ਹਰਿੰਦਰ ਨਿੱਕਾ , ਬਰਨਾਲਾ 24 ਅਕਤੂਬਰ 2023 ਬਾਬਾ ਕਾਲਾ ਮਹਿਰ ਸਟੇਡੀਅਮ ਨੇੜੇ ਪੱਚੀ ਏਕੜ ਖੇਤਰ ‘ਚ ਪਟਿਆਲਾ ਚਿਕਨ ਕੌਰਨਰ ਤੇ ਹੋਈ ਲੜਾਈ ਦੌਰਾਨ ਮਾਰੇ ਗਏ ਹੌਲਦਾਰ ਦਰਸ਼ਨ ਸਿੰਘ ਨੂੰ ਕਿਵੇਂ ਕਤਲ ਕੀਤਾ ਗਿਆ। ਇਹ ਸੱਚ ਪੁਲਿਸ ਵੱਲੋਂ ਡਿਊਟੀ ਅਫਸਰ ਐਸ.ਆਈ. ਮੱਘਰ ਸਿੰਘ ਦੇ ਬਿਆਨ ਪਰ ਦਰਜ਼ ਹੋਈ ਐਫ.ਆਈ.ਆਰ. ਦੀ ਇਬਾਰਤ ਤੋਂ ਜੱਗ ਜਾਹਿਰ ਹੋ ਗਿਆ ਹੈ। ਉੱਧਰ ਐਸ.ਐਸ.ਪੀ. ਸ੍ਰੀ ਸੰਦੀਪ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਹੌਲਦਾਰ ਦੀ ਹੱਤਿਆ ਦੇ ਦੋਸ਼ੀ ਪੁਲਿਸ ਨੇ ਘਟਨਾ ਤੋਂ 24 ਘੰਟਿਆਂ ਦੇ ਅੰਦਰ ਅੰਦਰ ਹੀ ਗਿਰਫਤਾਰ ਕਰ ਲਏ ਹਨ।
ਕੀ ਕਹਿੰਦੀ ਐ ਐਫ.ਆਈ.ਆਰ.!
ਮੁਦਈ ਮੁਕੱਦਮਾ ਐਸ.ਆਈ. ਮੱਘਰ ਸਿੰਘ ਨੇ ਆਪਣੇ ਬਿਆਨ ਵਿੱਚ ਲਿਖਾਇਆ ਹੈ ਕਿ ਉਹ 22 ਅਕਤੂਬਰ ਦੀ ਰਾਤ ਡਰਾਈਵਰ ਹੌਲਦਾਰ ਦਰਸਨ ਸਿੰਘ ਦੇ ਸਮੇਤ 25 ਏਕੜ ਬਰਨਾਲਾ ਮੌਜੂਦ ਸੀ। ਉਦੋਂ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਟਿਆਲਾ ਚਿਕਨ ਕਾਰਨਰ ਦੇ ਸਾਹਮਣੇ ਕੁੱਝ ਵਿਅਕਤੀ ਲੜਾਈ ਝਗੜਾ ਕਰ ਰਹੇ ਹਨ। ਜਦੋਂ ਪੁਲਿਸ ਪਾਰਟੀ ਨੇ ਝਗੜਾ ਕਰਨ ਵਾਲਿਆਂ ਨੂੰ ਉੱਥੇ ਪਹੁੰਚ ਕੇ ਅਜਿਹਾ ਕਰਨ ਤੋਂ ਰੋਕਣਾ ਚਾਹਿਆ ਤਾਂ ਇਹਨਾਂ ਵਿਅਕਤੀਆਂ ਨੇ ਤਹਿਸ ਵਿੱਚ ਆ ਕੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਅਤੇ ਮੌਕਾ ਪਰ ਹੌਲਦਾਰ ਦਰਸਨ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਝਗੜਾ ਕਰਨ ਵਾਲਿਆਂ ‘ਚੋਂ ਇੱਕ ਵਿਅਕਤੀ ਨੇ ਕਿਹਾ ਕਿ ਪੰਮੇ ਤੂੰ ਇਸ ਦੀ ਧੌਣ ਮਰੋੜ ਤਾਂ ਜੋ ਪਤਾ ‘ ਲੱਗੇ ਕਿ ਕਬੱਡੀ ਖਿਡਾਰੀਆਂ ਨਾਲ ਕਿਵੇਂ ਪੰਗਾ ਲਈਂਦਾ ਹੁੰਦੈ,ਇਹ ਸੁਣਦਿਆਂ ਪੰਮੇ ਨੇ ਆਪਣੀ ਸੱਜੀ ਬਾਹ ਨਾਲ ਕਲਿੰਗੜੀ ਪਾ ‘ਕੇ ਹੌਲਦਾਰ ਦਰਸ਼ਨ ਸਿੰਘ ਦੀ ਧੌਣ ਮਰੋੜ ਦਿੱਤੀ । ਪੁਲਿਸ ਪਾਰਟੀ ਵੱਲੋ ਹੌਲ: ਦਰਸ਼ਨ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਜਾਇਆ ਗਿਆ । ਜਿੱਥੇ ਡਾਕਟਰ ਸਾਹਿਬ ਵੱਲੋ ਹੌਲ: ਦਰਸ਼ਨ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ । ਇਹ ਸਾਰੇ ਦੋਸ਼ੀ ਵਿਅਕਤੀ ਮੌਕਾ ਤੋਂ ਕਾਰ ਨੰਬਰੀ ਪੀ.