸਟਾਫ 2 ਦੇ ਇੰਚਾਰਜ ਇੰਸਪੈਕਟਰ ਕਰਨਦੀਪ ਸਿੰਘ ਅਤੇ ਥਾਣਾ ਮੌੜ ਦੇ ਮੁੱਖ ਥਾਣਾ ਅਫਸਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਸ਼ਾਮਲ ਕੀਤੇ ਗਏ ਸਨ।                                               
     ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ 10 ਅਕਤੂਬਰ ਨੂੰ ਦਲਜਿੰਦਰ ਸਿੰਘ ਉਰਫ ਨੂਰ ਨੂੰ ਨਰਦੇਵ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ,ਗੁਰਪ੍ਰੀਤ ਸਿੰਘ ਉਰਫ ਧੱਤੂ ਪੁੱਤਰ ਮੋਹਨ ਸਿੰਘ,  ਹੈਪੀ ਸਿੰਘ ਪੁੱਤਰ ਨੈਬ ਸਿੰਘ, ਕੁਲਵੀਰ ਸਿੰਘ ਜੱਗਰ ਕਾ,  ਅਰਸ਼ਦੀਪ ਸਿੰਘ ਉਰਫ ਅਰਸੂ ਪੁੱਤਰ ਕੁਲਵੰਤ ਸਿੰਘ, ਕਰਨਵੀਰ ਸਿੰਘ ਉਰਫ ਧੂਰੀ ਪੁੱਤਰ ਮਿੱਠੂ ਸਿੰਘ ਜੈਲਦਾਰ ਕਾ, ਰਿੰਕੂ ਪੁੱਤਰ ਜੱਗਾ ਸਿੰਘ,  ਕਿਸ਼ੋਰੀ ਪੁੱਤਰ ਪ੍ਰੀਤਮ ਸਿੰਘ,  ਬਲਵੀਰ ਸਿੰਘ ਮਿਸਤਰੀ, ਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ,  ਬੱਗੜ ਭੱਜੀ ਕਾ, ਜੈਲਾ ਸਿੰਘ ਖੰਡੂਆ ਵਾਸੀਅਨ ਘੁੰਮਣ ਕਲਾਂ, ਗਿਆਨੀ ਸਤਨਾਮ ਸਿੰਘ ਪਿੰਡ ਬੁਰਜ ਵਾਸੀ ਬੱਲ੍ਹੋ, ਜਗਮੀਤ ਸਿੰਘ ਪੁੱਤਰ ਨਾਮਲੂਮ ਵਾਸੀ ਘਰਾਂਗਣਾ ਜਿਲ੍ਹਾ ਮਾਨਸਾ ਅਤੇ 10-12 ਅਣਪਛਾਤੇ ਵਿਅਕਤੀ ਗਿਆਨੀ ਸਤਨਾਮ ਸਿੰਘ ਦੀ ਸਕਾਰਪਿਓ ਗੱਡੀ, ਬਲਵੀਰ ਸਿੰਘ ਮਿਸਤਰੀ ਦੀ ਜੀਪ ਅਤੇ ਮੋਟਰਸਾਈਕਲਾਂ ਤੇ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪਲਟੀਨਾ ਮੋਟਰਸਾਈਕਲ ਸਮੇਤ ਅਗਵਾ ਕਰਕੇ ਲੈ ਗਏ ।
      ਕਮੇਟੀ ਮੈਂਬਰਾਂ ਨੂੰ ਸ਼ੱਕ ਸੀ ਕਿ ਦਲਜਿੰਦਰ ਸਿੰਘ ਨਸ਼ੇ ਵੇਚਣ ਦਾ ਧੰਦਾ ਕਰਦਾ ਹੈ । ਜਦੋਂਕਿ ਐਸਐਸਪੀ ਮੁਤਾਬਕ ਦਲਜਿੰਦਰ ਖਿਲਾਫ ਨਸ਼ਾ ਤਸਕਰੀ ਦਾ ਕੋਈ ਕੇਸ ਦਰਜ ਹੋਣ ਅਤੇ ਨਸ਼ਿਆਂ ਦਾ ਕਾਰੋਬਾਰ ਕਰਦੇ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਨੇ ਦਲਜਿੰਦਰ ਸਿੰਘ ਉਰਫ ਨੂਰ ਦੀ ਨਰਦੇਵ ਸਿੰਘ ਉਰਫ ਗੱਗੀ ਦੇ ਖੇਤ ਵਿੱਚ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ । ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਅਤੇ ਮੁਲਜਮਾਂ ਨੇ ਦਲਜਿੰਦਰ ਸਿੰਘ ਦੀ ਲਾਸ਼ ਅਤੇ ਉਸ ਦੇ ਮੋਟਰਸਾਈਕਲ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਲਸਾੜਾ ਡਰੇਨ ਵਿੱਚ ਸੁੱਟ ਦਿੱਤਾ।
