ਅਸ਼ੋਕ ਵਰਮਾ, ਬਠਿੰਡਾ 21 ਅਕਤੂਬਰ 2023
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਬਠਿੰਡਾ ਦੀ 100 ਫੁੱਟੀ ਸੜਕ’ਤੇ ਪਰਲ ਕੰਪਨੀ ਦੀ ਜ਼ਮੀਨ ‘ਤੇ ਬਣੀ ਇਮਾਰਤ ਤੇ ਨਗਰ ਨਿਗਮ ਬਠਿੰਡਾ ਨੇ ਬੁਲਡੋਜਰ ਚਲਾ ਦਿੱਤਾ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਲਿਖੇ ਪੱਤਰ ਦੇ ਆਧਾਰ ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਫਤਿਹਪਾਲ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਬੈਕ ਸਾਈਡ ਰਜਿੰਦਰਾ ਕਾਲਜ ਬਠਿੰਡਾ, ਬਲਰਾਜ ਸਿੰਘ ਪੁੱਤਰ ਨਿੰਰਜਣ ਸਿੰਘ ਵਾਸੀ ਸੁੱਚਾ ਸਿੰਘ ਨਗਰ ਬਠਿੰਡਾ, ਨਰਿੰਦਰਪਾਲ ਸਿੰਘ, ਮਨਜੀਤ ਸਿੰਘ ਪੁੱਤਰਾਨ ਪ੍ਰਦਮਨ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ ਖਿਲਾਫ ਧਾਰਾ 420 ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਤਹਿਤ ਪੁਲਿਸ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਵੱਲੋਂ ਦਰਜ ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ 100 ਫੁੱਟ ਰੋਡ ਤੇ ਵਸੀਕਿਆਂ ਵਿੱਚ ਕਬਜਾ ਤਬਦੀਲ ਕੀਤੇ ਜਾਣ ਸਬੰਧੀ ਤੱਥਾਂ ਨੂੰ ਦਰਸਾ ਕੇ ਸਬ ਰਜਿਸਟਰਾਰ ਤੋਂ ਗਲਤ ਤੱਥਾਂ ਰਾਹੀਂ ਵਸੀਕਾ ਤਸਦੀਕ ਕਰਵਾਇਆ ਹੈ। ਇਸ ਤੋਂ ਤੋ ਇਲਾਵਾ ਉਨ੍ਹਾਂ ਨੇ ਇੰਨ੍ਹਾਂ ਵਸੀਕਿਆ ਦੇ ਆਧਾਰ ਤੇ ਆਪਸੀ ਸਾਜਬਾਜ ਦੇ ਆਧਾਰ ਤੇ ਅਸਲ ਤੱਥ ਲੁਕੋ ਕੇ ਪੀ.ਏ.ਸੀ.ਐਲ. ਦੀ ਜਗ੍ਹਾ ਤੇ ਨਜਾਇਜ ਕਬਜਾ ਕਰਦਿਆਂ ਬਿਲਡਿੰਗ ਦੀ ਉਸਾਰੀ ਕੀਤੀ ਹੈ। ਥਾਣਾ ਸਿਵਲ ਲਾਈਨ ਪੁਲਿਸ ਨੇ ਫਤਿਹਪਾਲ ਸਿੰਘ, ਬਲਰਾਜ ਸਿੰਘ, ਨਰਿੰਦਰ ਪਾਲ ਸਿੰਘ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਮਨਜੀਤ ਸਿੰਘ ਫਰਾਰ ਹੋ ਗਿਆ ਹੈ।
ਓਧਰ ਸ਼ਨੀਵਾਰ ਸਵੇਰੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਪੁਲਸ ਫੋਰਸ ਦੇ ਨਾਲ 100 ਪੱਟੀ ਰੋਡ ‘ਤੇ ਪਹੁੰਚੇ ਅਤੇ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਮੌਕੇ ਪੁਲਿਸ ਦੀ ਭਾਰੀ ਗਿਣਤੀ ਤਾਇਨਾਤ ਕੀਤੀ ਹੋਈ ਸੀ ਪਰ ਕਿਸੇ ਨੇ ਇਸ ਪ੍ਰਤੀ ਵਿਰੋਧ ਨਹੀਂ ਜਤਾਇਆ।ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸੁਰਿੰਦਰ ਕੁਮਾਰ ਬਿੰਦਾ ਨੇ ਦੱਸਿਆ ਕਿ ਬਠਿੰਡਾ ਵਿਖੇ ਪਰਲ ਗਰੁੱਪ ਦੀ ਜਗ੍ਹਾ ’ਤੇ ਦੋ ਮੰਜ਼ਿਲਾਂ ਵਾਲੀਆਂ ਤਿੰਨ ਦੁਕਾਨਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੂੰ ਅੱਜ ਢਾਹ ਦਿੱਤਾ ਗਿਆ ਹੈ।
ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਸੁਰਿੰਦਰ ਬਿੰਦਰਾ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਵਾਰ-ਵਾਰ ਨੋਟਿਸ ਭੇਜੇ ਗਏ ਪਰ ਨੋਟਿਸ ਦਾ ਕੋਈ ਜਵਾਬ ਨਹੀਂ ਮਿਲਿਆ ਜਿਸ ਕਰਕੇ ਅੱਜ ਇਹ ਕਾਰਵਾਈ ਕਰਨੀ ਪਈ ਹੈ । ਇਸ ਥਾਂ ’ਤੇ ਗਲਤ ਦਸਤਾਵੇਜ਼ਾਂ ਦੇ ਆਧਾਰ ’ਤੇ ਦਰਜ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਬਿਲਡਿੰਗ ਬਣਾਈ ਗਈ ਸੀ ਤਾਂ ਇਸ ਇਲਾਕੇ ਵਿੱਚ ਤਾਇਨਾਤ ਬਿਲਡਿੰਗ ਇੰਸਪੈਕਟਰ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਮੁਕੰਮਲ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਜਦੋਂ ਇਹ ਇਮਾਰਤਾਂ ਬਣ ਰਹੀਆਂ ਸਨ ਤਾਂ ਬਠਿੰਡਾ ਵਿੱਚ ਕਿਹੜੇ ਅਫ਼ਸਰ ਤਾਇਨਾਤ ਸਨ।