ਅਸ਼ੋਕ ਵਰਮਾ , ਬਠਿੰਡਾ 13 ਅਕਤੂਬਰ 2023
ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਨੇ ਫਿਰੌਤੀਆਂ ਦੀ ਮੰਗ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਅਸਲੇ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਵੱਲੋਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰਦਿੱਤ ਸਿੰਘ ਉਰਫ ਗੁੱਜਰ ਪੁੱਤਰ ਮਨਜੀਤ ਸਿੰਘ ਵਾਸੀ ਜਾਨੀਆ ਵਾਲਾ ਮੁਹੱਲਾ ਨੇੜੇ ਨੰਦੇਆਣਾ ਗੇਟ ਫਰੀਦਕੋਟ, ਸੁਨੀਲ ਕੁਮਾਰ ਪੁੱਤਰ ਨਿੰਦਰ ਸਿੰਘ ਵਾਸੀ ਬਾਜੀਗਰ ਬਸਤੀ ਟਾਵਰ ਵਾਲੀ ਗਲੀ ਫਰੀਦਕੋਟ ਅਤੇ ਰੋਹਿਤ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਘੰਟਾ ਘਰ ਗਲੀ ਨੰਬਰ 06 ਫਰੀਦਕੋਟ ਦੇ ਤੌਰ ਤੇ ਕੀਤੀ ਗਈ ਹੈ । ਮਹੱਤਵਪੂਰਨ ਤੱਥ ਇਹ ਵੀ ਹੈ ਕਿ ਜੁਰਮ ਦੀ ਦਲਦਲ ਵਿੱਚ ਧਸੇ ਇਨ੍ਹਾਂ ਮੁੰਡਿਆਂ ਦੀ ਉਮਰ 21 ਤੋਂ 23 ਸਾਲ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪੁਲਿਸ ਨੂੰ ਮਿਲੀ ਸਫਲਤਾ ਦਾ ਅੱਜ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਲੰਘੀ ਪੰਜ ਅਕਤੂਬਰ ਨੂੰ ਧਾਰਾ 384,385,511,506 ਅਸ 25/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫਿਰੌਤੀ ਦੀ ਰਕਮ ਨਾ ਦੇਣ ਦੀ ਸੂਰਤ ਵਿੱਚ ਜਾਨ-ਮਾਲ ਦਾ ਨੁਕਸਾਨ ਕਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਐਸਪੀ ਡੀ ਅਜੇ ਗਾਂਧੀ ਅਤੇ ਡੀਐਸਪੀ ਡੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੇ ਇੰਚਾਰਜ਼ ਇੰਸਪੈਕਟਰ ਤਰਲੋਚਨ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਸੀ ਆਈ ਏ-1 ਦੀ ਟੀਮ ਪਾਸ ਖੁਫੀਆ ਤੌਰ ਤੇ ਇਤਲਾਹ ਮਿਲੀ ਸੀ ਕਿ ਅੱਜ ਕੁਝ ਮਾੜੇ ਅਨਸਰ ਜਿੰਨ੍ਹਾਂ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਹ ਸਕਾਰਪੀਓ ਗੱਡੀ ਤੇ ਸਵਾਰ ਹੋ ਕੇ ਬਠਿੰਡਾ ਸ਼ਹਿਰ ਵਿੱਚ ਘੁੰਮ ਰਹੇ ਹਨ। ਸੂਚਨਾ ਮੁਤਾਬਿਕ ਇਹ ਲੋਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ । ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਦੀ ਤਫਤੀਸ਼ ਦੌਰਾਨ 12 ਅਕਤੂਬਰ ਨੂੰ ਛਾਉਣੀ ਇਲਾਕੇ ਵਿੱਚ ਰਿੰਗ ਰੋਡ ਨਜ਼ਦੀਕ ਦੇ ਗੁਰਦਿੱਤ ਸਿੰਘ, ਸੁਨੀਲ ਕੁਮਾਰ ਅਤੇ ਰੋਹਿਤ ਕੁਮਾਰ ਨੂੰ 32 ਬੋਰ ਦੇ ਪਿਸਤੌਲ, ਚਾਰ ਕਾਰਤੂਸ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਹੁਣ ਮੁਲਾਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ ਪੁੱਛ ਗਿੱਛ ਕਰਨ ਦੀ ਤਿਆਰੀ ਵਿੱਚ ਹੈ ਜਿਸ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਐਸ ਐਸ ਪੀ ਨੇ ਦਾਅਵਾ ਕੀਤਾ ਕਿ ਮੁਲਜਮਾਂ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਗੈਂਗਸਟਰ ਵਿੱਕੀ ਵਾਸੀ ਕੋਟਕਪੂਰਾ ਹਾਲ ਅਬਾਦ ਮਲੇਸ਼ੀਆ ਦੇ ਕਹਿਣ ਤੇ ਫਿਰੌਤੀ ਦੀ ਰਕਮ ਵਸੂਲਦੇ ਹਨ ਅਤੇ ਪੈਸੇ ਨਾਂ ਮਿਲਣ ਦੀ ਸੂਰਤ ‘ਚ ਡਰਾਉਣ ਲਈ ਜਾਨ ਮਾਲ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਮੁਲਜ਼ਮ ਗੁਰਦਿੱਤ ਸਿੰਘ ਅਤੇ ਇਸਦੇ ਸਾਥੀਆਂ ਨੇ ਵਿੱਕੀ ਦੇ ਕਹਿਣ ਤੇ ਕੋਟਕਪੂਰਾ ਅਤੇ ਫਰੀਦਕੋਟ ਵਿਖੇ ਸ਼ਰਾਬ ਠੇਕੇ ਤੇ ਬੋਤਲ ਬੰਬ ਸੁੱਟੇ ਸਨ। ਮੁਲਜਮਾਂ ਖਿਲਾਫ ਪਹਿਲਾਂ ਵੀ ਲੜਾਈ ਝਗੜੇ ਦੇ ਮਾਮਲੇ ਦਰਜ ਹਨ।ਬਠਿੰਡਾ ਪੁਲਿਸ ਇਹਨਾਂ ਤਿੰਨਾਂ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਨੂੰ ਫਰੌਤੀ ਮੰਗਣ ਦੇ ਮਾਮਲੇ ਵਿੱਚ ਆਪਣੀ ਅਹਿਮ ਪ੍ਰਾਪਤੀ ਮੰਨ ਕੇ ਚੱਲ ਰਹੀ ਹੈ।