     ਉਨ੍ਹਾਂ ਦੱਸਿਆ ਕਿ ਇਸ ਮੁਕੱਦਮੇ ਵਿੱਚ ਕਤਲ ਦੀ ਧਾਰਾ 302 ਸਮੇਤ ਕੁੱਝ ਹੋਰ ਧਾਰਾਵਾਂ ਸ਼ਾਮਲ ਕੀਤੀਆਂ ਗਈਆਂ। ਇਸ ਕੇਸ ਵਿੱਚ 14 ਜਣੇ ਨਾਮਜਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਰਾਮਨਗਰ ਕੈਂਚੀਆਂ ਮੌੜ ਤੋਂ ਨਰਦੇਵ ਸਿੰਘ ਉਰਫ ਗੱਗੀ ਪੁੱਤਰ ਹਰਭਜਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਧੱਤੂ ਪੁੱਤਰ ਮੋਹਨ ਸਿੰਘ ਵਾਸੀਅਨ ਪਿੰਡ ਘੁੰਮਣ ਕਲਾਂ ਨੂੰ ਗ੍ਰਿਫਤਾਰ ਕਰ ਲਿਆ।
        ਪੁਲਿਸ ਨੇ  ਉਨ੍ਹਾਂ ਦੀ ਨਿਸ਼ਾਨਦੇਹੀ ਤੇ ਦਲਜਿੰਦਰ ਸਿੰਘ ਉਰਫ ਨੂਰ ਦੀ ਲਾਸ਼ ਲਾਸਾੜਾ ਡਰੇਨ ਚੋਂ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਲਜਿੰਦਰ ਸਿੰਘ ਦਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਬਰਾਮਦ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ । ਜਿਸ ਤੋਂ ਬਾਅਦ ਇਸ ਕਤਲ ਮਾਮਲੇ ਨਾਲ ਜੁੜੇ ਹੋਰ ਵੀ ਭੇਦ ਅਤੇ ਬਾਕੀ ਮੁਲਜਮਾਂ ਦਾ ਪਤਾ ਲਾਉਣ ਦੀ ਕੋਸ਼ਿਸ ਕੀਤੀ ਜਾਏਗੀ।
       ਉਨ੍ਹਾਂ ਕਿਹਾ ਕਿ ਜਦੋਂ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣੀਆਂ ਸਨ ਤਾਂ ਇਸ ਦੌਰਾਨ ਕੁੱਝ ਅਜਿਹੇ ਮਾਮਲੇ ਸਾਹਮਣੇ ਆਏ ਸਨ , ਜਿੰਨ੍ਹਾਂ ’ਚ ਇੰਨ੍ਹਾਂ ਕਮੇਟੀਆਂ ਦੇ ਕਾਰਕੁੰਨਾਂ ਤੇ ਕਥਿਤ ਤੌਰ ’ਤੇ ਧੱਕਾ ਕਰਨ ਦੇ ਦੋਸ਼ ਵੀ ਲੱਗੇ ਸਨ। ਉਨ੍ਹਾਂ ਦੱਸਿਆ ਕਿ ਉਦੋਂ ਪੁਲਿਸ ਪ੍ਰਸ਼ਾਸ਼ਨ ਨੇ ਇੰਨ੍ਹਾਂ ਕਮੇਟੀਆਂ ਨੂੰ ਕਾਨੂੰਨ ਆਪਣੇ ਹੱਥ ਵਿੱਚ ਨਾਂ ਲੈਣ ਦੀ ਅਪੀਲ ਵੀ ਕੀਤੀ ਸੀ । ਉਨ੍ਹਾਂ ਦੱਸਿਆ ਕਿ ਪਿੰਡ ਘੁੰਮਣ ਕਲਾਂ ਦੀ ਨਸ਼ਾ ਵਿਰੋਧੀ ਕਮੇਟੀ ਦੇ ਮੈਂਬਰਾਂ ਨੇ ਪੁਲਿਸ ਦੀ ਗੱਲ ਅਣਸੁਣੀ ਕਰ ਦਿੱਤੀ । ਜਿਸ ਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ। ਐਸ ਐਸ ਪੀ ਨੇ ਅੱਜ ਵੀ ਨਸ਼ਾ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਦੁਹਰਾਈ ਹੈ ਤਾਂ ਜੋ ਮੁੜ ਅਜਿਹੀ ਘਟਨਾਂ ਨਾਂ ਵਾਪਰੇ।

Advertisement
Advertisement
Advertisement
Advertisement
Advertisement
error: Content is protected !!