ਠੇਕਾ ਮੁਲਾਜ਼ਮਾਂ ਨੇ ਸਰਕਾਰ ਦਾ ਦਿਓ ਕੱਦ ਪੁਤਲਾ ਫੂਕਣ ਮੌਕੇ ਤਿੱਖਾ ਸੰਘਰਸ਼

Advertisement
Spread information
ਅਸ਼ੋਕ ਵਰਮਾ, ਬਠਿੰਡਾ 23 ਅਕਤੂਬਰ 2023
         ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਪਲੇਟਫਾਰਮ ਤੋਂ ਮੰਗਾਂ ਪ੍ਰਵਾਨ ਨਾ ਕਰਨ ਦੇ ਰੋਸ ਵਜੋਂ ਮੁੱਖ ਮੰਤਰੀ ਪੰਜਾਬ ਨੂੰ ਬਦੀ ਦਾ ਪ੍ਰਤੀਕ ਕਰਾਰ ਦਿੰਦਿਆਂ ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਬਠਿੰਡਾ  ਜ਼ਿਲ੍ਹੇ ਵਿੱਚ ਦੋ ਵੱਖ-ਵੱਖ ਥਾਵਾਂ ਤੇ ਦਿਓ ਕੱਦ ਪੁਤਲਾ ਫੂਕਿਆ ਅਤੇ ਜੋਰਦਾਰ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਜਤਾਇਆ। ਇਸ ਮੌਕੇ ਠੇਕਾ ਮੁਲਾਜ਼ਮ ਆਗੂ ਜਗਰੂਪ ਸਿੰਘ ਲਹਿਰਾ, ਜਗਸੀਰ ਸਿੰਘ ਭੰਗੂ , ਗੁਰਵਿੰਦਰ ਸਿੰਘ ਪੰਨੂ ,ਰਾਮ ਬਰਨ, ਇਕਬਾਲ ਸਿੰਘ ਪੂਹਲਾ ਤੇ ਸੀਐਚਬੀ ਤੋ ਪ੍ਰਧਾਨ ਜਸਵਿੰਦਰ ਸਿੰਘ ਅਤੇ ਵੇਰਕਾ ਪਲਾਂਟ ਤੋਂ ਜਰਨਲ ਸਕੱਤਰ ਅਮਨਦੀਪ ਸਿੰਘ ਨੇ  ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਉਹਨਾਂ ਨੂੰ ਰੈਗੂਲਰ ਕਰਨ ਸਮੇਤ ਬਾਕੀ ਮੰਗਾਂ ਪ੍ਰਵਾਨ ਕਰਨ ਦੀ ਦਿਸ਼ਾ ਵਿੱਚ ਕੋਈ ਸਾਰਥਕ ਕਦਮ ਨਾ ਉਠਾਏ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰ ਦੇਣਗੇ ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ।
         ਉਨ੍ਹਾਂ ਦੱਸਿਆ ਕਿ ਜਥੇਬੰਦੀ ਸਮਝਦੀ ਹੈ ਕਿ ਭਾਵੇਂ ਰਾਵਣ ਦੀ ਮੌਤ ਹੋ ਚੁੱਕੀ ਹੈ ਪਰ ਉਸ ਦੇ ਮਰਨ ਤੋਂ ਬਾਅਦ ਵੀ ਬਦੀ ਦਾ ਦੌਰ ਇਉਂ ਦਾ ਤਿਉਂ ਜਾਰੀ ਹੈ ਜਿਸ ਦੀ ਮਿਸਾਲ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਸੜਕਾਂ ਤੇ ਰੋਲਣ ਤੋਂ ਮਿਲਦੀ ਹੈ। ਹਿੰਦੋਸਤਾਨ ਦੀ ਸਰਕਾਰ ਨੇ  ਲੋਕਾਂ ਦੇ ਪੈਸੇ ਨਾਲ ਬਣੇ ਸਾਰੇ ਸੇਵਾ ਵਾਲੇ ਅਦਾਰਿਆਂ ਦਾ ਨਿੱਜੀਕਰਨ  ਕਰਕੇ ਆਮ ਲੋਕਾਂ ਦੀ ਲੁੱਟ ਕਰਨ ਦੇ ਨਾਲ ਨਾਲ ਧਨਾੜ ਘਰਾਣਿਆਂ ਦੇ ਮੁਨਾਫੇ ਲਈ  ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰ ਦਿੱਤਾ ਹੈ ਜੋਂ ਕਿਰਤ ਕਰਨ ਵਾਲੇ ਲੋਕਾਂ ਨੂੰ ਪੱਕਾ ਰੁਜ਼ਗਾਰ ਦੇਣ ਦੀ ਜਗ੍ਹਾ ਆਉਟਸੋਰਸਡ, ਇਨਲਿਸਟਮੈਂਟ ਰਾਹੀਂ ਭਰਤੀ ਕਰ ਰਹੇ ਹਨ।
       ਉਨ੍ਹਾਂ ਦੱਸਿਆ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਸਰਕਾਰੀ ਨਿਯਮਾਂ ਮੁਤਾਬਕ ਤਨਖਾਹ ਦੇਣ ਦੀ ਥਾਂ ਮਨਮਰਜੀ ਦੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਸੰਘਰਸ਼ ਦੇ ਹੱਕ ਨੂੰ ਐਸਮਾ ਵਰਗੇ ਕਾਲੇ ਕਾਨੂੰਨ ਲਾਗੂ ਕਰਕੇ ਜਾਮ ਕੀਤਾ ਜਾ ਰਿਹਾ ਹੈ ਅਤੇ ਕੰਮ ਦੀ ਦਿਹਾੜੀ ਵ ਅੱਠ ਘੰਟੇ ਤੋਂ ਵਧਾਕੇ 12 ਘੰਟੇ ਕਰ ਦਿੱਤੀ ਹੈ ਜਿਸ ਨਾਲ ਵਰਕਰਾਂ ਅਤੇ ਮੁਲਾਜ਼ਮਾਂ ਦੀ ਛਾਂਟੀ ਦਾ ਰਾਹ ਪੱਧਰਾ ਹੋਵੇਗਾ। ਇਸ ਹਮਲੇ ਦੇ ਪ੍ਰਸੰਗ ਵਿੱਚ ਜਦੋਂ ਪੰਜਾਬ ਦੇ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜ਼ਮ ਜਦੋਂ ਮੁੱਖ ਮੰਤਰੀ ਪੰਜਾਬ ਨਾਲ ਆਪਣੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣ ਵਾਸਤੇ ਮੀਟਿੰਗ ਦੇ ਸਮੇਂ ਦੀ ਮੰਗ ਕਰਦੇ ਹਨ ਤਾਂ ਉਨ੍ਹਾਂ ਨਾਲ ਗੱਲਬਾਤ ਤੋਂ ਹੀ ਭੱਜਿਆ ਜਾ ਰਿਹਾ ਹੈ।
        ਉਨ੍ਹਾਂ ਦੱਸਿਆ ਕਿ ਪਿਛਲੇ ਡੇਢ ਸਾਲ ਦੇ ਅੰਦਰ ਮੁੱਖ ਮੰਤਰੀ ਪੰਜਾਬ ਵੱਲੋਂ ਮੋਰਚੇ ਨੂੰ ਅਠਾਰਾਂ ਵਾਰ ਮੀਟਿੰਗ ਦਾ ਸਮਾਂ ਦਿੱਤਾ ਅਤੇ ਹਰ ਵਾਰ ਹੀ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਇਸ ਕਰਕੇ ਅਸੀਂ ਸਮਝਦੇ ਹਾਂ ਕਿ ਜਿਹੜਾ ਅੱਜ ਦਾ ਰਾਜ ਭਾਗ ਹੈ ਜਾਂ ਜਿਹੜਾ ਇਹ ਮੁੱਖ ਮੰਤਰੀ ਪੰਜਾਬ  ਇਹ ਬਦੀ ਦੇ ਰੂਪ ਵਿੱਚ ਰਾਵਣ ਨਾਲੋਂ ਕਿਸੇ ਵੀ ਰੂਪ ਵਿੱਚ ਘੱਟ ਨਹੀਂ ਹੈ। ਉਨ੍ਹਾਂ  ਪੰਜਾਬ ਦੇ ਲੋਕਾਂ ਨੂੰ ਇਹ ਦਿਨ ਮਨਾ ਕੇ ਅਪੀਲ ਕੀਤੀ ਕਿ  ਲੋਕੋ ਰਾਵਣ ਦੀ ਭਾਵੇਂ ਮੌਤ ਹੋ ਚੁੱਕੀ ਹੈ ਪਰ ਬਦੀ ਹਜੇ ਤੱਕ ਜਿਉਂ ਦੀ ਤਿਉਂ ਬਰਕਰਾਰ ਹੈ ਇਸ ਕਰਕੇ ਅੱਜ ਦਾ ਦਿਨ ਖੁਸ਼ੀ ਮਨਾਉਣ ਦਾ ਨਹੀਂ ਸਗੋਂ ਬਦੀ ਦੇ ਵਿਰੋਧ ਜੰਗ ਨੂੰ ਜਾਰੀ ਰੱਖਣ ਲਈ ਅਹਿਦ ਕਰਨ ਦਾ ਦਿਨ ਹੈ।
      ਉਨ੍ਹਾਂ ਦੱਸਿਆ ਕਿ ਇਸ ਕਰਕੇ ਪੰਜਾਬ ਦੇ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਨੇ ਅੱਜ ਬਦੀ ਦਾ ਪ੍ਰਤੀਕ ਮੁੱਖ ਮੰਤਰੀ  ਦਾ ਪੂਤਲਾ ਫੂਕ ਕੇ ਇਹ ਅਹਿਦ ਕੀਤਾ  ਕਿ ਲੋਕ ਮਾਰੂ ਫੈਸਲਿਆਂ ਦੇ ਵਿਰੋਧ ਵੱਡੇ ਸੰਘਰਸ਼ ਉਲੀਕੇ ਜਾਣਗੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਚ ਕਾਰਪੋਰੇਟ ਘਰਾਣਿਆਂ ਦੇ ਹੱਲਿਆਂ ਖਿਲਾਫ ਆਮ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਵਾਜਬ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਇਹ ਜੰਗ ਨਾਂ ਕੇਵਲ ਜਾਰੀ ਬਲਕਿ ਤਿੱਖਾ ਕੀਤਾ ਜਾਵੇਗਾ ।
Advertisement
Advertisement
Advertisement
Advertisement
Advertisement
error: Content is protected !!