ਪਤੀ ਦੀ ਭੁਗਤ ਸੁਆਰਨ ਦੇ  ਮਾਮਲਿਆਂ ਵਿੱਚ ਹੋਇਆ ਵਾਧਾ

Advertisement
Spread information
ਅਸ਼ੋਕ ਵਰਮਾ, ਬਠਿੰਡਾ 23 ਅਕਤੂਬਰ 2023
          ਪਤਨੀਆਂ ਵੱਲੋਂ ਪਤੀਆਂ ਨੂੰ ਕੁਟਾਪਾ ਚਾੜ੍ਹਨ ਦੇ ਮਾਮਲਿਆਂ ‘ਚ ਲੰਘੇ ਦਸ ਸਾਲਾਂ ਦੌਰਾਨ  ਚਾਰ ਗੁਣਾ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਪਤੀਆਂ ਵੱਲੋਂ ਸ਼ਰਾਬ ਪੀ ਕੇ ਘਰ ਆਉਣਾ ਅਤੇ ਪਤਨੀ ਨਾਲ ਦੁਰਵਿਵਹਾਰ ਕਰਨ ਵਜੋਂ ਸਾਹਮਣੇ ਆਇਆ  ਹੈ। ਇਸ ਮਾਮਲੇ ਦਾ ਦੂਸਰਾ ਅਹਿਮ ਕਾਰਨ ਪਤੀ ਵੱਲੋਂ ਆਪਣੀ ਪਤੀ ਤੇ ਬੇਵਫਾਈ  ਦੇ ਦੋਸ਼ ਲਾਉਣਾ ਹੈ।ਸਮਾਜ ਵਿੱਚ ਰਿਸ਼ਤਿਆਂ ਦੀਆਂ ਤੰਦਾਂ ਟੁੱਟਣ ਕਾਰਨ ਆਏ ਦਿਨ ਵਾਪਰ ਰਹੀਆਂ ਨੂੰਹ ਵੱਲੋਂ ਸੱਸ ਦੀ ਹੱਤਿਆ, ਪਿਤਾ ਵੱਲੋਂ ਨਾਬਾਲਗ਼ ਧੀ ਨਾਲ ਜਬਰ-ਜਨਾਹ, ਪਿਓ ਵੱਲੋਂ ਪੁੱਤ ਦਾ ਕਤਲ, ਤਲਾਕ ਤੋਂ ਜਵਾਬ ਦੇਣ ਕਾਰਨ ਪਤਨੀ ਦੀ ਹੱਤਿਆ, ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ  ਪਤੀ ਦਾ ਕਤਲ ਵਰਗੀਆਂ  ਦਿਲ-ਕੰਬਾਊ ਘਟਨਾਵਾਂ ਦਰਮਿਆਨ ਇੱਕ ਅਧਿਐਨ ਦੌਰਾਨ ਇਹ ਤੱਥ ਸਾਹਮਣੇ ਆਏ ਹਨ।
      ਹਿੰਦੀ ਅਖਬਾਰ ਦੈਨਿਕ ਭਾਸਕਰ ਵਿੱਚ ਪ੍ਰਕਾਸ਼ਿਤ ਅਧਿਐਨ ਰਿਪੋਰਟ ਅਨੁਸਾਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ ਦੇ ਇੱਕ ਅਧਿਐਨ ਵਿੱਚ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਪਤੀਆਂ ਦੇ ਮਾਮਲਿਆਂ ਨਾਲ ਜੁੜੇ ਕਈ ਹੈਰਾਨ ਕਰ ਦੇਣ ਵਾਲੇ ਅੰਕੜਿਆਂ ਤੋਂ ਪਰਦਾ ਉੱਠਿਆ ਹੈ। ਉਹ ਵੀ ਉਸ ਮੌਕੇ ਜਦੋਂ ਨਿਸਚਿਤ ਤੌਰ ਤੇ ਦੁਨੀਆਂ ਭਰ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਔਰਤਾਂ ਹੀ ਆਪਣੇ ਪਤੀਆਂ ਹੱਥੋਂ ਹਿੰਸਾ ਦਾ ਸ਼ਿਕਾਰ ਜ਼ਿਆਦਾ ਹੁੰਦੀਆਂ ਹਨ।   ਅਧਿਐਨ ਟੀਮ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ (ਐੱਨ.ਐੱਫ.ਐੱਚ.ਐੱਸ.) ਦੇ ਅੰਕੜਿਆਂ ਤੋਂ ਇਹ ਸਿੱਟਾ ਕੱਢਿਆ ਕਿ ਦੋ ਸਰਵੇਖਣਾਂ ਦੇ ਵਿਚਲੇ ਇੱਕ ਦਹਾਕੇ ਵਿੱਚ ਪਤੀਆਂ ਵੱਲੋਂ ਪਤਨੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣ ਦੀਆਂ ਘਟਨਾਵਾਂ ਵਿੱਚ 4 ਗੁਣਾ ਵਾਧਾ ਹੋਇਆ ਹੈ ਜੋ ਕਿ ਚਿੰਤਾਜਨਕ  ਹੈ।
   ਨੈਸ਼ਨਲ ਫੈਮਿਲੀ ਹੈਲਥ ਸਰਵੇ -3 ਵਿੱਚ ਆਪਣੀ ਪਤਨੀ ਤੋਂ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਪ੍ਰਤੀ 1 ਹਜ਼ਾਰ ਦੀ ਆਬਾਦੀ ਪਿੱਛੇ 7 ਸੀ, ਜਦੋਂ ਕਿ ਅਗਲੇ ਸਰਵੇਖਣ ਵਿੱਚ ਇਹ ਵਧ ਕੇ 29 ਹੋ ਗਈ। ਇਸ ਰਿਪੋਰਟ ਦੌਰਾਨ ਜਾਤੀ ਨਾਲ ਸੰਬੰਧਿਤ ਅੰਕੜੇ ਵੀ ਸਾਹਮਣੇ ਆਏ ਹਨ । ਰਿਪੋਰਟ ਮੁਤਾਬਕ ਹਿੰਦੂ, ਬੋਧੀ, ਸਿੱਖ, ਈਸਾਈ ਔਰਤਾਂ ਪਤੀਆਂ ਨੂੰ ਕੁਟਾਪਾ ਚਾੜ੍ਹਨ ਦੇ ਮਾਮਲੇ ਵਿੱਚ ਹਰ ਇੱਕ ਹਜ਼ਾਰ ਵਿੱਚੋਂ 30  ਹਨ  ਜਦੋਂ ਕਿ ਮੁਸਲਮਾਨਾਂ ਵਿੱਚ ਇਹ ਗਿਣਤੀ 1 ਹਜ਼ਾਰ ਵਿੱਚੋਂ 20 ਹੈ। ਰਿਪੋਰਟ ਮੁਤਾਬਕ ਇਕੱਲੇ ਕਹਿਰੇ ਪ੍ਰੀਵਾਰਾਂ ਦੇ ਮੁਕਾਬਲੇ ਸਾਂਝੇ ਪਰਿਵਾਰ ਵਿੱਚ ਔਰਤ ਵੱਲੋਂ ਆਪਣੇ ਪਤੀ ਵਿਰੁੱਧ ਹਿੰਸਾ ਘੱਟ ਕੀਤੀ ਜਾਂਦੀ ਹੈ ਜਦੋਂ ਕਿ ਅਮੀਰ ਪਤੀਆਂ ਦੇ ਮੁਕਾਬਲੇ  ਆਪਣੀਆਂ ਪਤਨੀਆਂ ਹੱਥੋਂ ਕੁੱਟ ਖਾਣ ਵਾਲੇ ਗਰੀਬ ਪਤੀਆਂ ਦੀ ਗਿਣਤੀ ਦੁੱਗਣੀ ਹੈ ।
      ਆਪਣੀਆਂ ਪਤਨੀਆਂ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੋਣ ਵਾਲੇ 1 ਹਜ਼ਾਰ ਵਿੱਚੋਂ ਅਮੀਰ ਪਤੀਆਂ ਦੀ ਗਿਣਤੀ 19 ਅਤੇ ਗਰੀਬਾਂ ਦੀ 38 ਸਾਹਮਣੇ ਆਈ ਹੈ। ਪਤਨੀ ਕੋਲੋਂ ਕੁੱਟ ਖਾਣ ਵਾਲੇ ਇੱਕ ਹਜ਼ਾਰ ਪਤੀਆਂ ਵਿੱਚੋਂ 56 ਪਤੀ ਸ਼ਰਾਬ ਪੀਣ ਦੇ ਆਦੀ ਹੁੰਦੇ ਹਨ ਜਦੋਂ ਕਿ ਇਹਨਾਂ ਚੋਂ ਸੋਫੀ ਪਤੀਆਂ ਦੀ ਗਿਣਤੀ ਸਿਰਫ 17 ਹੈ ।ਅਧਿਐਨ ਮੁਤਾਬਕ ਸਿੱਕਮ, ਗੋਆ ਅਤੇ ਮਿਜ਼ੋਰਮ ਵਰਗੇ ਛੋਟੇ ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਵਿੱਚ ਕੁੱਟ ਖਾਣ ਵਾਲੇ ਪਤੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਹ ਅਧਿਐਨ ਆਈਆਈਪੀਐਸ ਦੀ ਅਪਰਾਜਿਤਾ ਚਟੋਪਾਧਿਆਏ, ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਸੰਤੋਸ਼ ਕੁਮਾਰ,ਆਈ ਆਈ ਪੀ ਐਸ ਦੀ ਦੀਪਾਂਜਲੀ ਵਿਸ਼ਵਕਰਮਾ ਅਤੇ ਸੰਸਥਾ ਦੇ ਪਬਲਿਕ ਹੈਲਥ ਐਂਡ ਐਥੀਕਲ ਸਟੱਡੀਜ਼ ਵਿਭਾਗ ਦੇ ਸੁਰੇਸ਼ ਜੁੰਗਾਰੀ ਵੱਲੋ ਕੀਤਾ ਗਿਆ ਹੈ।
     ਅਧਿਐਨ ਮੁਤਾਬਕ 24 ਸਾਲ ਤੱਕ ਦੀ ਉਮਰ ਦੀਆਂ 1 ਹਜ਼ਾਰ ਔਰਤਾਂ ਵਿੱਚੋਂ ਸਿਰਫ਼ 24  ਆਪਣੇ ਪਤੀਆਂ ਦੀ ਕੁੱਟਮਾਰ ਕੀਤੀ ਜਦਕਿ 49 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ 32 ਔਰਤਾਂ ਆਪਣੇ ਪਤੀਆਂ ਨੂੰ ਕੁੱਟਦੀਆਂ ਹਨ।ਅਨਪੜ੍ਹ ਪਤੀ ਵੀ ਪੜ੍ਹੇ-ਲਿਖੇ ਪਤੀਆਂ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ ਕੁੱਟ ਖਾਂਦੇ ਹਨ। ਓਬੀਸੀ, ਐਸਸੀ-ਐਸਟੀ ਔਰਤਾਂ ਦੀ ਗਿਣਤੀ ਪਤੀਆਂ ਨੂੰ ਕੁੱਟਣ ਦੇ ਮਾਮਲੇ ਵਿੱਚ ਜ਼ਿਆਦਾ ਹੈ। ਪਤੀਆਂ ਨੂੰ ਕੁੱਟਣ ਵਾਲੀਆਂ ਔਰਤਾਂ ਐਸਸੀ-ਐਸਟੀ ਵਿੱਚ ਇੱਕ ਹਜ਼ਾਰ ਪਿੱਛੇ 37 ਹਨ ਜਦੋਂ ਕਿ ਓਬੀਸੀ ਵਿੱਚ 29 ਅਤੇ ਹੋਰ ਜਾਤੀਆਂ ਵਿੱਚੋਂ19 ਹਨ। ਅਧਿਐਨ ਵਿੱਚ ਪਤਨੀ ਨੂੰ ਗੁੱਸਾ ਆਉਣ ਦਾ ਕਾਰਨ ਕਿਸੇ ਹੋਰ ਪੁਰਸ਼ ਨਾਲ ਗੱਲ ਕਰਨ ਤੇ ਪਤੀ ਦਾ ਚਿੜਨਾ ਜਾਂ ਫਿਰ ਬਿਨਾਂ ਵਜ੍ਹਾ ਨਰਾਜ਼ਗੀ ਜਤਾਉਣਾ ਅਤੇ ਗਾਹੇ ਬਗਾਹੇ ਬਿਨਾਂ ਕਿਸੇ ਕਾਰਨ ਪਤਨੀ ਤੇ ਬੇਵਫਾ ਹੋਣ ਦੇ ਦੋਸ਼ ਲਾਉਣਾ ਸਾਹਮਣੇ ਆਇਆ ਹੈ।
        ਇਸ ਤੋਂ ਇਲਾਵਾ ਅਧਿਐਨ ਰਿਪੋਰਟ ਵਿੱਚ ਪਤਨੀ ਆਪਣੀਆਂ ਸਹੇਲੀਆਂ ਜਾਂ ਜਾਣ-ਪਛਾਣ ਵਾਲਿਆਂ ਨੂੰ ਮਿਲਣ ਲਈ ਕਹਿੰਦੀ ਹੈ ਅਤੇ ਪਤੀ ਇਨਕਾਰ ਕਰ ਦਿੰਦਾ ਹੈ। ਪਤਨੀ ਆਪਣੇ ਪੇਕੇ ਘਰ ਮਿਲਣ ਲਈ ਜਾਣ ਨੂੰ ਕਹੇ ਅਤੇ ਪਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇ, ਪਤਨੀ ਪੂਰਾ ਦਿਨ ਆਪਣਾ ਸਮਾਂ ਕਿੱਥੇ ਅਤੇ ਕਿਵੇਂ ਗੁਜ਼ਾਰ ਰਹੀ ਹੈ ਪਤੀ ਇਸਦਾ ਹਿਸਾਬ ਮੰਗਦਾ ਹੋਵੇ। ਪੈਸਿਆਂ ਦੇ ਮਾਮਲੇ ਵਿੱਚ ਪਤਨੀ ਤੇ ਯਕੀਨ ਨਾ ਕਰਨਾ ਅਤੇ ਫਿਜ਼ੂਲ ਖਰਚੀ ਦੇ ਦੋਸ਼ ਲਾਏ ਤਾਂ ਫਿਰ ਪਤਨੀਆਂ ਆਪਣੇ ਪਤੀ ਨੂੰ ਗਰਮੀ ਦਿਖਾਉਂਦੀਆਂ ਅਤੇ ਕੁੱਟ ਮਾਰ ਕਰਨ ਤੱਕ ਪੁੱਜ ਜਾਂਦੀਆਂ ਹਨ। ਹਾਲਾਂਕਿ ਮੁਲਕ ਦੀ ਵੱਡੀ ਆਬਾਦੀ ਦੇ ਮੁਕਾਬਲੇ ਇਹ ਗਿਣਤੀ ਬੇਸ਼ਕ ਆਟੇ ਵਿੱਚ ਲੂਣ ਦੇ ਬਰਾਬਰ ਇ ਦਿਖਾਈ ਦਿੰਦੀ ਹੈ ਪਰ ਇਹ ਅਧਿਐਨ ਸਮਾਜਿਕ ਤੌਰ ਤੇ ਮਸਲੇ ਦੀ ਗੰਭੀਰਤਾ ਵੱਲ  ਜ਼ਰੂਰ ਇਸ਼ਾਰਾ ਕਰਦਾ ਹੈ।
Advertisement
Advertisement
Advertisement
Advertisement
Advertisement
error: Content is protected !!