ਬੀ.19 ਐਨ. 3219 ਸਵਿਫਟ ਅਤੇ ਆਲਟੋ ਗੱਡੀਆਂ ਵਿੱਚ ਸਵਾਰ ਹੋ ਕੇ ਮੌਕਾ ਤੋਂ ਭੱਜ ਗਏ। ਪੁਲਿਸ ਨੇ ਐਸ.ਆਈ. ਮੱਘਰ ਸਿੰਘ ਦੇ ਬਿਆਨ ਪਰ ਥਾਣਾ ਸਿਟੀ 1 ਬਰਨਾਲਾ ਵਿਖੇ ਅਧੀਨ ਜ਼ੁਰਮ 302 , 353 , 427, 186 ,323 ,148, 149 IPC ਤਹਿਤ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਠੀਕਰੀਵਾਲ,ਜਗਰਾਜ ਸਿੰਘ ਉਰਫ ਰਾਜਾ ਵਾਸੀ ਰਾਏਸਰ , ਗੁਰਮੀਤ ਸਿੰਘ ਉਰਫ ਮੀਤਾ ਨੰਬਰਦਾਰ ਵਾਸੀ ਚੀਮਾ, ਵਜੀਰ ਸਿੰਘ ਵਾਸੀ ਅਮਲਾ ਸਿੰਘ ਵਾਲਾ ਅਤੇ 4-5 ਹੋਰ ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਪ੍ਰੈਸ ਕਾਨਫਰੰਸ ‘ਚ SSP ਨੇ ਦੱਸਿਆ ਕਿ ,,
ਸ੍ਰੀ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੌਲਦਾਰ ਦਰਸ਼ਨ ਸਿੰਘ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਫੜ੍ਹਨ ਲਈ ਸ੍ਰੀ ਰਮਨੀਸ਼ ਕੁਮਾਰ, PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਸਤਵੀਰ ਸਿੰਘ PPS ਉੱਪ ਕਪਤਾਨ ਪੁਲਿਸ ਬਰਨਾਲਾ ਅਤੇ ਸ਼੍ਰੀ ਗਮਦੂਰ ਸਿੰਘ, PPS ਉਪ ਕਪਤਾਨ ਪੁਲਿਸ (ਡੀ) ਬਰਨਾਲਾ ਅਧੀਨ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਜਿੰਨ੍ਹਾਂ ਦੀ ਅਗਵਾਈ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ ਬਰਨਾਲਾ, ਇੰਸ. ਬਲਜੀਤ ਸਿੰਘ, ਮੁੱਖ ਅਫ਼ਸਰ ਥਾਣਾ ਸਿਟੀ 1 ਬਰਨਾਲਾ ਅਤੇ ਥਾਣੇਦਾਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਧਨੌਲਾ ਕਰ ਰਹੇ ਸਨ । ਮੁਕੱਦਮਾ ਉਕਤ ਵਿੱਚ ਦੋਸ਼ੀਆਨ ਗੁਰਮੀਤ ਸਿੰਘ ਉਰਫ ਮੀਤਾ, ਵਜ਼ੀਰ ਸਿੰਘ ਅਤੇ ਜਗਰਾਜ ਸਿੰਘ ਉਰਫ ਰਾਜਾ ਉਕਤ ਗ੍ਰਿਫਤਾਰ ਕੀਤਾ ਗਿਆ। ਇਸ ਕੇਸ ਵਿੱਚ ਮੁੱਖ ਦੋਸ਼ੀ ਪੰਮਾ ਦੀ ਗਿਰਫਤਾਰੀ ਬਾਕੀ ਹੈ,ਜਦੋਂਕਿ ਉਸ ਨੂੰ ਧਨੌਲਾ ਥਾਣੇ ਦੀ ਪੁਲਿਸ ਪਾਰਟੀ ਉੱਪਰ ਫਾਇਰੰਗ ਕਰਨ ਦੇ ਮੁਕੱਦਮੇ ਵਿੱਚ ਗਿਰਫਤਾਰ ਕਰ ਲਿਆ ਗਿਆ ਹੈ।
ਮੁਕਾਬਲੇ ਤੋਂ ਬਾਅਦ ਫੜਿਆ ਪੰਮਾ,,,
ਸ੍ਰੀ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਮੁੱਖ ਅਫ਼ਸਰ ਥਾਣਾ ਧਨੌਲਾ ਦੌਰਾਨੇ ਚੈਕਿੰਗ ਸ਼ੱਕੀ ਵਹੀਕਲਾ ਬਾ ਸ਼ੱਕੀ ਪੁਰਸ਼ਾ ਸਬੰਧੀ ਧਨੌਲਾ ਬਾਈਪਾਸ ਮੌਜੂਦ ਸੀ ਤਾਂ ਬਰਨਾਲਾ ਸਾਇਡ ਤੋਂ ਇੱਕ ਆਲਟੋ ਗੱਡੀ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ਕਾਰ ਦੇ ਡਰਾਇਵਰ ਨੇ ਕਾਰ ਨੂੰ ਇੱਕਦਮ ਖਤਾਨਾ ਵਾਲੀ ਸਾਇਡ ਮੋੜ ਕੇ ਪੁਲਿਸ ਪਾਰਟੀ ਵੱਲ ਫਾਇਰ ਕੀਤਾ। ਜਿਸ ਤੇ ਥਾਣੇਦਾਰ ਲਖਵਿੰਦਰ ਸਿੰਘ ਨੇ ਜਵਾਬੀ ਫਾਇਰ ਕੀਤਾ । ਜਿਸ ਨਾਲ ਉਕਤ ਸ਼ੱਕੀ ਵਿਅਕਤੀ ਜ਼ਖਮੀ ਹੋ ਗਿਆ। ਜਿਸ ਨੂੰ ਕਾਬੂ ਕਰਨ ਉਪਰੰਤ ਉਸ ਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਠੀਕਰੀਵਾਲ ਦੇ ਤੌਰ ਪਰ ਹੋਈ। ਇਹ ਉਹੀ ਪੰਮਾ ਹੈ ਜਿਸਨੇ ਹੌਲਦਾਰ ਦਰਸ਼ਨ ਸਿੰਘ ਦੀ ਧੌਣ ਮਰੋੜ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪੰਮਾ ਪਾਸੋਂ ਪਿਸਤੌਲ 315 ਬੋਰ ਅਤੇ ਦੋ ਕਾਰਤੂਸ ਵੀ ਬ੍ਰਾਮਦ ਹੋਏ ਹਨ। ਮੌਕਾ ਪਰ ਪਰਮਜੀਤ ਸਿੰਘ ਉਰਫ ਪੰਮਾ ਨੇ ਆਪਣੇ ਸੱਜੇ ਪੈਰ ਪਰ ਫਾਇਰ ਲੱਗਣ ਬਾਰੇ ਦੱਸਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ। ਦੋਸ਼ੀ ਪੰਮਾ ਖਿਲਾਫ ਕਤਲ ਤੋਂ ਇਲਾਵਾ ਇੱਕ ਵੱਖਰਾ ਮੁੱਕਦਮਾ ਅ/ਧ 307, 353, 186 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਥਾਣਾ ਧਨੌਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ ।